

ਜਾ ਚੂਚਕ ਦਾ ਲਗਿਆ ਪਾਲੀ, ਨਾਲ ਭਾਬੀਆਂ ਲੜ ਕੇ ।
ਹੀਰ ਤਾਂ ਕੁਟ ਕੇ ਦੇਵੇ ਚੂਰੀ, ਖੰਡ ਤੇ ਘਿਓ ਵਿਚ ਰਲ ਕੇ ।
ਰਾਂਝਾ ਚਾਕ ਵੀ ਖਾਵੇ ਚੁਰੀਆਂ, ਹਥੋਂ ਹੀਰ ਦਿਉਂ ਫੜ ਕੇ ।
ਰੋਟੀ ਲੈ ਕੇ ਹੋਵੇ ਲੇਟ ਜੇ, ਤਕਦਾ ਹੀਰ ਨੂੰ ਖੜ ਕੇ ।
ਮਿਲਦੀ ਰਾਂਝੇ ਨੂੰ ਲੰਮੀਆਂ ਬਾਹਾਂ ਕਰ ਕੇ ।
ਉਠਣ ਬੈਠਣ ਇਹ ਨਾ ਜਾਣੇ, ਜਾਪੇ ਜਿੰਨ ਭੜੋਲਾ ।
ਘਰ ਆਵੇ ਤਾਂ ਭੰਨੇ ਭਾਂਡੇ, ਮੂੰਹ ਦਾ ਹੈ ਬੜਬੋਲਾ ।
ਦੁਖ ਦੀ ਮਾਰੀ ਉਡ ਜਾਂ ਪੇਕੀਂ, ਬਣ ਕੇ ਵਾਅ ਵਰੋਲਾ ।
ਹਾਏ ਮਰ ਜਾਵੇ ਨੀ, ਬੇਈਮਾਨ ਵਿਚੋਲਾ।
ਮੇਰੇ ਮਾਪਿਆਂ ਵਿਆਹ ਕਰ ਛਡਿਆ, ਮੈਥੋਂ ਰਖ ਕੇ ਚੋਰੀ ।
ਘੁੰਡ ਕੱਢ ਕੇ ਮੈਂ ਲਾਵਾਂ ਲਈਆਂ, ਏਦਾਂ ਡੋਲੀ ਤੋਰੀ ।
ਤੂੰ ਤਾਂ ਲਗਦੈਂ ਬੇਰ ਕਾਕੜਾ, ਮੈਂ ਗੰਨੇ ਦੀ ਪੇਰੀ ।
ਵੇ ਤੇਰੀ ਮੇਰੀ ਨਹੀਂ ਨਿਭਣੀ, ਤੂੰ ਕਾਲਾ ਮੈਂ ਗੋਰੀ ।