ਇਸ ਚਰਚਾ ਨਾਲ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਦਰਿਆਵਾਂ ਦਾ ਮਨੁੱਖੀ ਜੀਵਨ ਲਈ ਆਮ ਤੌਰ
'ਤੇ ਅਤੇ ਸਾਡੇ ਇਤਿਹਾਸ ਵਿਚ ਖਾਸ ਤੌਰ 'ਤੇ ਕਿੰਨਾ ਮਹੱਤਵ ਪੂਰਨ ਸਥਾਨ ਹੈ। ਜਿਹਨਾਂ ਦਰਿਆਵਾਂ ਦੀ ਸੰਗਤ ਵਿਚ ਗੁਰੂ ਸਹਿਬਾਨ ਨੇ ਪਾਵਨ ਬਾਣੀ ਰਚੀ ਅਤੇ ਮਹਾਨ ਕੌਤਕ ਵਰਤਾਏ ਉਹਨਾਂ ਵਿਚੋਂ ਬਹੁਤੇ ਹੁਣ ਦੁਨੀਆਂ ਦੇ ਸਭ ਤੋਂ ਮਲੀਨ ਦਰਿਆਵਾਂ ਵਿਚ ਗਿਣੇ ਜਾਣ ਲੱਗੇ ਹਨ। ਸਾਡੇ ਮਹਾਨ ਪੁਰਖਿਆਂ ਦੀ ਦਰਿਆਵਾਂ ਨਾਲ ਜਿੰਨੀ ਜ਼ਿਆਦਾ ਦੋਸਤੀ ਸੀ ਅਸੀਂ ਜਾਣੇ ਅਣਜਾਣੇ ਓਨੇ ਹੀ ਇਹਨਾਂ ਦੇ ਦੁਸ਼ਮਣ ਬਣ ਗਏ ਹਾਂ। ਜਿਸ ਪਾਣੀ ਨੂੰ ਗੁਰੂ ਨੇ ਅੰਮ੍ਰਿਤ ਰੂਪ ਕੀਤਾ ਉਸ ਪਾਣੀ ਨੂੰ ਅਸੀਂ ਜ਼ਹਿਰ ਵਰਗਾ ਜ਼ਹਿਰੀਲਾ ਅਤੇ ਗਾਲ੍ਹਾਂ ਵਰਗਾ ਗੰਦਾ ਕਰ ਰਹੇ ਹਾਂ। ਇਹਨਾਂ ਨੂੰ ਪ੍ਰਦੂਸ਼ਤ ਕਰਕੇ ਨਾ ਕੇਵਲ ਮਨੁੱਖੀ ਸਿਹਤ ਲਈ ਖਤਰੇ ਸਹੇੜ ਰਹੇ ਹਾਂ ਸਗੋਂ ਸਮੁੱਚੀ ਜੀਵਨ ਹੋਂਦ ਦੇ ਪ੍ਰਤੀਕੂਲ ਹਾਲਾਤ ਬਣਾ ਰਹੇ ਹਾਂ।
ਕਿਸੇ ਸ਼ਹਿਰ ਵਿਚੋਂ ਲੰਘਦੀ ਕੁਦਰਤੀ ਜਲਧਾਰਾ ਇਸ ਦੀ ਜਾਨ ਅਤੇ ਸ਼ਾਨ ਹੁੰਦੀ ਹੈ। ਪਰ ਸਾਡੇ ਸ਼ਹਿਰਾਂ ਕਸਬਿਆਂ 'ਚੋਂ ਲੰਘਦੇ ਨਦੀਆਂ ਨਾਲਿਆਂ ਦਾ ਕਾਲਾ, ਜ਼ਹਿਰੀਲਾ ਅਤੇ ਬਦਬੂਦਾਰ ਪਾਣੀ ਦੱਸਦਾ ਹੈ ਕਿ ਸਾਡੀ ਸਿਆਸਤ ਕਿੰਨੀ ਕਾਲੀ, ਪ੍ਰਬੰਧਕੀ ਢਾਂਚਾ ਕਿੰਨਾ ਗਲ਼ਿਆ ਸੜਿਆ, ਵਣਜ ਕਿੰਨਾ ਖੋਟਾ, ਧਾਰਮਿਕਤਾ ਕਿੰਨੀ ਜਾਅਲੀ, ਮਾਨਸਿਕਤਾ ਕਿੰਨੀ ਜ਼ਹਿਰੀਲੀ ਅਤੇ ਰਵੱਈਆ ਕਿੰਨਾ ਨਿੱਘਰਿਆ ਹੋਇਆ ਹੈ। ਇਹਨਾਂ ਦੇ ਤਲ 'ਤੇ ਤੈਰਦਾ ਕੂੜਾ ਦੱਸਦਾ ਹੈ ਕਿ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੇ ਤਕਨੀਕੀ ਵਿਕਾਸ ਪ੍ਰਤੀ ਕਿੰਨੇ ਅਵੇਸਲੇ ਹਾਂ। ਇਸ ਪ੍ਰਥਾਏ ਸਵ. ਸ.ਸ. ਮੀਸ਼ਾ ਦਾ ਕਥਨ ਹੈ:
ਚੰਗੇ ਨਹੀਂ ਆਸਾਰ ਨਗਰ ਦੇ।
ਊਂਘਣ ਪਹਿਰੇਦਾਰ ਨਗਰ ਦੇ।
ਇਸ ਦੀ ਰੂਹ ਹੈ ਗੰਦਾ ਨਾਲਾ,
ਜੋ ਵਗਦਾ ਵਿਚਕਾਰ ਨਗਰ ਦੇ।