

ਪਿੰਡ ਸੁਣੀਂਦਾ ਸਾਰੋਂ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਸਾਰੋਂ ।
ਸਾਰੋਂ ਦੇ ਵਿਚ ਕੁੜੀ ਸੁਣੀਂਦੀ, ਨਾਂ ਘਰ ਦੇ ਆਖਦੇ ਪਾਰੋ ।
ਪਾਰੋ ਦਾ ਤਾਂ ਵਿਆਹ ਧਰ ਛਡਿਆ, ਵਾਜੇ ਵਜਣ ਬਜ਼ਾਰੋਂ ।
ਰੋਂਦੀ ਰੋਂਦੀ ਚੜ੍ਹ ਗਈ ਡੋਲੀ, ਆਖੇ ਘਰ ਰਬਲੇ ਸਰਕਾਰੋ ।
ਰੋ ਰੋ ਕੂਕ ਰਹੀ। ਕੂੰਜ ਵਿਛੜਗੀ ਡਾਰੋਂ ।
-----
ਪਿੰਡ ਛਾਜਲੀ ਲਗਦਾ ਮੇਲਾ
ਪਿੰਡ ਛਾਜਲੀ ਲਗਦਾ ਮੇਲਾ, ਲਗਦਾ ਗਗੋਂ ਮਾੜੀ ।
ਮੁੱਛ ਫੁਟ ਓਬਰ ਅਲੜ ਕੁੜੀਆਂ, ਆ ਕੇ ਪੂਰਦੀਆਂ ਯਾਰੀ।
ਭੀੜ ਭੜੱਕਾ ਤਿੰਨ ਦਿਨ ਰਹਿੰਦਾ, ਜਾਣੇ ਦੁਨੀਆਂ ਸਾਰੀ!
ਨੱਚਦੀ ਮੇਲਣ ਦੀ, ਲਹਿ ਗਈ ਲਾਲ ਫੁਲਕਾਰੀ।
ਪਿੰਡ ਸੁਣੀਂਦਾ ਭਠਲਾਂ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਭਠਲਾਂ ।
ਭਠਲਾਂ ਦੇ ਵਿਚ ਕੁੜੀਆਂ ਦੇਖੀਆਂ, ਵਾਂਗ ਸਰ੍ਹੋਂ ਦੀਆਂ ਗੰਦਲਾਂ ।
ਯਾਰ ਉਹਨਾਂ ਦੇ ਦੂਰ ਸੁਣੀਂਦੇ, ਆਉਣ ਮਾਰ ਕੇ ਮੰਜ਼ਲਾਂ ।
ਯਾਰਾਂ ਬਾਝ ਕਦੇ ਨਾ ਰਹਿਸਣ, ਬੰਨ ਬੰਨ ਹਾਰ ਸੰਗਲਾਂ ।
ਨੀ ਨੱਚ ਕੇ ਦਿਖਾ ਕੁੜੀਏ, ਮੈਂ ਰੱਬ ਤੋਂ ਦੁਆ ਮੰਗਲਾਂ ।