ਇਕ ਖੇਤੀ ਬਾੜੀ ਅਤੇ ਦੂਸਰਾ ਪਸ਼ੂ ਪਾਲਣ । ਸੱਭਿਅਤਾ ਦੇ ਵਿਕਾਸ ਦੇ ਮੁੱਢਲੇ ਸਮੇਂ ਤੋਂ ਇਹ ਦੋਵੇਂ ਪੰਜਾਬ ਦੇ ਅਜੇ ਤੱਕ ਚਲੇ ਆਉਂਦੇ ਮੁੱਖ ਕਿੱਤੇ ਹਨ। ਪੰਜਾਬ ਵਿਚ ਖੇਤੀ ਵਿਕਾਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣੀ ਜਿਸ ਨੂੰ ਪੀ.ਏ.ਯੂ. ਕਿਹਾ ਜਾਂਦਾ ਹੈ ਅਤੇ ਪਸ਼ੂ ਪਾਲਣ ਦੇ ਵਿਕਾਸ ਲਈ ਬਣੀ ਯੂਨੀਵਰਸਿਟੀ ਦਾ ਨਾਂ ਗੁਰਮੁਖੀ ਲਿੱਪੀ ਬਣਾਉਣ ਵਾਲੇ ਦੂਸਰੇ ਪਾਤਸ਼ਾਹ ਦੇ ਨਾਂ 'ਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੁਨੀਵਰਸਿਟੀ ਹੈ ਜਿਸ ਨੂੰ ਅੰਗਰੇਜ਼ੀ ਅੱਖਰਾਂ ਦੇ ਆਧਾਰ 'ਤੇ ਗਡਵਾਸੂ ਕਿਹਾ ਜਾਂਦਾ ਹੈ। ਪੰਜਾਬ ਦੀ ਖੇਤੀ ਯੂਨੀਵਰਸਿਟੀ ਵਿਚ ਖੇਤੀ ਖੋਜ ਅਤੇ ਖੇਤੀਬਾੜੀ ਦੀ ਸਾਰੀ ਪੜ੍ਹਾਈ ਅਤੇ ਪਸ਼ੂ ਪਾਲਣ ਯੁਨੀਵਰਸਿਟੀ ਵਿਚ ਪਸ਼ੂ ਖੋਜ ਅਤੇ ਪਸ਼ੂ ਪਾਲਣ ਦੀ ਸਾਰੀ ਪੜ੍ਹਾਈ ਪੰਜਾਬੀ ਦੀ ਬਜਾਏ ਅੰਗਰੇਜ਼ੀ ਵਿਚ ਕਰਾਈ ਜਾਂਦੀ ਹੈ। ਮੇਰੀ ਜਾਣਕਾਰੀ ਮੁਤਾਬਿਕ ਨਾ ਤਾਂ ਕਿਸੇ ਸਰਕਾਰ ਨੇ ਖੇਤੀ ਕਰਨ ਅਤੇ ਪਸ਼ੂ ਚਾਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਿਆਣਿਆਂ ਨੂੰ ਇਹ ਪੜ੍ਹਾਈ ਉਹਨਾਂ ਦੀ ਆਪਣੀ ਬੋਲੀ ਵਿਚ ਦੇਣ ਬਾਰੇ ਕਦੀ ਸੋਚਿਆ ਅਤੇ ਨਾ ਹੀ ਕਿਸੇ ਵਰਗ ਜਾਂ ਜਥੇਬੰਦੀ ਨੇ ਸਰਕਾਰ ਤੋਂ ਇਸ ਦੀ ਮੰਗ ਹੀ ਕੀਤੀ ਹੈ।
1962 ਵਿਚ ਕੁਝ ਪੰਜਾਬੀ ਦਾਨਿਸ਼ਵਰਾਂ ਦੀ ਮੰਗ, ਸਲਾਹ ਅਤੇ ਪਹਿਲ ਕਦਮੀ ਨਾਲ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਬਣੀ। ਇਸ ਯੂਨੀਵਰਸਿਟੀ ਦਾ ਮੁਢਲਾ ਉਦੇਸ਼ ਵਿਗਿਆਨ ਨਾਲ ਸੰਬੰਧਤ ਵੱਖ ਵੱਖ ਵਿਸ਼ਿਆਂ ਦੀ ਪੰਜਾਬੀ ਵਿਚ ਪੜ੍ਹਾਈ ਕਰਾਉਣ ਲਈ ਪਾਠ ਪੁਸਤਕਾਂ ਤਿਆਰ ਕਰਨਾ ਮਿਥਿਆ ਗਿਆ ਸੀ। ਯੁਨੀਵਰਸਿਟੀ ਨੂੰ ਆਪਣੀ ਗੋਲਡਨ ਜੁਬਲੀ ਮਨਾਈ ਨੂੰ ਵੀ ਕਿੰਨੇ ਸਾਲ ਲੰਘ ਗਏ ਪਰ ਅਸੀਂ ਕਾਲਜ ਪੱਧਰ 'ਤੇ ਵਿਗਿਆਨ, ਇੰਜਨੀਅਰਿੰਗ, ਮੈਡੀਕਲ, ਕਾਨੂੰਨ ਆਦਿ ਖੇਤਰਾਂ ਦੀ ਪੜ੍ਹਾਈ ਆਪਣੀ ਬੋਲੀ ਵਿਚ ਕਰਾਉਣ ਦਾ ਅਜੇ ਤੱਕ ਉੱਕਾ ਪ੍ਰਬੰਧ ਨਹੀਂ ਕੀਤਾ। ਇਸ ਸਥਿਤੀ ਨੂੰ ਪੰਜਾਬੀ ਨਾਲ ਸੰਬੰਧਤ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਬੜੇ ਆਰਾਮ ਨਾਲ ਸਹਿਣ ਕੀਤਾ ਹੋਇਆ ਹੈ।