ਇਕੋ ਗਲ ਨੂੰ ਹੈ ਓਹ ਰਿਦੇ ਅੜਿਆ ।
ਇਕੋ ਸੱਚ ਦੀ ਬਾਣ ਜੋ ਰਿਦੇ ਧਾਰੀ,
ਨਹੀਂ ਚਾਹੁੰਦਾ ਤੁੱਧ ਨੂੰ ਝੂਠ ਖੜਿਆ ।
ਝੂਠ ਛਡੇਂ ਤਾਂ ਰਾਸ ਬਿਰਾਸ ਹੋਵੇ,
ਮੰਨ ਪਵੇ ਜੋ ਜਾਪਦਾ ਨਿਤ ਕੂੜਿਆ ।੧੮।
ਭਾਬੀ-
ਤੇਰੀ ਚੋਪੜੀ ਜੀਭ ਨੂੰ ਜਾਣਦੀ ਹਾਂ,
ਸੁੱਕੇ ਦਿਲਾਂ ਨੂੰ ਨੇਹੁ ਜੋ ਲਾਂਵਦੀ ਹੈ ।
ਆਪ ਵੇਖਦੀ ਸਮਝਦੀ ਜੀਭ ਨਾਹੀਂ,
ਕੇਵਲ ਥਿੰਧੜੇ ਵਾਕ ਅਲਾਂਵਦੀ ਹੈਂ।
ਭੁੱਲ ਵੀਰ ਦੀ ਮੜ੍ਹਾਂ ਤੂੰ ਸੀਸ ਮੇਰੇ,
ਮੈਥੋਂ ਆਪਣਾ ਕਾਜ ਕਰਾਂਵਦੀ ਹੈ।
ਸੋਨੇ ਜੀਭ ਮੜ੍ਹਾਇ ਵਲੈਤ ਘੱਲੀਂ,
ਐਥੇ ਕਦਰ ਨਾ ਕੁੱਝ ਬੀ ਪਾਂਵਦੀ ਹੈ ੧੯
ਨਿਨਾਣ-
ਮੈਂ ਸਮਝਾਣ ਲਗੀ ਤੈਨੂੰ ਭਲੇ ਬਦਲੇ,
ਉਲਟ ਮੇਰੇ ਹੀ ਗਲੇ ਦਾ ਹਾਰ ਹੋਈਏਂ ।
ਤੇਰੇ ਬੋਲ ਕੁਬੋਲ ਸਹਾਰ ਸਾਰੇ,
ਫੇਰ ਆਖਦੀ ਹਾਂ ਹੁਣ ਹੁਸ਼ਿਆਰ ਹੋਈਏਂ ।
ਭੈੜਾ ਨਾਉਂ ਨਿਨਾਣ ਦਾ ਭਾਬੀਆਂ ਨੂੰ,
ਭਾਵੇਂ ਭੈਣਾਂ ਤੋਂ ਵਧ ਪਿਆਰ ਗੋਈਏ ।
ਤੱਕਾਂ ਉੱਜੜਦਾ ਝੁੱਗੜਾ ਵੀਰ ਸੰਦਾ,
ਆਖਾਂ ਦੁੱਖ ਤੋਂ ਕਿਵੇਂ ਹੀ ਪਾਰ ਹੋਈਏ ।੨੦।
ਭਾਬੀ-
ਜਿੱਕੁਰ ਮੁੱਝ ਨੂੰ ਕਹੇ ਮੈਂ ਚਰਨ ਪਕੜਾਂ,
ਆਖ ਵੀਰ ਨੂੰ ਛਡ ਹੰਕਾਰ ਦੇਵੇ।
ਧੀ ਮਾਪਿਆਂ ਸਾਊਆਂ ਸੰਦੜੀ ਹਾਂ,
ਦੇ ਦਿਲਾਸੜਾ ਪਯਾਰ ਪੁਚਕਾਰ ਲੇਵੇ ।
ਝੂਠ ਸੱਚ ਜਹਾਨ ਹੀ ਬੋਲਦਾ ਹੈ,
ਭੁੱਲ ਗਈ ਦੀ ਅੰਤ ਨੂੰ ਸਾਰ ਲੇਵੇ ।
ਅਗੋਂ ਰਹਾਂਗੀ ਸਦਾ ਸੁਚੇਤ, ਨਣਦੇ,
ਬੋਲਾਂ ਫੇਰ ਤਾਂ ਧੱਕੜਾ ਮਾਰ ਦੇਵੇ ।੨੧॥
ਨਿਨਾਣ-
ਅੱਧ ਮੰਨੀ ਏਂ ਅੱਧ ਬੀ ਹੋਰ ਮੰਨੀਂ,
ਤੇਰੇ ਚਰਨ ਮੈਂ ਆਪ ਹੁਣ ਪਰਸਦੀ ਹਾਂ ।
