ਪਾਲੀ
ਜਸਵੰਤ ਸਿੰਘ ਕੰਵਲ
1
ਮੇਰੇ ਦਿਲ ਵਿਚ ਇਕ ਗੁਝੇ ਜਿਹੇ ਭੇਦ ਦਾ ਦਰਦ ਅੱਧ ਪੱਕੇ ਫੋੜੇ ਵਾਂਗ ਟਸ-ਟਸ ਕਰ ਰਿਹਾ ਏ। ਮੈਂ ਉਸ ਨੂੰ ਸਾਂਭ ਕੇ ਰਖਦਾ ਹਾਂ, ਮਤੇ ਵਧੇਰੇ ਹੀ ਦਖਣ ਨਾ ਲੱਗ ਪਏ। ਅੱਖੀਆ ਸਦਾ ਵੱਸਦੀਆਂ ਹੀ ਰਹਿੰਦੀਆਂ ਹਨ। ਸਭ ਤੋਂ ਬਹੁਤਾ ਦੁੱਖ ਤੇ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਅੰਦਰੇ ਅੰਦਰ ਧੁੱਖਦਾ ਹਾਂ। ਇਸ ਦਰਦ ਵੇਦਨਾ ਨੂੰ ਪੁਕਾਰ ਕੇ ਨਹੀਂ ਦੱਸ ਸਕਦਾ। ਇਕ ਉਦਾਸ ਜਿਹੇ ਸਰੀਰ ਵਿਚ ਬੇ-ਜਾਨ ਜਿਹੀ ਜਿੰਦ ਬੋਰਿਆਂ ਵਾਂਗ ਲਈ ਫਿਰਦਾ ਹਾਂ। ਅਜੇ ਤੀਕ ਆਪਣੇ ਜ਼ਖ਼ਮ ਦੁਨੀਆ ਤੋਂ ਲੁਕਾਈ ਰਖੇ ਅਤੇ ਗੁਝੀਆਂ ਪੀੜਾਂ ਅੰਦਰ ਹੀ ਘੁਟੀ ਰਖੀਆਂ ਹਨ।
ਮੈਂ ਆਪਣੀ ਬਾਹੁੜੀ ਵਿਚ ਪਾਗਲ ਰਿਹਾ ਤੇ ਦੁਨੀਆ ਨੂੰ ਮੇਰੀਆਂ ਹਰਕਤਾਂ ਹੱਸਣ ਲਈ ਮਜਬੂਰ ਕਰਦੀਆਂ ਰਹੀਆਂ। ਦੁਨੀਆ ਹੋਰ ਕਰੇ ਵੀ ਕੀ? ਇਹ ਹੱਸਣ ਜਾਣਦੀ ਹੈ, ਹਸਾਣ ਨਹੀਂ। ਲੋਕੀਂ ਮੇਰੀ ਪੜ੍ਹਾਈ ਦੇ ਖਪਤ ਨੂੰ ਸ਼ੁਦਾ ਸਮਝਦੇ, ਫਿਰ ਮੇਰੀਆਂ ਭਰੀਆਂ ਅੱਖਾਂ ਕਿਸ ਪੂੰਝਣੀਆਂ ਸਨ । ਮੈਂ ਇਕੱਲਾ ਸਾਂ, ਸ਼ਾਇਦ ਮੇਰੀ ਵੀ ਕਦੇ ਕੋਈ ਸੋਹਣੀ ਜੇਹੀ ਦੁਨੀਆ ਸੀ, ਪਰ ਅੱਜ ਉਹ ਬਰਬਾਦ ਹੋ ਚੁੱਕੀ ਹੈ। ਮੇਰੇ ਹਵਾ ਵਿਚ ਉਡ ਰਹੇ ਖੁੱਲ੍ਹੇ ਕੇਸ ਦੁਨੀਆ ਲਈ ਇਕ ਹੈਰਾਨੀ ਹੈ ਪਰ ਝੱਲੀ ਦੁਨੀਆ ਨਹੀਂ ਜਾਣਦੀ ਕਿ ਮੈਂ ਆਪਣੇ ਦਿਲ ਦੀ ਮਲਕਾ ਤੇ ਸਦੀਵੀ ਮਾਤਮ ਵਿਚ ਹਵਾ ਦੇ ਬੁੱਲ੍ਹੇ ਮਾਨਣ ਲਈ ਇਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਹੈ।
