

ਦਰੀਆਵਾ ਸਿਉ ਦੋਸਤੀ
ਸਾਡਾ ਸਰੀਰ ਇਸ ਅੰਦਰ ਲਗਾਤਾਰ ਚੱਲਦੇ ਸਾਫ਼ ਲਹੂ ਦੇ ਵਹਾਅ ਨਾਲ ਜਿੰਦਾ ਰਹਿੰਦਾ ਹੈ। ਧਰਤੀ ਪਾਣੀ ਦੇ ਵਹਾਅ ਕਰਕੇ ਜਿਉਂਦੀ ਹੈ। ਧਰਤੀ 'ਤੇ ਜੀਵਨ ਪਾਣੀ ਕਰਕੇ ਹੈ। ਇਸ 'ਤੇ ਵਗਦੇ ਦਰਿਆ ਬਿਲਕੁਲ ਉਵੇਂ ਹਨ ਜਿਵੇਂ ਸਾਡੇ ਸਰੀਰ ਵਿਚ ਲਹੂ ਦੀਆਂ ਨਾੜਾਂ। ਖੂਨ ਵਿਚ ਜ਼ਹਿਰ ਰਲਣ ਨਾਲ ਮਨੁੱਖ ਜਿੰਦਾ ਨਹੀਂ ਰਹਿ ਸਕਦਾ। ਦਰਿਆਵਾਂ ਦੇ ਜ਼ਹਿਰੀਲੇ ਹੋ ਜਾਣ ਨਾਲ ਧਰਤੀ 'ਤੇ ਜੀਵਨ ਨਹੀਂ ਬਚ ਸਕਦਾ। ਸਾਰੀਆਂ ਮਨੁੱਖੀ ਸਭਿਅਤਾਵਾਂ ਦਾ ਜਨਮ ਦਰਿਆਵਾਂ ਕਿਨਾਰੇ ਹੋਇਆ। ਸਾਰੇ ਪ੍ਰਾਚੀਨ ਨਗਰ ਦਰਿਆਵਾਂ ਕਿਨਾਰੇ ਵਸੇ। ਦੇਸ ਪੰਜਾਬ ਦਾ ਤਾਂ ਨਾਂ ਹੀ ਇਥੇ ਵਗਦੇ ਪੰਜ ਦਰਿਆਵਾਂ ਕਰਕੇ ਪਿਆ। ਇਸ ਦੀਆਂ ਕੁਦਰਤੀ ਅਤੇ ਭੂਗੋਲਕ ਸੀਮਾਵਾਂ ਵੀ ਸਿੰਧ ਅਤੇ ਯਮੁਨਾ ਦਰਿਆ ਹਨ। ਇੰਜ ਇਹਨਾਂ ਸੱਤਾਂ ਦਰਿਆਵਾਂ ਕਰਕੇ ਕਦੀ ਇਸ ਦਾ ਨਾਂ ਸਪਤ ਸਿੰਧੂ ਸੀ। ਸਤਲੁਜ ਅਤੇ ਬਿਆਸ ਦੋ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਨੂੰ ਦੋਆਬਾ (ਦੋ ਦਰਿਆਵਾਂ ਵਾਲਾ) ਅਤੇ ਬਿਆਸ ਅਤੇ ਰਾਵੀ ਵਿਚਲੇ ਇਲਾਕੇ ਨੂੰ ਮਾਝਾ (ਵਿਚਕਾਰਲਾ) ਕਿਹਾ ਜਾਣ ਲੱਗਾ। ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ ਵਰਗੀਆਂ ਪੰਜਾਬ ਦੀਆਂ ਅਮਰ ਪ੍ਰੇਮ ਕਥਾਵਾਂ ਦਾ ਜਨਮ ਦਰਿਆਵਾਂ ਕਾਰਨ ਅਤੇ ਕਿਨਾਰੇ ਹੋਇਆ। ਗੁਰਬਾਣੀ ਅਤੇ ਸਾਡੇ ਇਤਿਹਾਸ ਵਿਚ ਥਾਂ ਪੁਰ ਥਾਂ ਦਰਿਆਵਾਂ ਦਾ ਜਿਕਰ ਅਤੇ ਹਵਾਲਾ ਮਿਲਦਾ ਹੈ।
ਬਾਬਾ ਫ਼ਰੀਦ ਨੇ ਜਵਾਨੀ ਪਹਿਰੇ ਦੂਰ ਦੂਰ ਤੱਕ ਪੈਦਲ ਭਰਮਣ ਕੀਤੇ। ਸੂਫੀਆਂ ਦੇ ਚਿਸ਼ਤੀਆ ਸਿਲਸਿਲੇ ਦੇ ਮੁਖੀ ਬਣਨ ਮਗਰੋਂ ਆਪ