

ਆਪਣੇ ਪਹਿਲੇ ਕਾਵਿ-ਸੰਗ੍ਰਹਿ 'ਚੁਪ ਚੁਪੀਤੇ ਚੇਤਰ ਚੜ੍ਹਿਆ' ਵਿੱਚ ਉਸਦੀ ਕਵਿਤਾ ਸਮਕਾਲੀ ਕਵੀਆਂ ਨਾਲੋਂ ਵੱਖਰੀ ਪਹਿਚਾਣ ਬਣਾਉਂਦੀ ਹੈ। ਉਸ ਅੰਦਰ ਕਾਵਿ-ਭਾਸ਼ਾ ਤੇ ਕਾਵਿ ਸੰਜਮ ਦੀ ਡੂੰਘੀ ਚੇਤਨਾ ਇਹ ਬੋਧ ਕਰਵਾਉਂਦੀ ਹੈ ਕਿ ਸੁਖਪਾਲ ਸੁਹਜਭਾਵੀ ਕਵੀ ਹੈ ਜੋ ਧਰਮ, ਦਰਸ਼ਨ ਤੇ ਕੁਦਰਤ ਨੂੰ ਜਦੋਂ ਮਨੁੱਖ ਦੇ ਸਨਮੁਖ ਪੇਸ਼ ਕਰਦਾ ਹੈ ਤਾਂ ਉਸਦੀ ਸੁਹਜਤਾ ਦੀ ਸੂਖ਼ਮ ਦ੍ਰਿਸ਼ਟੀ ਹੋਰ ਵੀ ਗਹਿਰੀ ਹੋ ਜਾਂਦੀ ਹੈ। ਇਕੋ ਵੇਲੇ ਉਹ ਇਤਿਹਾਸ, ਕੁਦਰਤ ਤੇ ਸਮਕਾਲੀ ਮਨੁੱਖੀ ਮਸਲਿਆਂ 'ਤੇ ਪਕੜ ਰੱਖਦਾ ਹੈ। ਉਸਦੀ ਇਹ ਕਵਿਤਾ ਵਿਸ਼ੇਸ਼ ਤੌਰ ਤੇ ਪੜ੍ਹੀ ਜਾ ਸਕਦੀ ਹੈ:
ਆਪਣੇ ਪੱਤਿਆਂ ਜਿਹੀਆਂ-ਹਜ਼ਾਰ ਸਿੰਮਦੀਆਂ ਅੱਖਾਂ ਨਾਲ
ਰੁੱਖਾਂ ਰੱਬ ਨੂੰ ਆਖਿਆ:
"ਦਾਤਾ-ਤੇਰੇ ਇਨਸਾਨ
ਨਾ ਸਾਡਾ ਦੁੱਖ ਤੱਕਦੇ ਨਾ ਸੁਹੱਪਣ
ਨਾ ਕੂਕ ਸੁਣਦੇ ਨਾ ਸਾਡੀ ਹੂਕ
ਜਦ ਵੀ ਉਹਨਾਂ ਵਿਚੋਂ ਕੋਈ ਮਰਦਾ
ਸਾਨੂੰ ਉਸਦੇ ਨਾਲ ਸਤੀ ਹੋਣਾ ਪੈਂਦਾ
ਅਸੀਂ ਜਰ ਲੈਂਦੇ ਚੁੱਪ-ਚਾਪ
ਸੋਚਦੇ: ਤੇਰਾ ਹੁਕਮ ਹੋਵੇਗਾ
ਪਰ ਜਦੋਂ ਉਹ ਆਪਣੇ ਹਮਸਾਇਆਂ ਦੀਆਂ
ਖੋਪੜੀਆਂ ਜਾਂ ਧੜ
ਸਾਡੀਆਂ ਬਾਹਵਾਂ ਨਾਲ ਲਟਕਾ ਦੇਂਦੇ
ਆਪਣੇ ਹੋਰ ਚਮਲਾਇਆ ਨੂੰ ਸਮਝਾਉਣ ਲਈ
ਤਾਂ ਅਸੀਂ ਖੜੇ-ਖੜੋਤੇ ਮਰ ਜਾਂਦੇ
ਸਾਡੀਆਂ ਸੁੰਨ ਬਾਹਵਾਂ ਕੋਲੋਂ
ਤੇਰਾ ਮੋਏ ਦਾ ਭਾਰ ਨਹੀਂ ਚੁੱਕਿਆ ਜਾਂਦਾ।
(ਚੁੱਪ ਚੁਪੀਤੇ ਚੇਤਰ ਚੜ੍ਹਿਆ)
ਕਵਿਤਾ ਨੂੰ ਬ੍ਰਹਿਮੰਡ ਵਿਚੋਂ ਸੁਣਨਾ ਉਸਦਾ ਆਨੰਦ ਹੈ ਤੇ ਉਸਨੂੰ ਸ਼ਬਦਾਂ 'ਚ ਢਾਲਣਾ ਇਕ ਡੂੰਘੀ ਚੇਤੰਨ ਪ੍ਰਕਿਰਿਆ। ਜਿਸਨੂੰ ਅਨਹਦ ਨਾਦ ਵਾਂਗ ਸੁਣਿਆ ਜਾ ਸਕਦਾ ਹੈ, ਜਦੋਂ ਉਹ ਆਖਦਾ ਹੈ:
ਮੈਂ ਕਵੀ ਨਹੀਂ
ਉਹ ਕਵਿਤਾ ਹੋਵਾਂ
ਜੋ ਲਿਖੀ ਨਹੀਂ ਜਾਂਦੀ
ਅਨਹਦ ਨਾਦ ਵਾਂਗ
ਤਪੱਸਿਆ ਵਿੱਚ ਬੈਠ ਕੇ ਸੁਣੀ ਜਾਂਦੀ ਹੈ।
(ਚੁੱਪ ਚੁਪੀਤੇ ਚੇਤਰ ਚੜ੍ਹਿਆ)