ਹੈ ਅਨਜਾਣ ਉਹ ਭੁੱਲਦੀ ਖਰੀ ਅੰਮਾਂ,
ਭੁੱਲ ਓਸਦੀ ਪਾਪ ਕਿਉਂ ਜਾਣਦੇ ਹੋ ?
ਫੇਰ ਖਿਮਾਂ ਨਾ ਕਰੋ ਤੇ ਵਧੀ ਜਾਵੋ,
ਛੱਪਰ ਕਹਿਰ ਦਾ ਸਿਰੇ ਤੇ ਤਾਣਦੇ ਹੋ ।
ਅਪਣੀ ਅਕਲ ਤੋਂ ਵੱਧ ਉਮੈਦ ਰੱਖੋ,
ਦਸੋ ਤੁਸੀਂ ਕੀ ਓਹਦੇ ਹਾਣ ਦੇ ਹੋ ?
ਛੇਕੜ ਤੁਸੀਂ ਬੀ ਧੀਆਂ ਹੀ ਵਾਲੜੇ ਹੋ,
ਦੁੱਖ ਦੇਕੇ ਸੁਖ ਦੀ ਠਾਣਦੇ ਹੋ ? ੩੭ ।
ਮਾਉਂ-
ਧੀਏ ! ਸੱਚ ਹੈ ਸੱਚ ਤੂੰ ਆਖਿਆ ਜੋ,
ਭਾਬੀ ਤੁੱਧ ਦੀ ਖੋਟ ਕਮਾਂਵਦੀ ਹੈ ।
ਸੱਚ ਨੱਪਦੀ ਝੂਠ ਖਿਲਾਰਦੀ ਹੈ,
ਉੱਪਰ ਬੱਦਲਾਂ ਸ਼ਹਿਰ ਵਸਾਂਵਦੀ ਹੈ ।
ਕੰਨ ਸਹਿਆਂ ਨੂੰ ਲਾਂਵਦੀ, ਅੱਗ ਪਾਣੀ,
ਰੇਤ ਥਲੇ ਨੂੰ ਪਾਣੀ ਦਿਖਾਂਵਦੀ ਹੈ ।
ਮੈਂ ਤਾਂ ਗਈ ਅਨਗਈ ਕਰਾਂਵਦੀ ਹਾਂ,
ਉਹ ਭੂਈ ਹੋ ਹੋ ਸਿਰੇ ਆਂਵਦੀ ਹੈ ।੩੮।
ਧੀ-
ਕਦੀ ਸਿੱਕਦੇ ਸੀ ਤੁਸੀਂ ਨੂੰਹ ਵੇਖੋ,
ਨਾਉਂ ਨੋਂਹ ਦਾ ਰਬ ਤੋਂ ਭਾਉਂਦਾ ਸੀ।
ਨੋਂਹ ਕਾਰਨੇ ਚਾਕਰੀ ਭਾਉਂਦੀ ਸੀ,
ਘਰੋ ਘਰੀ ਏ ਸ਼ੌਕ ਭੁਆਉਂਦਾ ਸੀ।
ਦਸੋ ਅੱਜ ਉਹ ਸ਼ੌਕ ਉਹ ਰਿਦਾ ਕਿੱਥੇ,
ਛੰਦੇ ਨੌਂਹ ਨੂੰ ਜੋ ਲਲਚਾਉਂਦਾ ਸੀ ।
ਚਾਉ ਦੂਰ ਹੋਇਆ ਸ਼ੌਕ ਨੱਸ ਤੁਰਿਆ,
ਜਿਹੜਾ ਨੀਂਹ ਪਿਆਰੜੀ ਲਾਉਂਦਾ ਸੀ ।੩੯।