ਹੋ ਨਿਮਾਨੜੀ ਵੀਰ ਦੀ ਥਾਉਂ ਭਾਬੀ,
ਤੁਹਾਡੇ ਮੇਲ ਨੂੰ ਵੇਖਣਾ ਤਰਸਦੀ ਹਾਂ ।
ਹੱਸਾਂ, ਜਦੋਂ ਇਕ ਮਿਕ ਮੈਂ ਹੋਏ ਵੇਖਾਂ,
ਲੜੇ ਵੇਖ ਕੇ ਮੇਘ ਜਯੋਂ ਬਰਸਦੀ ਹਾਂ।
ਜੇਕਰ ਕਰੇਂ ਕਬੂਲ ਏ ਅਰਜ਼ ਮੇਰੀ,
ਫੁਲ ਵੇਲ ਦੇ ਵਾਂਗ ਸਰੱਸਦੀ ਹਾਂ ।੨੨।
ਭਾਬੀ-
ਹਾਰ ਮੰਨਿਆਂ ਬਾਝ ਨਾ ਛੁਟੇ ਖਹਿੜਾ,
ਛਡੀ ਬਾਣ ਹੁਣ ਲੂਣ ਮੈਂ ਤੋਲਣੇ ਦੀ ।
ਬਾਣ ਵੀਰ ਨੂੰ ਆਖ ਓ ਛਡ ਦੇਵੇ,
ਮੇਰੇ ਗੁੱਝੜੇ ਭੇਦ ਫਰੋਲਣੇ ਦੀ।
ਥੋੜਾ ਬੋਲਸਾਂ, ਬੋਲਸਾਂ ਸੱਚ ਸਾਰਾ,
ਛਡੀ ਆਸ ਦਿਲ ਆਪਣਾ ਖੋਲ੍ਹਣੇ ਦੀ ।
ਕਰਾਂ ਕੈਦੀਆਂ ਵਾਂਗ ਮੈਂ ਉਮਰ ਪੂਰੀ,
ਸਿੱਕ ਛਡ ਅਨੰਦਾਂ ਨੂੰ ਟੋਲਣੇ ਦੀ ।੨੩।
ਭੁੱਲ ਸੋਧ ਲੈਸਾਂ ਪਰ ਇਹ ਪੱਕ ਜਾਣੀਂ,
ਪੇਰੀਂ ਪੈਂਦੀ ਨ ਤੁੱਧ ਦੇ ਵੀਰ ਦੀ ਹਾਂ ।
ਝੂਠ ਕਦੀ ਨਾ ਬੋਲਸਾਂ ਮਰਾਂ ਭਾਵੇਂ,
ਪੈਰੀਂ ਪਵਾਂ ? ਕੀ ਧੀ ਫਕੀਰ ਦੀ ਹਾਂ ?
ਤੇਰਾ ਆਖਿਆ ਰੱਖਿਆ ਸਿਰ ਮੱਥੇ,
ਮੰਨਣ ਵਾਲੜੀ ਨਹੀਂ ਮੈਂ ਪੀਰ ਦੀ ਸਾਂ ।
ਪਿਛਾ ਤੁਸੀਂ ਭੁੱਲੋ ਮੈਂ ਨਾ ਯਾਦ ਰਖੂੰ,
ਝੱਲ ਔਕੜਾਂ ਦਾ ਐਉਂ ਚੀਰਦੀ ਹਾਂ ।੨੪।
ਨਿਨਾਣ-
ਤੇਰੇ ਮੁੱਖ ਤੋਂ ਮੈਂ ਕੁਰਬਾਨ ਭਾਬੀ,
ਜਿਸ ਨੇ ਬਾਕੀ ਦੀ ਉਮਰ ਸੁਆਰ ਲੀਤੀ ।
ਮੇਰੇ ਜੇਹੀ ਨਿਕਾਰੀ ਦੇ ਲੱਗ ਆਖੇ,
ਨਦੀ ਝੂਠ ਦੀ ਠਿੱਲ੍ਹ ਕੇ ਪਾਰ ਕੀਤੀ ।
ਨਿਕੀ ਜਿਹੀ ਇਕ ਮਾਨ ਦੀ ਰਹੀ ਮੋਰੀ,
ਕਸੀਸ ਵੱਟ ਕੇ ਛਾਲ ਜੇ ਮਾਰ ਲੀਤੀ ।
ਬੁੱਲੇ ਲੁੱਟਗੇਂ ਹੋਇਕੇ ਪਾਰ, ਭਾਬੀ,
ਆਖੂ ਜੱਗ-ਬਲਿਹਾਰ ਬਲਿਹਾਰ ਕੀਤੀ ।੨੫।
ਭਾਬੀ-
ਖਹਿੜਾ ਛਡ, ਸਤਾ ਨਾ ਹੋਰ ਨਣਦੇ,
ਮੈਥੋਂ ਪੈਰਾਂ ਤੇ ਪਿਆ ਨ ਜਾਂਵਦਾ ਏ ।
