Back ArrowLogo
Info
Profile

ਮਾਪੇ ਜਿਹਨਾਂ ਦੇ ਹੋਣ ਸਿਰਾਂ ਤੇ, ਤਿਸਦੇ ਕਰਮ ਨਿਰਾਲੇ ।

ਜੇਹੜੀ ਨਾਰ ਤੇ ਸਿਰ ਦਾ ਸਾਈਂ, ਦਿਨ ਉਹਦੇ ਮਤਵਾਲੇ ।

ਭਾਈਆਂ ਨਾਲ ਤਾਂ ਸੋਹਣ ਮਜਲਸਾਂ, ਸਰਬਤ ਨਾਲ ਪਿਆਲੇ ।

ਅਲੜ ਕੁੜੀ ਤੇ ਮੁੱਛ ਫੁੱਟ ਓਬਰ, ਔਖੇ ਜਾਣ ਸੰਭਾਲੇ ।

ਨੱਚਦੀ ਮੋਲਣ ਦੇ, ਉਡਦੇ ਲਾਲ ਦੁਰਾਲੇ ।

ਜਦੋਂ ਕੰਮ ਤੇ ਭੀੜਾਂ ਪੈਂਦੀਆਂ ਰੁਖ ਵੀ ਬਦਲਦੀਆਂ ਵਾਹਵਾਂ ।

ਭੈਣਾਂ ਨਾਲੋਂ ਭਾਈ ਵਿਛੜੇ, ਪੁਤਰ ਵਿਛੜੀਆਂ ਮਾਵਾਂ ।

ਰੋ ਰੋ ਬਹਿਕੇ ਪਾਉਣ ਕੀਰਨੇ, ਟੁਟੀਆਂ ਜਿਹਨਾਂ ਦੀਆਂ ਲਾਵਾਂ ।

ਬਾਲ ਇਆਣੇ ਭੁੱਖ ਚੀਕਦੇ, ਉੱਠੀਆਂ ਜਿਹਨਾਂ ਦੀਆਂ ਛਾਵਾਂ।

ਆਖਾਂ ਨਾਨਕ ਨੂੰ, ਦੇਖੇ ਹਾਲ ਸੁਣਾਵਾਂ।

-----

ਹੱਸਦੀ ਖੰਡਦੀ ਆ ਗਈ ਗਿੱਧੇ ਵਿਚ, ਗਿੱਧਾ ਪਵੇ ਬਥੇਰਾ ।

ਚਿੱਟੀ ਚੁੰਨੀ ਦੀ ਬੁਕਲ ਮਾਰਕੇ, ਮੂੰਹ ਲੁਕ ਜਾਂਦਾ ਤੇਰਾ ।

ਨੀਂ ਘੁੰਡ ਵਿਚ ਤੂੰ ਹੱਸਕੇ, ਦਿਲ ਲੈ ਗਈ ਗੋਰੀਏ ਮੇਰਾ ।

ਗੱਡੀ ਜੋੜ ਕੇ ਲੈਣ ਆ ਗਿਆ, ਨਾਲ ਉਸਦੇ ਹਾਣੀ ।

ਗਟ ਗਟ ਕਰਕੇ ਪੀਣ ਬੋਤਲਾਂ, ਘੁੱਟ ਨਾ ਭਰਦੇ ਪਾਣੀ ।

ਮੱਥਾ ਟੇਕਦਾ ਸੱਸ ਆਪਣੀ ਨੂੰ, ਮਿੱਠੀ ਬੋਲਦਾ ਬਾਣੀ ।

ਛੋਟੀ ਸਾਲੀ ਤਾਂ ਕਰੋ ਮਸ਼ਕਰੀ, ਲੈ ਕੁੜੀਆਂ ਦੀ ਢਾਣੀ ।

ਰਾਂਝਾ ਆਖ ਰਿਹਾ, ਤੁਰ ਚਲ ਹੀਰ ਸਿਆਣੀ ।

ਤੇ ਘਰ ਪੇਕਿਆਂ ਦੇ, ਮੰਜ ਬਥੇਰੀ ਮਾਣੀ।

 

ਕੰਤ ਨਾਰ ਦਾ ਪੈ ਗਿਆ ਝਗੜਾ, ਜਿਸ ਦਿਨ ਲਿਆਂਦੀ ਵਿਆਹ ਕੇ ।

ਵੱਡੀ ਜੇਠਾਣੀ ਕਰਲੀ ਚੁਗਲੀ, ਕਹਿ ਗਈ ਕੰਨ ਵਿਚ ਆਕੇ ।

ਸੌਂਕਣ ਨੂੰ ਮੈਂ ਘਰੀਂ ਕਢਾਵਾਂ, ਨਹੀਂ ਮਰਦੀ ਵਿਹੁ ਖਾਕੇ ।

ਸੌਂਕਣ ਜੋ ਰਖਣੀ ਮੈਂ ਕਿਉਂ ਲਿਆਂਦੀ ਵਿਆਹ ਕੇ ।

-----

ਮੇਰਾ ਵੱਡਾ ਵੀਰ ਲਿਆਇਆ, ਸ਼ਹਿਰ ਤੋਂ ਭਾਬੀ ਨੀਂ ।

ਉਚੀ ਅੱਡੀ ਵਾਲੀ ਜੇਹੜੀ, ਪਹਿਨਦੀ ਰਕਾਬੀ ਨੀਂ ।

ਉਚੀ ਲੰਮੀ ਸੋਹਣੀ, ਨਾਲੇ ਰੰਗ ਦੀ ਗੁਲਾਬੀ ਨੀਂ ।

ਬੋਲਦੀ ਐ ਬੋਲੀ ਮਿੱਠੀ, ਮਾਝੇ ਦੀ ਪੰਜਾਬੀ ਨੀਂ ।

62 / 86
Previous
Next