ਇਹ ਚੀਸਾਂ ਤੇ ਪੀੜਾਂ ਕਿੰਨਾ ਚਿਰ ਤੜਪਾਉਣਗੀਆਂ ? ਕੁਝ ਨਹੀਂ ਕਿਹਾ ਜਾ ਸਕਦਾ । ਨਦੀ ਦੇ ਅਰੁਕ ਪ੍ਰਵਾਹ ਵਾਂਗ ਇਹ ਦਿਲ ਦਾ ਦਰਦ ਤਦ ਹੀ ਰੁਕੇਗਾ, ਜਦ ਜ਼ਿੰਦਗੀ ਦੇ ਅਨੰਤ ਸਾਗਰ ਵਿਚ ਅਭੇਦ ਹੋ ਜਾਏਗਾ। ਇਹ ਵੀ ਮੈਂ ਆਪਣੀ ਉਸ ਪਿਆਰੀ ਦੀ ਅਪਾਰ ਕਿਰਪਾ ਸਮਝਦਾ ਹਾਂ ਕਿ ਜਿਸ ਦੀ ਯਾਦ ਵਿਚ ਘੁਲ ਰਿਹਾ ਹਾਂ। ਜੇ ਉਸ ਦੀ ਜ਼ਿੰਦਗੀ ਨਾਲ ਮੇਰੀ ਇਹ ਗ਼ਮਾਂ ਦੀ ਪੂੰਜੀ ਵੀ ਖੋਹ ਲਈ ਜਾਂਦੀ, ਫਿਰ ਮੈਂ ਕੀ ਕਰਦਾ।
'ਪਾਲੀ। ਮੈਂ ਤੇਰੀ ਯਾਦ ਦੇ ਸਿਮਰਨ ਨਾਲ ਪਵਿੱਤ੍ਰ ਹੋ ਰਿਹਾ ਹਾਂ? ਪਾਪ ਧੋ ਰਿਹਾ ਹਾਂ। ਸ਼ਾਇਦ ਇਹ ਪਵਿੱਤ੍ਰਤਾ ਹੀ ਤੇਰੇ ਤੱਕ ਪੁੱਜਣ ਦਾ ਸੱਚਾ ਤੇ ਸਹੀ ਮਾਰਗ ਹੈ।
ਹੋ ਸਕਦਾ ਹੈ ਕਿਸੇ ਲਈ ਇਹ ਇਕ ਕਹਾਣੀ ਹੋਵੇ, ਪਰ ਮੇਰੇ ਲਈ ਇਸ ਨੂੰ ਸਦਾ ਦੁਹਰਾਂਦੇ ਰਹਿਣਾ ਜ਼ਿੰਦਗੀ ਦੀ ਪੂਜਾ ਹੈ। ਖ਼ਬਰੇ ਮੈਂ ਇਸ ਕਰ ਕੇ ਹੀ ਅੱਜ ਤੀਕ ਜਿੰਦਾ ਹਾਂ ਅਤੇ ਹੋਰ ਕੁਝ ਮੈਨੂੰ ਚੰਗਾ ਵੀ ਨਹੀਂ ਲਗਦਾ।
****
ਮੈਂ ਆਪਣੇ ਗੁਰੂਦੇਵ ਕੋਲ ਵਿਦਿਆ ਪੜ੍ਹਦਾ ਰਿਹਾ, ਤਾਂ ਕਿ ਆਪਣੇ ਜੀਵਨ ਵਿਚ ਨਿੱਗਰ ਸਚਾਈ ਤੇ ਸੁੱਚੀ ਪਵਿੱਤ੍ਰਤਾ ਭਰ ਸਕਾਂ। ਕੋਈ ਆਦਮੀ ਆਪਣੀ ਮਾਤਾ ਤੇ ਗੁਰੂਦੇਵ
ਦਾ ਦੇਣਾ ਨਹੀਂ ਦੇ ਸਕਦਾ, ਜਿਨ੍ਹਾਂ ਦੀ ਮਿਹਰਬਾਨੀ ਸਦਕਾ ਉਹ ਜੀਵਨ ਨੂੰ ਪਾਉਂਦਾ ਹੈ। ਉਦੋਂ ਮੇਰੀ ਉਮਰ ਕੁਲ ਅਠਾਰਾਂ ਵਰ੍ਹਿਆਂ ਦੀ ਸੀ । ਵਿਦਿਆ ਦੇ ਸੁੰਦਰ ਭਾਵ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਵਿਚ ਚਮਕਣ ਲਗ ਪਏ ਸਨ। ਮੈਂ ਵੀ ਹਰ ਕੰਮ ਵਿਚ ਸੁਆਦ ਤੇ ਚਾਅ ਜਿਹਾ ਮਹਿਸੂਸ ਕਰ ਰਿਹਾ ਸਾਂ। ਉਦੋਂ ਮੈਨੂੰ ਕੀ ਪਤਾ ਸੀ ਕਿ ਇਹ ਨਿੱਕੀਆਂ ਸੁਆਦ ਬੂੰਦਾਂ ਹੀ ਇਕ ਦਿਨ ਮਿਲ ਕੇ ਦਰਿਆ ਤੇ ਉਸ ਪਿਛੋਂ ਸਾਗਰ ਹੋ ਜਾਣਗੀਆਂ, ਜਿਸ ਵਿਚ ਮੇਰੀ ਨਤਾਣੀ ਨਈਆ ਗੋਤੇ ਖਾਵੇਗੀ। ਇਸ ਮਾਸੂਮ ਚਾਅ ਚੰਗਿਆੜੀਆਂ ਤੋਂ ਭਾਂਬੜ ਹੋ, ਮੈਨੂੰ ਸਾਰੇ ਨੂੰ ਝੁਲਸ ਸੁੱਟਣਗੇ। ਨਿੱਕੀਆਂ ਚੀਜਾਂ ਸਮੇਂ ਨਾਲ ਵੱਡੀਆਂ ਹੁੰਦੀਆਂ ਹਨ ਅਤੇ ਵੱਡੀਆਂ ਮੁੜ ਇਨਕਲਾਬ ਨੂੰ ਪੁੱਜ ਕੇ ਪ੍ਰਮਾਣੂ ਹੋ ਡਿਗਦੀਆਂ ਹਨ। ਜਿਨ੍ਹਾਂ ਵਿਚ ਕਾਲ ਕਦੇ ਆਪਣੇ ਦੌਰੇ ਨਾਲ ਫਿਰ ਜ਼ਿੰਦਗੀ ਧੜਕਾਂਦਾ ਹੈ। ਮੇਰੇ ਖਿਆਲ ਵਿਚ ਫਨਾਹ ਕੋਈ ਚੀਜ਼ ਵੀ ਨਹੀਂ ਹੁੰਦੀ, ਕੇਵਲ ਟੁੱਟ ਭੱਜ ਕੇ ਆਪਣੇ ਅਸਲੇ ਨੂੰ ਲੱਭਦੀ ਹੈ। ਕੀ ਫਿਰ ਮੇਰੀਆਂ ਰਾਤ ਦਿਨ ਦੀਆਂ ਪ੍ਰੀਤ ਪ੍ਰਾਰਥਨਾਵਾਂ, ਮੈਨੂੰ ਮੇਰੀ ਪ੍ਰਿਆ ਕੋਲ ਨਹੀਂ ਖਿੱਚ ਰਹੀਆਂ? ਨਿਰਸੰਦੇਹ ਮੈਂ ਕੁਦਰਤ ਦੀ ਚਾਲ ਅਧੀਨ ਆਪਣੇ ਮਾਰਗ ਤੇ ਸਹੀ ਜਾ ਰਿਹਾ ਹਾਂ। ਦੁਨੀਆ ਦੀ ਚਿੜਾਂਦ ਮੇਰਾ ਧਿਆਨ ਨਹੀਂ ਤੋੜ ਸਕੇਗੀ, ਮੈਂ ਆਪਣੀ ਪਿਆਰੀ ਦੀ ਯਾਦ ਵਿਚ ਵਿਸਮਾਦ ਹੋਇਆ ਰਹਾਂਗਾ।
ਅੱਜ ਤੋਂ ਲਗਭਗ ਚਾਰ ਸਾਲ ਪਹਿਲਾਂ ਇਕ ਸੁਹਾਵਣੀ ਸਵੇਰ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਕਿ ਮੰਜੇ ਤੋਂ ਉਠਦੇ ਨੂੰ ਹੀ ਦੋ ਨਿੱਛਾਂ ਆਈਆਂ ਸਨ । ਪ੍ਰਭਾਤ ਵਾਂਗ ਮੇਰੇ ਵੀ ਬੁਲ੍ਹ ਹੱਸੇ। "ਕੀ ਮੈਨੂੰ ਵੀ ਕੋਈ ਯਾਦ ਕਰਦਾ ਹੈ? ਨਿੱਛਾਂ ਦਾ ਸਵੇਰੀ ਆਉਣਾ ਤਾਂ ਇਹੀ ਜ਼ਾਹਰ ਕਰਦਾ ਹੈ, ਪਰ ਮੇਰਾ ਤੇ ਕੋਈ ਪਿਆਰਾ ਨਹੀਂ, ਮੈਨੂੰ ਕਿਸ ਯਾਦ ਕਰਨਾ ਹੈ। ਓਦੋਂ ਮੈਨੂੰ ਆਪਣੇ ਗੁਰੂਦੇਵ ਦਾ ਕਹਿਣਾ ਚੇਤੇ ਆਇਆ।
