

ਅਸੀਂ ਜਾ ਕੇ ਦੇਖਿਆ ਕਿ ਫਲਗੂ ਨਦੀ ਦੇ ਕਿਨਾਰੇ ਇਸ ਇਮਾਰਤ ਦੀ ਬਾਹਰਲੇ ਦਰਵਾਜ਼ੇ ਵਾਲੀ ਦੀਵਾਰ ਤਾਂ ਸਲਾਮਤ ਖੜ੍ਹੀ ਸੀ ਪਰ ਅੰਦਰ ਖੰਡਰਾਂ ਵਰਗੀ ਹਾਲਤ ਸੀ। ਕਾਫੀ ਹਿੱਸੇ ਦੀ ਛੱਤ ਡਿੱਗ ਚੁੱਕੀ ਸੀ। ਨਦੀ ਵੱਲ ਦੀ ਬਾਹੀ ਦੀ ਦੀਵਾਰ ਦਾ ਕਾਫੀ ਹਿੱਸਾ ਢਹਿ ਚੁੱਕਾ ਸੀ। ਅੰਦਰ ਥਾਂ-ਥਾਂ ਕੂੜੇ ਅਤੇ ਮਲਬੇ ਦੇ ਢੇਰ ਸਨ। ਵਿਚਕਾਰ ਇਕ ਟੁੱਟੇ ਭੱਜੇ ਗੰਦੇ ਜਿਹੇ ਮੇਜ਼ 'ਤੇ ਗੁਰੂ ਨਾਨਕ ਅਤੇ ਬਾਬਾ ਸ੍ਰੀ ਚੰਦ ਜੀ ਦੀਆਂ ਮੈਲੀਆਂ ਜਿਹੀਆਂ ਤਸਵੀਰਾਂ ਪਈਆਂ ਸਨ। ਇੱਕ ਨੁੱਕਰੇ ਇਕ ਜਟਾਧਾਰੀ ਉਦਾਸੀ ਸਾਧੂ ਮੈਲਾ-ਕੁਚੈਲਾ ਕੰਬਲ ਲਪੇਟੀ ਸੁੱਤਾ ਪਿਆ ਸੀ। ਪਰਵੇਸ਼ ਦੁਆਰ ਦੇ ਮੱਥੇ ਲਿਖੀ ਇਬਾਰਤ ਅਤੇ ਅੰਦਰਲੀ ਹਾਲਤ ਤੋਂ ਸਪੱਸ਼ਟ ਸੀ ਕਿ ਇਹ ਸਿੱਖੀ ਦੇ ਪ੍ਰਚਾਰ ਲਈ ਸਰਗਰਮ ਰਹੇ ਉਦਾਸੀ ਪ੍ਰਚਾਰਕਾਂ ਦਾ ਅਸਥਾਨ ਸੀ। ਉਦਾਸੀ ਪ੍ਰਚਾਰਕਾਂ ਨੇ ਕਦੀ ਪੂਰੇ ਭਾਰਤ ਵਿਚ ਗੁਰਬਾਣੀ ਦਾ ਪ੍ਰਚਾਰ ਕੀਤਾ। ਉਹਨਾਂ ਦੀ ਪ੍ਰੇਰਨਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਮੰਨਣ ਵਾਲਿਆਂ ਨੂੰ ਨਾਨਕਪੰਥੀ ਕਿਹਾ ਜਾਣ ਲੱਗਾ। ਪੂਰਬੀ ਖੇਤਰ ਵਿਚ ਗੁਰੂ ਨਾਨਕ ਆਪਣੀ ਪਹਿਲੀ ਉਦਾਸੀ ਦੌਰਾਨ ਜਿਹਨਾਂ ਤੀਰਥ ਅਸਥਾਨਾਂ ਜਾਂ ਸ਼ਹਿਰਾਂ ਵਿਚ ਗਏ ਉਦਾਸੀ ਸਾਧੂ ਬਾਬਾ ਅਲਮਸਤ ਨੇ ਉਥੇ ਗੁਰੂ-ਯਾਤਰਾ ਦੀ ਯਾਦ ਵਿਚ ਗੁਰੂ ਦੇ ਅਮੀਰ ਸ਼ਰਧਾਲੂਆਂ ਦੀ ਸਹਾਇਤਾ ਨਾਲ ਅਜਿਹੇ ਅਸਥਾਨਾਂ ਦੀ ਉਸਾਰੀ ਕਰਵਾਈ। ਉਹਨਾਂ ਤੋਂ ਮਗਰੋਂ ਗਯਾ ਦੇ ਇਲਾਕੇ ਦੇ ਹੀ ਜੰਮਪਲ ਭਗਤ ਭਗਵਾਨ ਨੇ ਇਸ ਕਾਰਜ ਨੂੰ ਜਾਰੀ ਰੱਖਿਆ। ਉਹਨਾਂ ਛੋਟੀ ਉਮਰੇ ਸੰਨਿਆਸ ਧਾਰਨ ਕਰ ਲਿਆ ਸੀ ਅਤੇ ਗਿਆਨ ਦੀ ਪਿਆਸ ਅਤੇ ਮਾਨਸਕ ਟਿਕਾਅ ਦੀ ਇੱਛਾ ਤਹਿਤ ਆਪ ਕੀਰਤਪੁਰ ਵਿਖੇ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੀ ਸ਼ਰਨ ਗਏ। ਗੁਰੂ