ਗੁਰੂ ਨਾਨਕ ਬਾਣੀ ਦੇ ਸੱਤਾ ਸਰੋਕਾਰ
ਜੋ ਲੋਕ ਸਮਾਜ ਦੇ ਚਲਨ-ਵਿਚਰਨ, ਆਚਾਰ-ਵਿਹਾਰ, ਮੁੱਲ- ਪ੍ਰਬੰਧ ਨੂੰ ਵੱਡੇ ਪੱਧਰ 'ਤੇ ਰੂਪਾਂਤਰ ਕਰਕੇ ਪੂਰਾ ਪੈਰਾਡਾਈਮ ਤਬਦੀਲ ਕਰਨਾ ਚਾਹੁੰਦੇ ਹੋਣ ਭਾਵ ਸਮਾਜ ਦੀ ਤਾਸੀਰ ਬਦਲਨਾ ਲੋੜਦੇ ਹੋਣ ਉਹਨਾਂ ਲਈ ਲੋਕਾਈ ਦੀਆਂ ਸਮੂਹਿਕ ਮਨੋਤਾਂ, ਰਵਾਇਤਾਂ, ਧਾਰਨਾਵਾਂ ਆਦਿ ਨੂੰ ਵਿਸਥਾਪਤ ਕਰਨਾ ਲਾਜ਼ਮੀ ਹੁੰਦਾ ਹੈ। ਮੱਧਕਾਲ ਵਿਚ ਲੋਕਾਈ ਨੇ ਰਾਜੇ, ਬ੍ਰਾਹਮਣ ਅਤੇ ਦੇਵੀ ਦੇਵਤਿਆਂ ਦੀ ਸੋਤਾ ਨੂੰ ਅਟੱਲ ਸਚਾਈ ਵਾਂਗ ਮੰਨਿਆ ਹੋਇਆ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵਲੋਂ ਲੋਕਾਂ 'ਤੇ ਰਾਜ ਕਰਨ ਦਾ ਅਧਿਕਾਰ, ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਪ੍ਰਾਪਤ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗਰੀਬੀ, ਖੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ-ਵੱਸ ਹਨ। ਗੁਰਮਤਿ ਨੇ ਇਹਨਾਂ ਤਿੰਨਾਂ ਭਾਵ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਮਨੁੱਖਤਾ ਅਤੇ ਸਾਂਝੀਵਾਲਤਾ ਦੀ ਦੁਸ਼ਮਨ ਤਸਲੀਮ ਕੀਤਾ। ਇਕ ਨਿਰੰਕਾਰ ਦੀ ਸੱਤਾ ਸਥਾਪਤ ਕਰਕੇ ਇਹਨਾਂ ਤਿੰਨਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਕਾਰਜ ਆਰੰਭ ਕੀਤਾ।
ਨ ਦੇਵ ਦਾਨਵਾ ਨਰਾ॥ ਨ ਸਿਧ ਸਾਧਿਕਾ ਧਰਾ॥
ਅਸਤਿ ਏਕ ਦਿਗਰਿ ਕੁਈ॥
ਏਕ ਤੁਈ ਏਕ ਤੁਈ॥ (144, ਮ.1)