'ਕੁਦਰਤ ਦਾ ਹਰ ਨਿੱਕੇ ਤੋਂ ਨਿੱਕਾ ਅੰਗ ਕਿਸੇ ਨਾ ਕਿਸੇ ਲਈ ਜ਼ਰੂਰ ਇਕ ਤਕੜੀ ਖਿੱਚ ਰਖਦਾ ਹੈ। ਇਕ ਮਾਮੂਲੀ ਕਲੀ ਭੌਰੇ ਦਾ ਦਿਲ ਵਿੰਨ੍ਹਦੀ ਹੈ। ਘੰਡਾ ਰੇੜੀ ਦੀਆਂ ਸੁਰਾਂ ਜੰਗਲ ਵਿਚ ਮਿਰਗ ਨੂੰ ਖੀਵਾ ਅਤੇ ਬੱਦਲ ਗੂੰਜਾਂ ਇਕ ਮੋਰ ਨੂੰ ਨਿਰਤ ਲਈ ਮਜਬੂਰ ਕਰਦੀਆਂ ਹਨ।
ਕੀ ਫਿਰ ਮੇਰੀ ਨਿਖਰ ਰਹੀ ਜਵਾਨੀ ਕਿਸੇ ਲਈ... ! ਮੇਰੇ ਜਵਾਨ ਭਾਵ ਏਥੇ ਆ ਕੇ ਸ਼ਰਮਾ ਗਏ। ਸ਼ਰਮ ਇਸਤਰੀ ਪੁਰਸ਼ ਦੀ ਸਾਂਝੀ ਜੀਵਨ ਪੂੰਜੀ ਹੈ, ਜਿਸ ਨੂੰ ਅਸੀਂ ਦੋਹੀਂ ਹੱਥੀ ਲੁਟਾਂਦੇ ਅਫਸੋਸ ਨਹੀਂ ਕਰਦੇ।
ਉਸ ਦਿਨ ਮੈਂ ਕਿਤੇ ਆਪਣੀ ਰਿਸ਼ਤੇਦਾਰੀ ਵਿਚ ਜਾਣਾ ਸੀ । ਦਹੀਂ ਪੀ ਕੇ ਮੈਂ ਲੀੜੇ ਪਾਏ। ਇਕ ਪੰਜਾਬੀ ਰਸਾਲਾ, ਆਪਣੀ ਨੋਟ ਬੁਕ, ਕਲਮ ਤੇ ਥੈਲਾ ਚੁੱਕ ਕੇ ਮੈਂ ਘਰੋਂ ਨਿਕਲਿਆ। ਓਦੋਂ ਮੇਰੇ ਹਰ ਕੰਮ ਵਿਚ ਇਕ ਨਵਾਂ ਚਾਅ ਹੁੰਦਾ ਸੀ। ਘਰੋਂ ਨਿਕਲ ਕੇ ਮੈਂ ਆਪਣੇ ਘਰ ਨੂੰ ਮੁੜ ਭੁੱਖੀ ਰੀਝ ਨਾਲ ਵੇਖਿਆ। ਭਾਵੇਂ ਮੈਂ ਦੋ ਦਿਨ ਲਈ ਹੀ ਬਾਹਰ ਜਾਂ ਰਿਹਾ ਸਾਂ, ਪਰ ਫਿਰ ਵੀ ਮੇਰਾ ਸਬਰ ਇਕ ਦਿਨ ਬਾਹਰ ਰਹਿ ਕੇ ਐਨਾ ਉਤਾਵਲਾ ਹੋ ਜਾਂਦਾ, ਜਿਵੇਂ ਮੈਂ ਇਕ ਸਾਲ ਤੋਂ ਆਪਣੀ ਜਨਮ ਭੂਮੀ ਨੂੰ ਤਰਸ ਰਿਹਾ ਹਾਂ। ਮੈਂ ਗੱਡੀ ਚੜ੍ਹਨਾ ਸੀ ਤੇ ਮੇਰਾ ਸਟੇਸ਼ਨ ਦੋ ਮੀਲ ਤੇ ਸੀ। ਗੱਡੀ ਦੇ ਟਾਈਮ ਤੋਂ ਮੈਂ ਦੋ ਘੰਟੇ ਪਹਿਲਾਂ ਤੁਰਿਆ ਸਾਂ।