ਕਿੱਤਾਕਾਰਾਂ
, ਕਿਰਤੀਆਂ, ਹੁਨਰਮੰਦਾਂ ਨੂੰ ਮਿਲਦੀਆਂ ਉਜਰਤਾਂ ਅਤੇ ਸਹੂਲਤਾਂ ਕਿਸੇ ਗਰੀਬ ਤੋਂ ਗਰੀਬ ਦੇਸ਼ ਵਾਲੀਆਂ ਹਨ। ਪਰ ਚੋਣਾਂ ਵਿਚ ਮੁੱਖ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦਾ ਖਰਚ ਅਮੀਰ ਤੋਂ ਅਮੀਰ ਦੇਸ਼ ਤੋਂ ਵੀ ਜ਼ਿਆਦਾ ਹੁੰਦਾ ਹੈ। ਸੂਬੇ ਵਿਚ ਆਰਥਿਕ ਤੰਗੀ ਦੀ ਦੁਹਾਈ ਦਿੱਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਸਾਡਾ ਦੇਸ਼ ਜਾਂ ਸੂਬਾ ਗਰੀਬ ਹੈ। ਫਿਰ ਰਾਜਨੀਤਕ ਪਾਰਟੀਆਂ ਜਾਂ ਸਿਆਸੀ ਲੋਕਾਂ ਕੋਲ ਚੋਣਾਂ ਲਈ ਏਨਾ ਪੈਸਾ ਕਿਥੋਂ, ਕਿਵੇਂ ਅਤੇ ਕਿਉਂ ਆ ਜਾਂਦਾ ਹੈ? ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਪਾਰਟੀਆਂ ਵਲੋਂ ਹਰੇਕ ਪਾਰਲੀਮਾਨੀ ਸਭਾ ਸੀਟ 'ਤੇ ਤਕਰੀਬਨ ਇਕ-ਇਕ ਅਰਬ ਰੁਪੱਈਆ ਖਰਚਿਆ ਜਾਂਦਾ ਹੈ। ਜਿਸ ਤਰ੍ਹਾਂ ਦੀ ਸਿਆਸਤ ਅਸੀਂ ਆਪਣੇ ਪੇਸ਼ ਪਾ ਲਈ ਹੈ ਇਹ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਹੈ। ਜਿਥੇ ਇਕ ਪੋਸਟਰ ਜਾਂ ਬੈਨਰ ਨਾਲ ਸਰ ਸਕਦਾ ਉਥੇ ਸੌ ਸੌ ਲਗਾਏ ਜਾਂਦੇ ਹਨ। ਅਜਿਹਾ ਕਰਕੇ ਸਹੀ ਸੋਚ ਵਾਲੇ ਸਿਆਣੇ ਲੋਕਾਂ ਨੂੰ ਆਤੰਕਤ ਕੀਤਾ ਜਾਂਦਾ ਹੈ ਕਿ ਉਹ ਰਾਜਨੀਤੀ ਵਿਚ ਆਉਣ ਦੀ ਸੋਚ ਵੀ ਨਾ ਸਕਣ। ਵੱਡੀ ਗਿਣਤੀ ਵਿਚ ਵੱਡੇ ਵੱਡੇ ਹੋਲਡਿੰਗ ਲਾ ਕੇ ਸਿਆਸੀ ਬਦਮਾਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਸਥਾਪਤ ਸਿਆਸੀ ਲੋਕਾਂ ਦਾ ਉਦੇਸ਼ ਪਾਵਰ ਹਥਿਆਉਣ ਲਈ ਪੈਸਾ ਖਰਚਣਾ ਅਤੇ ਪੈਸੇ 'ਕੱਠੇ ਕਰਨ ਲਈ ਪਾਵਰ ਹਥਿਆਉਣਾ ਬਣ ਗਿਆ ਹੈ। ਕੋਈ ਸਿਧਾਂਤਕ ਜਾਂ ਨੀਤੀਗਤ ਵਖਰੇਵਾਂ ਨਾ ਹੋਣ ਕਰਕੇ ਇਹ ਆਪਣੀ ਸਹੂਲਤ ਲਈ ਬੜੇ ਆਰਾਮ ਨਾਲ ਪਾਰਟੀ ਬਦਲ ਲੈਂਦੇ ਹਨ। ਉਪਰੋਂ ਵਿਰੋਧੀ ਲਗਦੀਆਂ ਪਾਰਟੀਆਂ ਅੰਦਰੋਂ ਇਕ ਦੂਜੀ ਨਾਲ ਸੀਟਾਂ ਦਾ ਦੇਣ ਲੈਣ ਵੀ ਕਰ ਲੈਂਦੀਆਂ ਹਨ। ਲੋਕ ਬੇਦਿਲੀ ਨਾਲ ਕਹਿ ਛੱਡਦੇ ਹਨ, “ਸਾਰੇ ਇਕੋ ਜਿਹੇ ਹਨ" ਜਾਂ "ਸਭ ਰਲੇ ਹੋਏ ਹਨ”। ਇਸ ਤਰ੍ਹਾਂ ਪੰਜਾਬ ਜਾਂ ਦੇਸ਼ ਅੰਦਰ ਵਧੀ ਫੁੱਲੀ ਸਿਆਸਤ ਦਾ ਕੀੜਾ ਇਸ ਦੀ ਆਰਥਿਕ ਅਤੇ ਮਾਨਸਿਕ ਸਿਹਤ ਦਾ ਦੁਸ਼ਮਣ ਬਣਿਆਂ ਹੋਇਆ ਹੈ।