

ਬਲੇ ਬਲੇ ਦੇ ਪਿੰਡ ਵਿਚ ਹੋਵੇ ਚਰਚਾ, ਤੇਰੀ ਗਲੀ ਜੇ ਗਭਰੂਆ ਆਵਾਂ ।
ਵੇ ਮਿੱਤਰਾ ਸਮਝ ਕਰੀਂ, ਤੈਨੂੰ ਰਮਜਾਂ ਨਾਲ ਸਮਤਾਵਾਂ ।
ਵੇ ਸਾਧੂ ਰਾਮ ਮਾਸਟਰ ਦੇ, ਰਾਤੀਂ ਪੜ੍ਹਨ ਟਿਊਸ਼ਨਾਂ ਆਵਾਂ।
ਜੇ ਮੋੜ ਵਿਚ ਕੱਲਾ ਟਕਰੇਂ, ਵੇ ਮੈਂ ਰੱਬ ਦਾ ਸ਼ੁਕਰ ਮਨਾਵਾਂ ।
ਕਾਲਿਆ ਹਰਨਾਂ ਬਾਗੀਂ ਚਰਨਾ, ਤੋਂ ਬਹੁਤ ਪੈਲੀਆਂ ਖਾਦੀਆਂ।
ਤੇਰੇ ਦੁਖ ਦੇ ਮਾਰੇ ਮਾਲਕਾਂ, ਬਾੜਾਂ ਖੇਤ ਨੂੰ ਲਾਈਆਂ।
ਤੂੰ ਹੁਣ ਭੱਜ ਜਾ ਛੱਡਕੇ ਖੇਤ ਨੂੰ, ਸੱਚੀਆਂ ਅਸਾਂ ਸੁਣਾਈਆਂ।
ਰੋ ਰੋ ਰਾਤੀਂ ਯਾਦ ਆਉਂਦੀਆਂ ਹਸ ਹਸ ਅੱਖੀਆਂ ਲਾਈਆਂ।
ਵੇ ਰਾਖੋ ਬਦਲ ਗਏ ਕਰਦੇ ਬਹੁਤ ਤਕੜਾਈਆਂ ।
ਕੋਠੇ ਉਤੇ ਕੱਠੜਾ, ਤੇ ਕੋਠੇ ਉਤੇ ਪਾਉੜੀ ਨੀਂ।
ਬੋਲੀ ਮੈਂ ਸੁਣਾਵਾਂ ਨਵੀਂ, ਹੁਣੇ ਹੁਣੇ ਔੜੀ ਨੀਂ ।
ਤੇਰੀ ਮੇਰੀ ਬਣ ਜਾਵੇ, ਬਿਲੋ ਰਲ ਮਿਲ ਜੋੜੀ ਨੀਂ ।
ਤੇਰੇ ਪਿੰਡ ਢੁਕਣਾ ਮੈਂ, ਲੈਕੇ ਬੱਗੀ ਘੋੜੀ ਨੀਂ ।