ਨੰਬਰ ਘੱਟ ਸਨ। ਮੈਂ ਆਪਣੀ ਮੈਰਿਟ ਕਰਕੇ ਆਪਣੀ ਪਸੰਦ ਦੇ ਸਭ ਤੋਂ ਵਧੀਆ ਅਤੇ ਵਕਾਰੀ ਕਾਲਜ ਵਿਚ ਵਿਗਿਆਨ ਦੇ ਵਿਸ਼ੇ ਲੈ ਕੇ ਦਾਖਲਾ ਲਿਆ। ਪਰ ਕਿਉਂਕਿ ਇਥੇ ਵਿਗਿਆਨ ਦੀ ਪੜ੍ਹਾਈ ਅੰਗਰੇਜ਼ੀ ਵਿਚ ਸ਼ੁਰੂ ਹੋ ਗਈ ਮੈਂ ਵਿਗਿਆਨ ਵਿਚ ਡੂੰਘੀ ਦਿਲਚਸਪੀ ਰੱਖਣ ਦੇ ਬਾਵਜੂਦ ਗਿਆਰਵੀਂ ਜਮਾਤ ਵਿਚੋਂ ਰੋ ਪਿੱਟ ਕੇ ਮਸੀਂ ਪਾਸ ਹੋਇਆ। ਇਸ ਤੋਂ ਬਾਅਦ ਦੋ ਕੁ ਸਾਲ ਲਾ ਕੇ ਇੰਜਨੀਅਰਿੰਗ ਕਾਲਜ ਵਿਚ ਔਖਾ ਸੌਖਾ ਦਾਖਲਾ ਲੈ ਗਿਆ। ਇੰਜਨੀਅਰਿੰਗ ਦੀ ਡਿਗਰੀ ਚਾਰ ਸਾਲਾਂ ਵਿਚ ਸੌਖਿਆਂ ਇਸ ਕਰਕੇ ਪਾਸ ਕਰ ਗਿਆ ਕਿਉਂਕਿ ਬਹੁਗਿਣਤੀ ਪੇਂਡੂ ਵਿਦਿਆਰਥੀਆਂ ਵਾਲੇ ਸਾਡੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿਚ ਅੱਧੀ ਪਚੱਧੀ ਪੜ੍ਹਾਈ ਪੰਜਾਬੀ ਵਿਚ ਕਰਾਈ ਜਾਂਦੀ ਸੀ। ਮੈਨੂੰ ਲਗਦਾ ਹੈ ਕਿ ਜੇ ਦਸਵੀਂ ਤੋਂ ਬਾਅਦ ਵਿਗਿਆਨ ਲਗਾਤਾਰ ਪੰਜਾਬੀ ਵਿਚ ਹੀ ਪੜ੍ਹਨਾ ਹੁੰਦਾ ਤਾਂ ਮੈਂ ਦਰਮਿਆਨਾ ਜਿਹਾ ਇੰਜਨੀਅਰ ਬਣਨ ਦੀ ਬਜਾਏ ਨਾਮੀ ਵਿਗਿਆਨੀ ਬਣ ਸਕਦਾ ਸੀ।
ਅਸੀਂ ਆਪਣਾ ਸਨਅਤੀ ਵਿਕਾਸ ਅਤੇ ਵਣਜ ਵਿਹਾਰ ਬੇਗਾਨੀ ਬੋਲੀ ਦੇ ਸਿਰ 'ਤੇ ਸ਼ੁਰੂ ਕੀਤਾ। ਦੂਸਰਿਆਂ ਦੀ ਬੋਲੀ ਨੂੰ ਆਪਣੀ ਤਰੱਕੀ ਦਾ ਅਧਾਰ ਬਣਾਇਆ। ਇਸ ਲਈ ਅਸੀਂ ਅਜੋਕੇ ਵਿਕਾਸ ਦੇ ਰਸਤੇ ਚੱਲ ਕੇ ਬਹੁਤਾ ਦੂਰ ਤੱਕ ਨਹੀਂ ਜਾ ਸਕੇ । ਯੂਰਪ ਦੇ ਜਾਂ ਦੂਸਰੇ ਸਨਅਤੀ ਦੇਸ਼ਾਂ ਦੇ ਮੁਕਾਬਲੇ ਉਹਨਾਂ ਵਰਗੇ ਤਕਨੀਕੀ ਵਿਕਾਸ ਦਾ ਦਸਵਾਂ ਕੁ ਹਿੱਸਾ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਸਾਡਾ ਹਿਸਾਬ ਕਿਤਾਬ ਖਿਲਰ ਪੱਤਰ ਗਿਆ। ਸਾਡਾ ਪੌਣ ਪਾਣੀ ਅਤੇ ਸਮੁੱਚਾ ਵਾਤਾਵਰਣ ਤਬਾਹ ਹੋ ਗਿਆ। ਅਸੀਂ 'ਤਰੱਕੀ' ਕਰਨ ਲੱਗਿਆਂ ਆਪਣੀਆਂ ਜੀਵਨ ਹਾਲਤਾਂ ਹੀ ਬਰਬਾਦ ਕਰ ਲਈਆਂ। ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੇ ਉਸ ਤਰੱਕੀ ਦੀ ਝਾਲ ਨਹੀਂ ਝੱਲੀ। ਬੇਗਾਨੀ ਜੂਠ ਦੇ ਆਸਰੇ ਪਲਣ ਵਾਲੀ ਤਰੱਕੀ ਦੀ ਝਾਕ ਦੀ ਬਜਾਏ ਜੇ ਅਸੀਂ ਆਪਣੇ ਪੈਰਾਂ ਆਸਰੇ ਤੁਰਦੇ, ਆਪਣੀ ਬੋਲੀ ਦੇ ਸਿਰ 'ਤੇ ਤਰੱਕੀ ਕਰਨ ਦੀ ਸੋਚਦੇ ਤਾਂ ਉਹ ਤਰੱਕੀ ਹੋਰ ਤਰ੍ਹਾਂ ਦੀ