

ਪਿੰਡ ਸੁਣੀਂਦਾ ਰੱਲੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਰੱਲੀ।
ਰੱਲੀ ਦੇ ਵਿਚ ਨਾਰ ਸੁਣੀਂਦੀ, ਕਰਦੀ ਗੱਲ ਅਵੱਲੀ ।
ਬਿਨਾਂ ਬਲਾਵੇ ਵੀ ਲੜ ਪੈਂਦੀ, ਮੈਂ ਵੀ ਕਰੀ ਤਸੱਲੀ ।
ਓ ਘੇਰੇ ਰਾਹੀਆਂ ਨੂੰ, ਅਕਲ ਉਸਦੀ ਹੱਲੀ ।
ਸੁਣਿਆ ਪਿੰਡ ਸਮੂਰਾਂ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਸੁਣਿਆ ਪਿੰਡ ਸਮੂਰਾਂ।
ਵਿਚ ਸਮੂਰਾ ਲਗਦਾ ਮੇਲਾ, ਦੁਨੀਆਂ ਵਿਚ ਮਸ਼ਹੂਰਾਂ ।
ਏਸ ਪਿੰਡ ਦੀਆਂ ਕੁੜੀਆਂ ਜਾਪਣ ਜਿਉਂ ਸਿਆਲਾਂ ਦੀਆਂ ਹੂਰਾਂ ।
ਕੋਇਲਾਂ ਵਰਗੇ ਬੋਲ ਇਹਨਾਂ ਦੇ, ਮਿੱਠੀਆਂ ਵਾਂਗ ਅੰਗੂਰਾਂ ।
ਨੀ ਗਿਧੇ ਵਿਚ ਨੱਚ ਕੁੜੀਏ, ਮੈਂ ਖੜਾ ਮੁਲਾਹਜੇ ਪੂਰਾਂ ।
ਪਿੰਡ ਸੁਣੀਂਦਾ ਖਾਈ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਖਾਈ ।
ਖਾਈ ਦੇ ਦੋ ਗਭਰੂ ਸੁਣੀਂਦੇ, ਸਕੇ ਸੁਣੀਂਦੇ, ਭਾਈ।
ਗਿਧਿਆਂ ਦੇ ਵਿਚ ਪਾਉਣ ਬੋਲੀਆਂ ਏਹੇ ਕਰਨ ਕਮਾਈ।
ਬਈ ਉਹਦੀ ਸਿਫਤ ਕਰੋ, ਜਿਹਨੇ ਸਿਆਮ ਨੱਚਣ ਲਾਈ ।