ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ॥
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ॥
(844, ਮ.1)
ਵਿਭਿੰਨ ਵਿਚਾਰਾਂ, ਸੰਕਲਪਾਂ ਅਤੇ ਅਭਿਆਸਾਂ ਸੰਬੰਧੀ ਸੰਵਾਦ ਦੀ ਸਭ ਤੋਂ ਉਘੜਵੀਂ ਉਦਾਹਰਣ ਗੁਰੂ ਨਾਨਕ ਦੀ ਸਿਧ ਗੋਸਟਿ ਦੀ ਬਾਣੀ ਹੈ। ਇਸ ਵਿਚ ਆਪ ਦੇ ਪੂਰਬੀ ਪ੍ਰੰਪਰਵਾਂ ਯੋਗ ਮੱਤ ਅਤੇ ਭਗਤੀ ਮਾਰਗ ਦੇ ਸੰਵਾਦ ਵਿਚੋਂ ਗੁਰਮੁਖ ਜਾਂ ਸਚਿਆਰੇ ਮਨੁੱਖ ਦਾ ਮਾਡਲ ਪੇਸ਼ ਕਰਦੇ ਹਨ। ਗੁਰੂ ਨਾਨਕ ਦੀਆਂ ਉਦਾਸੀਆਂ ਦਾ ਵੱਡਾ ਉਦੇਸ਼ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਦੀ ਸੰਗਠਨਕਾਰੀ ਹੈ। ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਦੇ ਲੜੀਵਾਰ ਉਤਰਾਧਿਕਾਰੀ ਗੁਰੂਆਂ ਨੇ ਸਿੱਖ ਲਹਿਰ ਖੜ੍ਹੀ ਕੀਤੀ।
ਰੂਪਕ ਪੱਖੋਂ ਗੁਰੂ ਨਾਨਕ ਚਿੰਤਨ ਕਾਵਿ ਰੂਪ ਵਿਚ ਹੈ। ਸਧਾਰਨ ਕਾਵਿ ਵਿਚ ਵੀ ਅਰਥਾਂ ਦੀ ਬਹੁਲਤਾ ਹੁੰਦੀ ਹੈ। ਮਹਾਨ ਕਾਵਿ ਦੀ ਮਹਾਨਤਾ ਉਸ ਦੇ ਅਰਥਾਂ ਦੀ ਵਿਸ਼ਾਲਤਾ ਅਤੇ ਸਰਬ ਕਾਲਿਕਤਾ ਵਿਚ ਹੁੰਦੀ ਹੈ। ਹਰ ਪਲ ਤਬਦੀਲੀ ਅਤੇ ਗਤੀਸ਼ੀਲ ਸੰਸਾਰ ਵਿਚ ਗੁਰੂ ਨਾਨਕ ਬਾਣੀ ਨੂੰ ਯੁਗੋ ਯੁਗ ਅਟੱਲ ਕਹਿਣ ਦਾ ਭਾਵ ਹੈ ਕਿ ਸਰਬ ਸਮਿਆਂ ਵਿਚ ਸਰਬ ਸਥਿਤੀਆਂ ਅਤੇ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਇਸ ਨੂੰ ਅਰਥਾਇਆ ਜਾ ਸਕਦਾ ਹੈ, ਇਸ ਤੋਂ ਰੌਸ਼ਨੀ ਲਈ ਜਾ ਸਕਦੀ ਹੈ। ਕੋਈ ਪ੍ਰਵਚਨ ਇਕਹਿਰੇ ਅਰਥਾਂ ਵਿਚ ਬੱਝ ਕੇ ਜੜ੍ਹ ਹੋ ਜਾਂਦਾ ਹੈ। ਅਟੱਲਤਾ ਦਾ ਭਾਵ ਅਰਥਾਂ ਦੀ ਲਗਾਤਾਰਤਾ ਅਤੇ ਅਨੰਤਤਾ ਹੈ। ਸ਼ਬਦ ਅਭਿਆਸੀਆਂ ਦਾ ਫਰਜ਼ ਬਣਦਾ ਹੈ ਕਿ ਸੰਸਾਰ ਵਿਚ ਪੈਦਾ ਹੋ ਰਹੇ ਹਰ ਨਵੇਂ ਗਿਆਨ, ਵਿਗਿਆਨ ਅਤੇ ਸੂਚਨਾਵਾਂ ਦੇ ਸੰਦਰਭ ਵਿਚ ਨਾਨਕ ਬਾਣੀ ਨੂੰ ਲਾਹੇਬੰਦ ਅਤੇ ਨਵੀਤਮ ਸੰਵਾਦੀ ਲੀਹਾਂ 'ਤੇ ਨਵੇਂ ਦਿਸਹੱਦਿਆਂ ਤੱਕ ਅਰਥਾਇਆ ਜਾਵੇ। ਇਸ ਨਾਲ ਹੀ ਗੁਰੂ ਨਾਨਕ ਬਾਣੀ ਦੀ ਵਰਤਮਾਨ ਵਿਚ ਪ੍ਰਸੰਗਿਕਤਾ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਸ਼ਬਦ ਗੁਰੂ ਦੀ ਇਹੀ ਅਸਲ ਸੇਵਾ ਹੈ।