ਓਹ ਢਲੇਗੀ ਬਣੇਗੀ ਧੀ ਪਯਾਰੀ,
ਢਿੱਡ ਵੜੇਗੀ ਮਾਂ ਦੇ ਧੀ ਬਣਕੇ ।
ਲੈਂਦੀ ਜ਼ਿੰਮੇ ਹਾਂ ਆਪਣੇ ਗੱਲ ਸਾਰੀ,
ਭਾਬੀ ਨਿਭੇਗੀ ਆਪ ਦੀ ਧੀ ਬਣਕੇ ।
ਤੁਸਾਂ ਬਚਨਾਂ ਦੀ ਲਾਜ ਨੂੰ ਪਾਲਣਾ ਹੈ,
ਮੈਨੂੰ ਖਿਮਾਂ ਕਰਨੀ ਅਪਣੀ ਧੀ ਗਿਣਕੇ ।
ਟੱਬਰ ਨਾਲ ਪਿਆਰ ਦੇ ਤਦੋਂ ਵੱਸੇ ।
ਗੁੰਦ ਜਾਣ ਸਾਰੇ ਮਾਲਾ ਵਾਂਗ ਮਣਕੇ ।੪੬।
ਜਦੋਂ ਮਾਂਉਂ ਸਮਝਾ ਬੁਝਾ ਲੀਤੀ,
ਛੋਟੀ ਭੈਣ ਦਾ ਖਯਾਲ ਫਿਰ ਆਇਆ ਹੈ ।
ਸੋਚ ਫੁਰੀ ਕਿ ਭਾਬੀ ਨੂੰ ਦੁੱਖ ਬਹੁਤਾ,
ਨਿੱਕੀ ਨਣਦ ਦੀ ਭੁੱਲ ਨੇ ਪਾਇਆ ਹੈ।
ਨਿੱਕੀ ਆਪਣੀ ਭੈਣ ਨੂੰ ਮੱਤ ਦੇਈਏ,
ਜਿਨ੍ਹੇ ਮਾਂਉਂ ਦਾ ਰਿਦਾ ਤਪਾਇਆ ਹੈ ।
ਸੁਖੀ ਵੱਸਦੇ ਘਰੇ ਦੇ ਵਿਚ ਜਿਸਨੇ,
ਭੜਥੂ ਕਹਿਰ ਦਾ ਚੱਕ ਮਚਾਇਆ ਹੈ ।੪੭।
ਗਈ ਭੈਣ ਦੇ ਪਾਸ ਅਸੀਸ ਦੇਂਦੀ,
ਹੋਵੇਂ ਬੁੱਢ ਸੁਹਾਗਣੀ ਪਯਾਰੀਏ ਨੀ ।
ਚੰਦ ਤਾਰਿਆਂ ਵਾਂਗ ਪਰਵਾਰ ਹੋਵੀ,
ਦੌਲਤ ਮਾਲ ਦਾ ਵਾਰ ਨਾ ਪਾਰੀਏ ਨੀ।
ਤੇਰੇ ਨਾਲ ਹਾਂ ਕਰਨ ਵਿਚਾਰ ਆਈ,
ਸ਼ੋਕ ਮਾਪਿਆਂ ਕਿਵੇਂ ਨਿਵਾਰੀਏ ਨੀ।
ਜਿਨ੍ਹਾਂ ਜਨਮ ਦੇ ਪਾਲਿਆਂ, ਦਾਜ ਦਿੱਤੇ,
ਕੰਮ ਉਨ੍ਹਾਂ ਦਾ ਕਿਵੇਂ ਸਵਾਰੀਏ ਨੀ । ੪੮