ਅਸੀਂ ਅਕਸਰ ਗਿਲਾ ਕਰਦੇ ਹਾਂ ਕਿ ਪੰਜਾਬੀ ਸੂਬਾ ਬਣਨ ਵੇਲੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ। ਪੰਜਾਬੀ ਮਾਂ ਬੋਲੀ ਸੀ ਤਿੰਨਾਂ ਦੀ ਪਰ ਜਦ ਸਾਡੀ ਸਿੱਖ ਸਿਆਸਤ ਨੇ ਬਹੁਤਾ ਕਿਹਾ ਕਿ ਪੰਜਾਬੀ ਸਾਡੀ (ਸਿੱਖਾਂ) ਦੀ ਮਾਂ ਬੋਲੀ ਹੈ, ਸਾਡੀ ਮਾਂ ਹੈ, ਸਾਡੀ ਮਾਂ ਹੈ ਤਾਂ ਸਾਡੀ ਮੇਰ ਨੇ ਹੋਰਾਂ ਨੂੰ ਇਸ ਤੋਂ ਦੂਰ ਕਰਨ ਦਾ ਰੋਲ ਨਿਭਾਇਆ। ਜਦ ਕੋਈ ਬੱਚਾ ਸਾਂਝੇ ਖਿਡਾਉਣੇ ਨੂੰ ਬਹੁਤਾ "ਮੇਰਾ ਮੇਰਾ" ਕਰੇ ਤਾਂ ਬਾਕੀ ਬੱਚੇ ਉਸ ਨਾਲ ਖੇਡਦੇ ਨਹੀਂ ਹੁੰਦੇ। ਉਹ ਕਹਿੰਦੇ ਹਨ, "ਤੇਰਾ ਹੈ ਤਾਂ ਚੱਲ ਤੂੰ ਹੀ ਰੱਖ।" ਖਿਡੌਣੇ ਦੀ ਮਲਕੀਅਤ ਦੇ ਦਾਅਵੇ ਕਾਰਨ ਉਸ ਕੋਲੋਂ ਖੇਡ ਗੁਆਚ ਜਾਂਦੀ ਹੈ। ਅਸੀਂ ਆਪਣੀ ਇਸ ਗਲਤੀ ਦੀ ਨਿਸ਼ਾਨਦੇਹੀ ਕਰੀਏ। ਜਦ ਦੂਸਰੇ ਮਜ਼ਹਬ ਦੇ ਲੋਕਾਂ ਨੇ ਇਹ ਗੱਲ ਸੁੰਘ ਲਈ ਕਿ ਬੋਲੀ ਦਾ ਤਾਂ ਬਹਾਨਾ ਹੈ ਅਸਲ ਅਤੇ ਗੁੱਝਾ ਉਦੇਸ਼ ਕੋਈ ਹੋਰ ਹੈ ਤਾਂ ਉਹਨਾਂ ਇਸ ਟਾਕਰੇ ਲਈ ਉਲਟ ਉਦੇਸ਼ ਦੇ ਤਹਿਤ ਆਪਣੀ ਬੋਲੀ ਬਾਰੇ ਗਲਤ ਸੂਚਨਾ ਦਰਜ ਕਰਾਈ। ਦੇਸ਼ ਵੰਡ ਵੇਲੇ ਦੀ ਸਿਆਸਤ ਦਾ ਸ਼ਿਕਾਰ ਹੋ ਕੇ ਅਸੀਂ ਆਪਣੇ ਮਾਂ ਜਾਏ ਮੁਸਲਮਾਨਾਂ ਤੋਂ ਦੂਰ ਹੋਏ ਅਤੇ ਇਸ ਤੋਂ ਮਗਰਲੀ ਸਿਆਸਤ ਦੇ ਅਧੀਨ ਸਾਡਾ ਆਪਣੇ ਹਿੰਦੂ ਮਾਂ ਜਾਇਆਂ ਨਾਲੋਂ ਫਾਸਲਾ ਬਣਿਆ।
ਅਸੀਂ ਆਪਣੀ ਮਾਂ ਬੋਲੀ ਦੇ ਹੇਜ ਵਿਚ ਜਜ਼ਬਾਤੀ ਨਾਹਰੇਬਾਜ਼ੀ, ਮਾਅਰਕੇਬਾਜ਼ੀ ਜਾਂ ਬਿਆਨਬਾਜ਼ੀ ਤਾਂ ਬਹੁਤ ਕਰ ਲੈਂਦੇ ਹਾਂ ਪਰ ਇਸ ਨੂੰ ਬਣਾਉਣ, ਬਚਾਉਣ ਜਾਂ ਇਸ ਦੀ ਤਰੱਕੀ ਲਈ ਕੀ ਕਰਨਾ ਬਣਦਾ ਹੈ ਜਾਂ ਤਾਂ ਉਹ ਸਾਨੂੰ ਪਤਾ ਨਹੀਂ, ਜੇ ਪਤਾ ਹੈ ਤਾਂ ਉਹ ਕੁਝ ਕਰਨਾ ਨਹੀਂ ਚਾਹੁੰਦੇ । ਪੰਜਾਬੀਆਂ ਦੇ ਅਣਗਿਣਤ ਸਦੀਆਂ ਪੁਰਾਣੇ ਦੋ ਮੂਲ਼ ਧੰਦੇ ਹਨ,