

ਅੰਗਰੇਜ਼ੀ ਅਤੇ ਸਿੱਖ ਰਾਜ ਵਿਚਕਾਰ ਸੀਮਾ ਮਿੱਥਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਸਤਲੁਜ ਦਰਿਆ ਕਿਨਾਰੇ ਰੋਪੜ ਵਿਖੇ ਹੋਈ।
ਉਨ੍ਹਵੀਂ ਸਦੀ ਦੇ ਅਖੀਰ ਵਿਚ ਬਾਬਾ ਜੈਮਲ ਸਿੰਘ ਨੇ ਦਰਿਆ ਬਿਆਸ ਕਿਨਾਰੇ ਰਾਧਾ ਸੁਆਮੀ ਸਤਿਸੰਗ ਸਥਾਨ ਬਣਾਇਆ। ਹੌਲੀ ਹੌਲੀ ਇਸ ਦਾ ਨਾਂ ਰਾਧਾ ਸੁਆਮੀ ਡੇਰਾ ਬਿਆਸ ਪੈ ਗਿਆ ਅਤੇ ਇਹ ਰਾਧਾ ਸੁਆਮੀ ਮੱਤ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ। ਇਸ ਦੇ ਨਾਲ ਆਬਾਦ ਹੋਏ ਕਸਬੇ ਦਾ ਨਾਂ ਵੀ ਦਰਿਆ ਦੇ ਨਾਂ 'ਤੇ ਬਿਆਸ ਹੀ ਪੱਕ ਗਿਆ।
31 ਦਸੰਬਰ 1929 ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਲਹੌਰ ਰਾਵੀ ਦਰਿਆ ਕੰਢੇ ਤਿਰੰਗਾ ਲਹਿਰਾ ਕੇ ਪੂਰਨ ਸਵਰਾਜ ਦਾ ਐਲਾਨ ਕੀਤਾ। ਇਸੇ ਰਾਵੀ ਦਰਿਆ ਕੰਢੇ ਕ੍ਰਾਂਤੀਕਾਰੀ ਨੌਜਵਾਨ ਭਗਵਤੀ ਚਰਣ ਵੋਹਰਾ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਛੁਡਵਾਉਣ ਲਈ ਤਿਆਰ ਕੀਤਾ ਬੰਬ ਟੈਸਟ ਕਰਦਿਆਂ ਆਪਣੀ ਜਾਨ ਦੀ ਅਹੂਤੀ ਦਿੱਤੀ। 23 ਮਾਰਚ 1931 ਤੋਂ ਪਹਿਲੀ ਰਾਤ ਨੂੰ ਲਹੌਰ ਜੇਲ੍ਹ ਵਿਚ ਫਾਂਸੀ ਚੜ੍ਹੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਤਲੁਜ ਕੰਢੇ ਅੰਤਮ ਸੰਸਕਾਰ ਹੋਏ। ਸਤਲੁਜ ਕੰਢੇ ਹੁਸੈਨੀਵਾਲਾ ਵਿਖੇ ਉਹਨਾਂ ਦੀਆਂ ਸਮਾਧੀਆਂ ਬਣੀਆਂ ਹੋਈਆਂ ਹਨ। ਸ਼ਹੀਦ ਭਗਤ ਸਿੰਘ ਨਾਲ ਅਸੈਂਬਲੀ 'ਚ ਬੰਬ ਸੁੱਟਣ ਵਾਲੇ ਬੀ. ਕੇ. ਦੱਤ ਦਾ ਅੰਤਮ ਸੰਸਕਾਰ ਵੀ ਉਹਨਾਂ ਦੀ ਅੰਤਮ ਇੱਛਾ ਅਨੁਸਾਰ ਸਤਲੁਜ ਕੰਢੇ ਸ਼ਹੀਦ ਭਗਤ ਸਿੰਘ ਦੀ ਸਮਾਧੀ ਦੇ ਕੋਲ ਹੀ ਕੀਤਾ ਗਿਆ।