ਉਹ ਸਵਾਲ ਹੀ ਨਹੀਂ ਹੈ। ਅਸੀਂ ਵਿਆਖਿਆਵਾਂ ਚਾਹੁੰਦੇ ਹਾਂ ਜੋ ਹੱਲ ਕਰ ਦੇਣ ਮੁਆਮਲੇ ਨੂੰ। ਅਸੀਂ ਅਜੇਹੀਆਂ ਵਿਆਖਿਆਵਾਂ ਚਾਹੁੰਦੇ ਹਾਂ ਜੋ ਸਾਨੂੰ ਛੁਟਕਾਰਾ ਦਿਵਾ ਸਕਣ, ਯਾਨੀ ਉਹ ਆਦਮੀ ਜ਼ਿੰਮੇਵਾਰ ਰਹਿ ਜਾਵੇ । ਇਸ ਲਈ ਅਸੀਂ ਵਿਅਕਤੀਗਤ ਕਰਮ ਦੀ ਬਹੁਤ ਅਨੋਖੀ ਫਿਲਾਸਫੀ ਖੋਜੀ ਹੈ, ਜਦਕਿ ਅਸਲ ਵਿੱਚ ਕਰਮ ਬੜੀ ਸਮੂਹਕ ਘਟਨਾ ਹੈ; ਕਰਮ ਇਕਦਮ ਵਿਅਕਤੀਗਤ ਘਟਨਾ ਨਹੀਂ ਹੈ। ਕਰਮ ਦਾ ਘਟਨਾਕ੍ਰਮ ਬੜਾ ਸਮੂਹਕ ਤੇ ਬੜਾ ਜਾਲ ਨਾਲ ਭਰਿਆ ਹੋਇਆ ਹੈ। ਲੇਕਿਨ ਅਸੀਂ ਇੰਤਜ਼ਾਰ ਕੀਤਾ ਹੈ ਕਿ ਬੱਚੂ ਭਾਈ ਆਪਣੇ ਕਰਮ ਦਾ ਫਲ ਭੁਗਤ ਰਹੇ ਹਨ, ਸਾਨੂੰ ਆਪਣੇ ਕਰਮ ਦਾ ਫਲ ਭੋਗਣਾ ਚਾਹੀਦਾ ਹੈ । ਨਾ ਬੱਚੂ ਭਾਈ ਨਾਲ ਮੇਰਾ ਕੁਝ ਲੈਣਾ- ਦੇਣਾ ਹੈ ਤੇ ਨਾ ਮੈਂ ਉਹਨਾਂ ਨਾਲ ਕੁਝ ਲੈਣਾ-ਦੇਣਾ ਹੈ। ਉਹ ਆਪਣੇ ਕਰਮ ਦਾ ਫਲ ਭੋਗਦੇ ਰਹਿਣਗੇ, ਮੈਂ ਆਪਣੇ ਕਰਮਾਂ ਦਾ ਫਲ ਭੋਗਦਾ ਰਹਾਂਗਾ । ਸਾਡੀਆਂ ਅਲੱਗ- ਅਲੱਗ ਯਾਤਰਾਵਾਂ ਹਨ ਅਤੇ ਕਿਤੇ ਕੋਈ ਤਾਲਮੇਲ ਨਹੀਂ ਹੈ, ਕਿਤੇ ਸਾਡਾ ਕੋਈ ਜੋੜ ਨਹੀਂ ਹੈ।
ਇਸ ਮੁਲਕ ਨੇ ਜੋ ਅਜੇਹੀਆਂ ਵਿਆਖਿਆਵਾਂ ਲੱਭ ਲਈਆਂ ਹਨ ਕਿ ਇਕ- ਇਕ ਵਿਅਕਤੀ ਆਪੋ-ਆਪਣਾ ਭੋਗ ਰਿਹਾ ਹੈ, ਉਸ ਨੇ ਇਕ-ਇਕ ਵਿਅਕਤੀ ਨੂੰ ਅੱਡ ਤੋੜ ਦਿੱਤਾ ਹੈ। ਇਸੇ ਲਈ ਹਿੰਦੁਸਤਾਨ ਵਿੱਚ ਇੰਨੇ ਦਿਨਾਂ ਤਕ ਗਰੀਬੀ ਰਹਿ ਸਕੀ, ਕਿਉਂਕਿ ਹਰ ਆਦਮੀ ਨੇ ਸਮਝਿਆ ਕਿ ਇਸ ਤੋਂ ਅਸੀਂ ਕੀ ਲੈਣਾ-ਦੇਣਾ ਹੈ। ਇਹ ਅਸੀਂ ਜਾਣ ਕੇ ਹੈਰਾਨ ਹੋਵਾਂਗੇ ਕਿ ਸਾਰੀ ਦੁਨੀਆ ਵਿੱਚ ਧਰਮਾਂ ਨੇ ਜੋ ਵਿਆਖਿਆਵਾਂ ਦਿੱਤੀਆਂ ਹਨ, ਉਹਨਾਂ ਨੇ ਦੁਨੀਆ ਜਿਹੋ-ਜਿਹੀ ਹੈ, ਉਸ ਨੂੰ ਉਵੇਂ- ਦੀ-ਉਵੇਂ ਬਣਾਈ ਰੱਖਣ ਵਿੱਚ ਸਹਿਯੋਗ ਦਿੱਤਾ ਹੈ। ਤਾਂ ਇਹ ਜੋ ਕਲਪਨਾ ਹੈ, ਵਿਚਾਰ ਹੈ; ਇਹ ਜੋ ਧਾਰਨਾ ਹੈ ਕਿ ਮੈਂ ਜ਼ਿੰਮੇਵਾਰ ਹਾਂ; ਇਹ ਅਸਲ ਵਿੱਚ ਪੁਰਾਣੇ ਸਾਰੇ ਧਰਮਾਂ ਦੇ ਉਲਟ ਹੈ, ਕਿਉਂਕਿ ਪੁਰਾਣੇ ਸਾਰੇ ਧਰਮ ਇਹ ਕਹਿੰਦੇ ਹਨ ਕਿ ਤੁਸੀਂ ਆਪਣੇ ਲਈ ਜ਼ਿੰਮੇਵਾਰ ਹੋ। ਸਾਡੇ ਦੋਨਾਂ ਦੀ ਕੋਈ ਸਮੂਹਕ ਜ਼ਿੰਮੇਵਾਰੀ ਜਿਹੀ ਕੋਈ ਚੀਜ਼ ਨਹੀਂ ਹੈ ਪੁਰਾਣੇ ਧਰਮਾਂ ਵਿੱਚ । ਪੁਰਾਣੀ ਸਾਰੀ-ਦੀ-ਸਾਰੀ ਵਿਆਖਿਆ ਸਮੂਹ-ਚਿੱਤ ਦੇ ਲਈ ਕੁਝ ਵੀ ਨਹੀਂ ਕਹਿੰਦੀ, ਉਹ ਸਿਰਫ਼ ਵਿਅਕਤੀ-ਚਿੱਤ ਦੇ ਲਈ ਕੁਝ ਕਹਿੰਦੀ ਹੈ ਅਤੇ ਉਸ ਦਾ ਨਤੀਜਾ ਇਹ ਹੋਇਆ ਹੈ ਕਿ ਪੰਜ ਹਜ਼ਾਰ ਸਾਲ ਤੋਂ ਸਮਾਜ ਜਿਹੋ-ਜਿਹਾ ਸੀ, ਉਹੋ-ਜਿਹਾ ਹੀ ਹੈ, ਕਿਉਂਕਿ ਉਹ ਬੁਨਿਆਦੀ ਗੱਲ ਹੀ ਪੈਦਾ ਨਹੀਂ ਹੋਈ। ਜੇ ਮੈਂ ਵੀ ਜ਼ਿੰਮੇਵਾਰ ਹਾਂ, ਜੇ ਮੇਰਾ ਲੜਕਾ ਪੈਦਾ ਹੁੰਦਾ ਹੈ ਤੇ ਉਹ ਪਾਗ਼ਲ ਪੈਦਾ ਹੁੰਦਾ ਹੈ ਤਾਂ ਉਸ ਵਿੱਚ ਮੈਂ ਵੀ ਜ਼ਿੰਮੇਵਾਰ ਹਾਂ ਤੇ ਮੇਰੇ ਪਿਤਾ ਵੀ ਜ਼ਿੰਮੇਵਾਰ ਹਨ ਅਤੇ ਹਜ਼ਾਰਾਂ ਸਾਲ ਦੀ ਸਾਰੀ ਪਰੰਪਰਾ ਜ਼ਿੰਮੇਵਾਰ ਹੈ, ਇਹ ਸਮਝਣ 'ਤੇ ਬੜੀ ਘਬਰਾਹਟ ਹੋਵੇਗੀ। ਅਜੇ ਤਾਂ ਪਰੇਸ਼ਾਨੀ ਸਿਰਫ਼ ਇੰਨੀ ਹੈ ਕਿ ਇਹ ਆਦਮੀ ਪਾਗਲ ਹੈ। ਤਦ ਪਰੇਸ਼ਾਨੀ ਇਹ ਵੀ ਹੋ ਜਾਏਗੀ ਕਿ ਅਸੀਂ ਵੀ ਕੁਝ ਕੀਤਾ ਹੈ।
ਅਸੀਂ ਆਪਣੇ ਰਾਹ ਤੁਰਦੇ ਹੋਈਏ ਸੜਕ 'ਤੇ, ਇਕ ਆਦਮੀ ਭੁੱਖਾ ਮਰ ਰਿਹਾ ਹੈ, ਉਹ ਆਪਣੇ ਢੰਗ ਨਾਲ ਮਰ ਰਿਹਾ ਹੈ, ਅਸੀਂ ਸੋਚਦੇ ਹਾਂ ਅਸੀਂ ਕੀ ਲੈਣਾ-ਦੇਣਾ ਹੈ !