ਚੜ੍ਹਕੇ ਆਪ ਡੋਲੇ, ਪੈਰੀਂ ਤੋਰ ਆਂਦਾ,
ਓਸ ਅਗੇ ਨ ਨੀਵਿਆਂ ਜਾਂਵਦਾ ਏ ।
ਜਿਨ੍ਹੇ ਆਦਰਾਂ ਨਾਲ ਸੀ ਘਰੀਂ ਆਂਦਾ,
ਨਿਰਾਦ੍ਰ ਓਸ ਤੋਂ ਸਿਹਾ ਨ ਜਾਂਵਦਾ ਏ।
ਹੱਥੀਂ ਚਾੜ੍ਹ ਡੋਲੇ, ਜਿਹੜਾ ਭੋਏਂ ਪਟਕੇ,
ਪੈਰੀਂ ਪਿਆਂ ਨੂੰ ਕਿੱਥੇ ਪੁਚਾਂਵਦਾ ਏ ? ।੨੬ ।
ਨਿਨਾਣ-
ਦਿਆਂ ਦੋਸ਼ ਨਾ ਵੀਰ ਨੂੰ ਭਾਬੀਏ ਨੀ,
ਤੇਰਾ ਕੰਤ ਓ ਜੱਗ ਸਦਾਂਵਦਾ ਏ।
ਨਾਂਹ ਦੋਸ਼ ਤੇਰਾ, ਮੂੰਹ ਸੜੇ ਉਹਦਾ,
ਤੈਨੂੰ ਭਾਬੀ ! ਜੋ ਬੁਰਾ ਬਣਾਂਵਦਾ ਏ।
ਦੋਸ਼ ਝੂਠ ਤੇ ਮਾਨ ਦਾ ਦੋਹੀਂ ਵੱਲੀਂ,
ਫਿੱਕ ਝੂਠ ਤੇ ਮਾਨ ਸਭ ਪਾਂਵਦਾ ਏ।
ਦੋਵੇਂ ਝੂਠ ਤੇ ਮਾਨ ਜਦ ਦੂਰ ਹੋਵਣ,
ਮੇਲ ਆਪ ਹੀ ਤਦੋਂ ਹੋ ਜਾਂਵਦਾ ਏ ।੨੭।
ਭਾਬੀ ਬੈਠੀ ਨੂੰ ਛੱਡ ਨਿਨਾਣ ਉੱਠੀ,
ਮਾਉਂ ਆਪਣੀ ਦੇ ਪਾਸ ਜਾਇ ਬੋਲੀ ।
ਭਾਬੀ ਮੁੱਝ ਨੂੰ ਦਿਲੇ ਦਾ ਹਾਲ ਕਹਿਆ,
ਸਾਰੀ ਦੁੱਖ ਦੀ ਵਿੱਥਿਆ ਓਸ ਫੋਲੀ।
ਹਠ ਮਾਨ ਹੈ ਇਕ ਕਸੂਰ ਉਸਦਾ,
ਹੋਰ ਸਭਸ ਗੱਲੇ ਹੈਵੇ ਭਲੀ ਭੋਲੀ।
ਕੁਝ ਤੁਸੀਂ ਬੀ ਮਾਉਂ ਜੀ ! ਵੇਸਲੇ ਹੋ,
ਸਾਊ ਹੋਰ ਆਖੋ ਬਣੇਂ ਕਿਵੇਂ ਗੋਲੀ ।੨੮।
ਜੇਕਰ ਨਾਲ ਪਿਆਰ ਦਿਲਾਸਿਆਂ ਦੇ,
ਤੁਸੀਂ ਵੱਸ ਕਰਦੇ ਨੂੰਹ ਵੱਸ ਹੁੰਦੀ ।
ਤੁਸੀਂ ਮਿਹਣਿਆਂ ਨਾਲ ਸ਼ਿਕਾਰ ਸਿੱਲੋ,
ਆਟੇ ਨਾਲ ਲਿੰਬੋ ਗਾਗਰ ਲਹਿ-ਚੋਂਦੀ ।
ਲਹੂ ਲਹੂ ਦੇ ਨਾਲ ਨਾ ਧੋਪਦਾ ਹੈ,
ਵੈਣ ਪਾਇਆਂ ਨ ਚੁਪ ਹੋ ਨਾਰ ਰੋਂਦੀ ।
ਮਾਨ ਮਾਨ ਦੇ ਨਾਲ ਨਾ ਦੂਰ ਹੋਵੇ,
ਲਸੂੜੇ ਲੇਸ ਨੂੰ ਲਾਹ ਨਾ ਸਕੋ ਗੋਂਦੀ ।੨੯॥
ਮਾਉਂ-
ਧੀ ਪਯਾਰੀਏ ! ਅਕਲ ਦਾ ਕੋਟ ਕੁੜੀਏ !
ਦੱਸ ਮਾਉਂ ਨੂੰ ਭੁੱਲ ਜੋ ਹੋਇ ਦੇਖੀ ।
ਭਾਬੀ ਬਹੁਤ ਪਿਆਰੀ ਹੈ ਤੁੱਧ ਲੱਗੀ,
ਬਾਹਰੋਂ ਭੁਲੀ ਏਂ ਅੰਦਰੋਂ ਨਹੀਂ ਦੇਖੀ।
ਮੋਰ ਸੋਹਿਣਾ ਪਾਇਲਾਂ ਪਾਂਵਦਾ ਹੈ,
ਸਪ ਖਾਂਦੇ ਦੀ ਦਸ਼ਾ ਤੂੰ ਨਹੀਂ ਦੇਖੀ ।
ਬਾਹਰੋਂ ਸਿਧੀ ਤੇ ਅੰਦਰੋਂ ਸੱਪਣੀ ਹੈ,
ਵਿਸ ਘੋਲਦੀ ਕਦੀ ਤੂੰ ਨਹੀਂ ਦੇਖੀ ॥੩੦॥
पी-
ਤੁਹਾਡੇ ਵਾਕ ਉਲੰਘਿਆਂ ਅਦਬ ਉਡੇ,
ਗਲ ਮੋੜਾਂ ਇਹ ਮੁਝ ਨੂੰ ਬਣੇ ਨਾਹੀਂ ।
ਅੜੇ ਸੂਤ ਦੀ ਗੁੰਝਲ ਨਾ ਖੋਲ੍ਹੀਏ ਜੇ
ਤਾਣੀ ਰੱਛ ਤੋਂ ਕਿਵੇਂ ਹੀ ਤਣੇਂ ਨਾਹੀਂ ।
ਵਿਗੜੀ ਘਰੇ ਦੀ ਤਾਣੀ ਨੂੰ ਖੋਲ੍ਹਦੀ ਹਾਂ,
ਅੰਮਾਂ ਦੋਸ਼ ਮੇਰਾ ਜੇ ਤੂੰ ਗਿਣੇ ਨਾਹੀਂ ।
ਇਕ ਵੀਰ ਦੁਖੀਆ, ਦੂਜੇ ਤੁਸੀਂ ਔਖੇ,
ਦੁਖੀ ਭਾਬੀ ਕੀ ਮਾਪਿਆਂ ਸਣੇ ਨਾਹੀਂ ? ੩੧ ।
ਮੈਂ ਹਾਂ ਚਾਹੁੰਦੀ ਦੁੱਖ ਇਹ ਦੂਰ ਹੋਵੇ,
ਦੂਜੇ ਕੰਨ ਨਾ ਪਵੇ ਬਲੇਲ ਮਾੜੀ ।
ਬਣਿਆਂ ਰਹੇ ਇਹ ਨੱਕ ਨਮੂਜ ਸਾਡਾ,
ਖਿੜੀ ਰਹੇ ਇਹ ਫੁੱਲਾਂ ਦੀ ਘਣੀ ਵਾੜੀ।
ਰਹੇ ਸੱਸ ਤੇ ਨੂੰਹ ਦੀ ਮੁੱਠ ਮੀਟੀ,
ਸੱਧ ਤੋਲਦੀ ਤੱਕੜੀ ਜਿਵੇਂ ਹਾੜੀ।
ਏਸ ਵਾਸਤੇ ਬੇਨਤੀ ਕਰਾਂ ਮਾਤਾ,
ਕਰਨਾ ਮਾਫ ਮੇਰੀ ਨਹੀਂ ਨੀਤ ਮਾੜੀ ।੩੨।