Back ArrowLogo
Info
Profile
ਮਾਉਂ––

ਜੋ ਕੁਝ ਆਖਿਆ ਚਾਹੁੰਦੀ ਆਖ ਧੀਏ,

ਮਾਸ ਨਹੁਵਾਂ ਤੋਂ ਨਾ ਅਵਾਜ਼ਾਰ ਹੋਵੇ ।

ਗੁੱਸਾ ਕਰਾਂ ਨਾ, ਆਖ ਜੋ ਆਖਣਾ ਈਂ,

ਧੀ ਸਦਾ ਮਾਂ ਦੀ ਦਿਲਦਾਰ ਹੋਵੇ ।

ਜੇਕਰ ਕੁੱਝ ਉਪਾ ਤੂੰ ਸੋਚਿਆ ਹੈ,

ਦੱਸ, ਨਾਲ ਜਿਸਦੇ ਦੁੱਖ ਪਾਰ ਹੋਵੇ ।

ਕਰਦੀ ਰਹੀ ਹਾਂ ਟਿਚਕਰਾਂ ਜਗਤ ਨੂੰ ਮੈਂ,

ਹੁਣ ਮੈਨੂੰ ਨਾ ਕਿਤੇ ਫਿਟਕਾਰ ਹੋਵੇ ।੩੩॥

 

ਧੀ-

ਵਾਰੀ ਮਾਉਂ ਦੇ ਬਚਨ ਤੋਂ ਜਾਂ ਸਾਰੀ,

ਮਾਣ ਹੀਣੀ ਦਾ ਮਾਣ ਜਿਨ ਰੱਖ ਲੀਤਾ ।

ਭਾਬੀ ਪੜ੍ਹੀ ਨਾ, ਮਾਉਂ ਜੀ ! ਦੋਇ ਅੱਖਰ,

ਸੰਗਤ ਭਲੀ ਦਾ ਮੂਲ ਨਾ ਪੱਖ ਕੀਤਾ।

ਡੋਲੀ ਚੜ੍ਹਕੇ ਪਹਿਨ ਕੇ ਜ਼ਰੀ ਗੋਟੇ,

ਪੀਹੜੇ ਬੈਠ, ਨਾ ਦੋਹਰਾ ਕੱਖ ਕੀਤਾ।

ਸੱਸ ਨਾਲ ਪਿਆਰ ਨਾ ਮੱਤ ਦਿੱਤੀ,

ਪਤੀ ਵਿੱਦਿਆ ਦਾਨ ਨਾ ਕੱਖ ਕੀਤਾ ।੩੪।

 

ਇੱਕੁਰ ਅਕਲ ਨਾ ਅਸਲ ਦੀ ਓਨ ਸਿੱਖੀ,

ਸਿੱਖਯਾ ਪਾਣ ਦਾ ਸਮਾਂ ਨ ਆਇਆ ਏ ।

ਓਸ ਅੱਲ੍ਹੜ ਤੋਂ ਪਤੀ ਉਮੈਦ ਰੱਖੇ,

ਮਾਨੋਂ ਸੀਤਾ ਪਰਨਾ ਲਿਆਇਆ ਏ ।

ਸੱਸ ਚਾਹੁੰਦੀ ਅਕਲ ਦਾ ਕੋਟ ਹੋਵੇ,

ਭਾਰ ਮੇਰੇ ਸਿਰੋਂ ਚਾਇਆ ਜਾਇਆ ਏ ।

ਸਹੁਰੇ, ਜੇਠ, ਨਿਨਾਣ ਨੇ ਆਸ ਰੱਖੀ ।

ਸੇਵਾ ਸਾਡੀ ਨੂੰ ਡੋਲੜਾ ਆਇਆ ਏ ।੩੫।

 

ਕਿੱਡੀ ਭੁੱਲ ਹੈ ਮਾਉਂ ਜੀ ! ਸਾਰਿਆਂ ਦੀ,

ਭਾਰ ਨਿੱਫਰ ਤੇ ਐਤਨਾ ਪਾਉਂਦੇ ਹੋ।

ਨੂੰ ਪੇਕੇ ਖੇਡਦੀ ਸਾਹੁਰੇ ਪਿੰਜਰੇ ਪੋ,

ਤੁਸੀਂ ਓਸ ਤੋਂ ਉਹ ਕੁਝ ਚਾਹੁੰਦੇ ਹੋ।

ਜੋ ਕੁਝ ਓਸ ਦੇ ਪਾਸ ਨਾ ਆਇਆ ਹੈ,

ਭਾਂਡੇ ਪਈ ਨਾ, ਵੱਥ ਕਢਾਉਂਦੇ ਹੋ।

ਖੇਚਲ ਕਰੋ ਨਾ ਕੋਈ ਸਿਖਾਣ ਸੰਦੀ,

ਉਜਾਂ ਭੁੱਲਦੀ ਨੂੰ ਐਵੈਂ ਲਾਂਵਦੇ ਹੋ ੩੬

12 / 54
Previous
Next