ਜੇ ਕੋਈ ਸਾਨੂੰ ਪੁੱਛੇ ਕਿ ਸਿੱਖਾਂ ਦੀ ਬੋਲੀ ਕਿਹੜੀ ਹੈ ਤਾਂ ਸਾਡੇ ਵਿਚੋਂ ਬਹੁਤੇ ਕਹਿਣਗੇ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ। ਇਹ ਜਵਾਬ ਦਰੁਸਤ ਨਹੀਂ ਹੈ। ਸਿੱਖ ਧਰਮ ਦੀਆਂ ਦੋ ਬੁਨਿਆਦੀ ਸਥਾਪਨਾਵਾਂ ਹਨ, ਇਕ ਗੁਰੂ ਗਰੰਥ ਅਤੇ ਦੂਸਰਾ ਗੁਰੂ ਪੰਥ। ਗੁਰੂ ਗਰੰਥ ਦੀ ਬੋਲੀ ਪੰਜਾਬੀ ਨਹੀਂ ਹੈ। ਇਹ ਅਣਗਿਣਤ ਬੋਲੀਆਂ ਦਾ ਖ਼ਜ਼ਾਨਾ ਹੈ। ਅਣਗਿਣਤ ਇਸ ਕਰਕੇ ਕਿ ਇਸ ਵਿਚ ਕਈ ਉਹ ਬੋਲੀਆਂ ਵੀ ਹੋਣਗੀਆਂ ਜੋ ਪਿਛਲੀਆਂ ਪੰਜ ਸਦੀਆਂ ਦੌਰਾਨ ਅਲੋਪ ਵੀ ਹੋ ਗਈਆਂ। ਗੁਰੂ ਗਰੰਥ ਦੀ ਲਿੱਪੀ ਗੁਰਮੁਖੀ ਹੈ ਭਾਵ ਇੱਕ ਹੈ ਪਰ ਬੋਲੀਆਂ ਅਨੇਕ ਹਨ। ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਪੰਜਾਬ ਦੇ ਲਗਪਗ ਕੇਂਦਰ ਵਿਚ ਹੈ। ਉਥੋਂ ਦੀ ਪੰਜਾਬੀ ਨੂੰ ਅਸੀਂ ਕੇਂਦਰੀ ਪੰਜਾਬੀ ਆਖਦੇ ਹਾਂ। ਦੇਸ਼ ਵੰਡ ਤੋਂ ਬਾਅਦ ਇਹ ਖੇਤਰ ਲਹਿੰਦੇ ਪੰਜਾਬ ਵਿਚ ਆਉਣ ਕਰਕੇ ਇਸ ਨੂੰ ਲਹਿੰਦੀ ਪੰਜਾਬੀ ਵੀ ਕਿਹਾ ਜਾਂਦਾ ਹੈ। ਗੁਰੂ ਗਰੰਥ ਸਾਹਿਬ ਵਿਚ ਇਸ ਬੋਲੀ ਵਿਚ ਗੁਰੂ ਨਾਨਕ ਜੀ ਦੀ ਬਹੁਤ ਘੱਟ ਬਾਣੀ ਮਿਲਦੀ ਹੈ। ਉਹਨਾਂ ਦੀ ਬਾਣੀ ਖੜ੍ਹੀ ਬੋਲੀ, ਬ੍ਰੱਜ, ਸੰਸਕ੍ਰਿਤ, ਫਾਰਸੀ, ਮੈਥਲੀ, ਅਵਧੀ, ਸਿੰਧੀ ਆਦਿ ਬੋਲੀਆਂ ਵਿਚ ਹੈ। ਗੁਰੂ ਨਾਨਕ ਨੇ ਆਪਣੀਆਂ ਉਦਾਸੀਆਂ ਨਾਲ ਵਿਸ਼ਾਲ ਭੁਗੋਲਕ ਖੇਤਰ ਦੀ ਮਹਿਜ਼ ਯਾਤਰਾ ਹੀ ਨਹੀਂ ਕੀਤੀ ਸਗੋਂ ਦੂਰ ਦੂਰ ਤੱਕ ਗੁਰਮਤਿ ਵਿਚਾਰਧਾਰਾ ਨੂੰ ਫੈਲਾਇਆ ਅਤੇ ਸੰਗਠਿਤ ਕੀਤਾ। ਆਪ ਜਿਥੇ ਜਿਥੇ ਵੀ ਗਏ ਹਰ ਇਲਾਕੇ ਜਾਂ ਖਿੱਤੇ ਵਿਚ ਆਪਣੀ ਸੰਗਤ ਸਥਾਪਤ ਕੀਤੀ। ਜਿਥੇ ਵੀ ਗਏ ਉਸ ਧਰਤੀ ਦੀ ਬੋਲੀ ਨੂੰ ਜਾਣਿਆਂ, ਉਸ ਬੋਲੀ ਵਿਚ ਓਥੋਂ ਦੀ ਸੰਗਤ ਨੂੰ ਮੁਖ਼ਾਤਿਬ ਹੋਏ। ਆਪਣੇ ਉਪਦੇਸ਼ ਜਾਂ ਵਿਚਾਰਧਾਰਾ ਨੂੰ ਪਾਰ ਖੇਤਰੀ ਅਤੇ ਪਾਰ ਭਾਸ਼ਾਈ ਬਣਾਇਆ। ਉਹਨਾਂ ਆਪਣੀ ਭਾਸ਼ਾ ਨੀਤੀ ਨਾਲ ਆਪਣੇ ਆਪ ਨੂੰ ਪੰਜਾਬ ਜਾਂ ਪੰਜਾਬੀਆਂ ਦਾ ਨਹੀਂ ਸਗੋਂ ਮਨੁੱਖਤਾ ਦਾ