ਤੇਰੇ ਬੋਲ ਕੁਬੋਲ ਸਹਾਰਦੀ ਹਾਂ;
ਛੋਟੀ ਜਾਣਕੇ ਮੱਤ ਮੈਂ ਦੇਂਵਦੀ ਹਾਂ।
ਤੇਰੀ ਚਿਣਗ ਨੇ ਅੱਗ ਬਰੂਤ ਲਾਈ.
ਠੰਢੇ ਕਰਨ ਤੇ ਤਰਲੜੇ ਲੇਂਵਦੀ ਹਾਂ ।
ਪੇਕੀ ਬੇੜੀ ਆ ਘੇਰੇ ਵਿਚ ਘੱਤੀਆ ਤੂੰ,
ਚੱਪੇ ਲਾਇਕੇ ਬਾਹਰ ਨੂੰ ਖੇਂਵਦੀ ਹਾਂ।
ਫਿੱਕ ਪਾਉਣੇ ਧੀਆਂ ਦਾ ਧਰਮ ਨਹੀਂ,
ਸੁੱਕੇ ਦਿਲਾਂ ਨੂੰ ਫੇਰ ਮੈਂ ਭੇਂਵਦੀ ਹਾਂ ।੫੫।
ਛੋਟੀ ਭੈਣ-
ਚੰਦ ਵੀਰ ਨੂੰ ਲਗੀ ਕਲੰਕ ਭਾਬੀ,
ਇਸ ਨੂੰ ਧੋਇਕੇ ਪਾਰ ਬੁਲਾਈਏ ਨੀ !
ਕੋਈ ਰੋਹਿਣੀ ਅਪੱਛਰਾਂ ਢੂੰਡ ਲਈਏ,
ਸਿਹਰੇ ਬੰਨ੍ਹਕੇ ਵੀਰ ਪਰਨਾਈਏ ਨੀ !
ਲੈਕ ਵੀਰ ਨੂੰ ਲੈਕ ਹੀ ਨਾਰ ਦੇ ਈਏ,
ਨੋਂਹ ਮਾਂਉਂ ਦੇ ਲੈਕ ਦੀ ਲਯਾਈਏ ਨੀ !
ਐਉਂ ਪੇਕਿਆਂ ਦਾ ਦੁਖ ਦੂਰ ਕਰੀਏ,
ਤੇਰਾ ਆਖਿਆ ਭੈਣ ਕਮਾਈਏ ਨੀ !੫੬॥
ਵੱਡੀ ਭੈਣ-
ਕੈਂਚੀ ਜੀਭ ਹੈ ਸਾਣ ਤੇ ਚੜ੍ਹੀ ਚੰਗੀ,
ਲਤਰ ਲਤਰ ਇਹ ਕਤਰਦੀ ਜਾਂਵਦੀ ਹੈ ।
ਦਇਆ, ਧਰਮ, ਨਿਆਂ ਇਨ ਜੜ੍ਹਾਂ ਵੱਢੇ,
ਢੇਰ ਲੀਰਾਂ ਦੇ ਲਾਂਵਦੀ ਜਾਂਵਦੀ ਹੈ ।
ਸੌਂਕਣ ਭਾਬੀ ਤੇ ਪਾਉਣੀ ਲੋੜਦੀ ਹੈ,
ਕਿਹੜੇ ਪਾਪ ਦਾ ਭੋਗ ਭੁਗਾਂਵਦੀ ਹੈਂ ?
ਤੇਰੀ ਨਣਦ ਜੇ ਕਰੇ ਤੈਂ ਨਾਲ ਏਹੋ,
ਦੱਸ ਫੇਰ ਕੀ ਖੁਸ਼ੀ ਮਨਾਂਵਦੀ ਹੈ ?੫੭।