

ਇਹਨਾਂ ਕੁਦਰਤੀ ਜਲ ਧਾਰਾਵਾਂ ਦੀ ਸਵੱਛਤਾ ਪ੍ਰਤੀ ਕੋਤਾਹੀ ਕਰ ਕੇ ਅਸੀਂ ਕੁਦਰਤ ਦੀ ਬਰਕਤ ਭਰਪੂਰ ਬਖ਼ਸ਼ਿਸ਼ ਤੋਂ ਮੂੰਹ ਮੋੜ ਰਹੇ ਹਾਂ। ਪਾਣੀ ਦੀ ਜੀਵਨ ਸ਼ਕਤੀ ਨਸ਼ਟ ਕਰਕੇ ਮਨੁੱਖੀ ਨਸਲ ਦੀ ਤਬਾਹੀ ਨੂੰ 'ਵਾਜਾਂ ਮਾਰ ਰਹੇ ਹਾਂ।
14 ਮਾਰਚ ਗੁਰੂ ਹਰਿਰਾਇ ਸਾਹਿਬ ਦਾ ਗੁਰਗੱਦੀ ਦਿਵਸ ਹੁੰਦਾ ਹੈ ਅਤੇ ਇਸ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਣ ਲੱਗਾ ਹੈ। 14 ਮਾਰਚ ਨੂੰ ਹੀ ਵਿਸ਼ਵ ਭਾਈਚਾਰਾ "ਦਰਿਆ ਬਚਾਓ ਦਿਵਸ" ਵਜੋਂ ਮਨਾਉਣ ਲੱਗਾ ਹੈ। ਇਹ ਦਿਨ ਸਾਨੂੰ ਆਪਣੇ ਦਰਿਆਵਾਂ ਦੀ ਸਵੱਛਤਾ ਬਚਾਉਣ ਲਈ ਸਰਗਰਮ ਹੋਣਾ ਯਾਦ ਕਰਾਉਂਦਾ ਹੈ। ਆਪਣੇ ਦਰਿਆਵਾਂ ਦੀ ਨਿਰਮਲਤਾ ਲਈ ਸਾਨੂੰ ਸਭ ਨੂੰ ਆਪੋ ਆਪਣੀ ਥਾਈਂ ਨਿੱਜੀ, ਪ੍ਰਬੰਧਕੀ ਅਤੇ ਸੰਗਤੀ ਰੂਪ ਵਿਚ ਸੰਵੇਦਨਸ਼ੀਲ, ਚੇਤੰਨ ਅਤੇ ਸਰਗਰਮ ਹੋਣ ਦੀ ਲੋੜ ਹੈ। ਇਸ ਸੰਬੰਧੀ ਸ਼ਹਿਰੀਆਂ, ਸੰਸਥਾਵਾਂ ਅਤੇ ਸਰਕਾਰ ਨੂੰ ਸਿਰ ਜੋੜ ਕੇ ਸੋਚਣ, ਹੱਥ ਮਿਲਾ ਕੇ ਸੰਗਠਤ ਹੋਣ ਅਤੇ ਮੋਢੇ ਨਾਲ ਮੋਢਾ ਲਾ ਕੇ ਕਾਰਜ ਕਰਨ ਦੀ ਲੋੜ ਹੈ। ਜਿਸ ਦੁਰਦਸ਼ਾ ਲਈ ਅਸੀਂ ਆਪੋ ਆਪਣੀ ਥਾਈਂ ਸਾਰੇ ਜਿੰਮੇਵਾਰ ਹਾਂ ਉਸ ਨੂੰ ਦਰੁਸਤ ਵੀ ਆਪੋ ਆਪਣੇ ਅਤੇ ਸਾਂਝੇ ਯਤਨਾਂ ਅਤੇ ਕਾਰਜਾਂ ਨਾਲ ਹੀ ਕੀਤਾ ਸਕਦਾ ਹੈ। ਅਸੀਂ ਸਾਰੇ ਇਸ ਸਥਿਤੀ ਨੂੰ ਸੁਧਾਰਨ ਲਈ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਕੋਈ ਨਾ ਕੋਈ ਯੋਗਦਾਨ ਪਾ ਸਕਦੇ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਮਾਮਲੇ ਵਿਚ ਕੁਝ ਵੀ ਨਹੀਂ ਕਰ ਸਕਦੇ ਤਾਂ ਇਕ ਮਿੰਟ ਲਈ ਆਪਣੇ ਦਰਿਆਵਾਂ ਦੀ ਸਲਾਮਤੀ ਲਈ ਪ੍ਰਾਰਥਨਾ ਜ਼ਰੂਰ ਕਰਨਾ।