

ਮੈਂ ਸਮਝਦੀ ਹਾਂ, ਜੇ ਉਸ ਨੂੰ ਕੋਈ ਵਰਜ਼ ਸਕਦਾ ਹੈ ਤਾਂ ਇਕ ਤੂੰ ਹੀ ਹੈਂ ਤੇਰੇ ਭਾਵੇਂ ਆਖੇ ਲਗ ਜਾਵੇ, ਹੋਰ ਤਾਂ ਰੱਬ ਦੇ ਆਖੇ ਵੀ ਨਹੀਂ ਲੱਗਦਾ! ਰੱਬ ਦੇ ਵਾਸਤੇ ਉਸ ਨੂੰ ਕਿਵੇਂ ਇਸ ਕੰਮੋਂ ਹਟਾ। ਮੈਂ ਤੇਰਾ ਅਹਿਸਾਨ ਉਮਰ ਭਰ ਨਹੀਂ ਭੁੱਲਾਂਗੀ। ਜ਼ਰੂਰ ਬਰ ਜ਼ਰੂਰ, ਮੇਰੀ ਬੇਨਤੀ ਹੱਥ ਬੰਨ੍ਹ ਕੇ ਹੈ।
-ਤੇਰੀ ਭਾਬੀ ਤਾਰੋ
ਲਿਖਤ ਭਾਵੇਂ ਚਿਧਮਿਧ ਤੇ ਵਿੰਗੀ ਟੇਢੀ ਸੀ, ਪਰ ਮੈਂ ਅੱਖਰ ਜੋੜ ਸਾਰੀ ਪੜ੍ਹ ਲਈ ਅਤੇ ਸਤਿਨਾਮ ਦੇ ਦਿਲ ਦੀ ਹਕੀਕਤ ਮੇਰੇ ਅੱਗੇ ਨੰਗੀ ਹੋ ਗਈ। ਮੈਨੂੰ ਬੜਾ ਗੁੱਸਾ ਆਇਆ ਅਤੇ ਓਨਾ ਹੀ ਅਫਸੋਸ। ਮਨੁੱਖੀ ਫ਼ਿਤਰਤ ਕਿੰਨੀ ਕਮਜ਼ੋਰ ਹੈ।
ਭਰਤੀ ਹੋ ਕੇ ਚਲੇ ਜਾਣ ਲਈ ਮੈਂ ਜ਼ਰੂਰੀ ਚੀਜ਼ਾਂ ਨਾਲ ਲੈ ਜਾਣ ਵਾਸਤੇ ਇਕੱਠੀਆਂ ਕਰ ਲਈਆਂ ਅਤੇ ਅਗਲੇ ਦਿਨ ਹੀ ਚਲੇ ਜਾਣ ਦਾ ਇਰਾਦਾ ਸੀ। ਤਾਰੋ ਵਲੋਂ ਆਈ ਚਿੱਠੀ ਬਾਰੇ ਕੁਝ ਕਰਨ ਲਈ ਮੈਂ ਸੋਚ ਰਿਹਾ ਸਾਂ। ਪਾਲ ਨੇ ਮੇਰੇ ਕੋਲ ਇਸ ਗੱਲ ਨੂੰ ਉੱਕਾ ਨਹੀਂ ਸੀ ਦਸਿਆ। ਖ਼ਬਰੇ ਸਤਿਨਾਮ ਨੇ ਜ਼ਬਾਨੀ ਉਸ ਨੂੰ ਕੁਝ ਕਿਹਾ ਹੀ ਨਾ ਹੋਵੇ ਜਾਂ ਪਾਲ ਨੇ ਹੀ ਇਹ ਗੱਲ ਮੇਰਾ ਦੋਸਤ ਹੋਣ ਕਰਕੇ ਜ਼ਾਹਰ ਨਾ ਕੀਤੀ ਹੋਵੇ। ਉਹ! ਨਹੀਂ ਪਾਲ ਨੇ ਇਕ ਵਾਰ ਕਿਹਾ ਤਾਂ ਸੀ, 'ਉਹ ਦੋਸਤ ਦੀ ਪਿਆਰੀ ਚੀਜ਼ ਖੋਹ ਲੈਣ ਲਈ ਵੀ ਕਾਹਲਾ ਹੈ। ਪਾਲ ਕਿੰਨੀ ਚੰਗੀ, ਜਿਸ ਨੇ ਸਤਿਨਾਮ ਬਾਰੇ ਸਭ ਕੁਝ ਲਕੋ ਰਖਿਆ। ਉਹ ਮੇਰੇ ਦਿਲ ਨੂੰ ਸਮਝਦੀ ਸੀ, ਜੋ ਆਪਣੇ ਦੋਸਤ ਦੀ ਅਜਿਹੀ ਗੱਲ ਸੁਣ ਕੇ ਕਿੰਨਾ ਕੁ ਦੁੱਖ ਹੋਵੇਗਾ, ਪਰ ਸਤਿਨਾਮ ਦੋਸਤੀ ਦੇ ਨਿਸ਼ਾਨ ਤੋਂ ਕਿਵੇਂ ਦੂਰ ਜਾ ਪਿਆ।
ਪਿਆਰੇ ਦੋਸਤ,
ਤੂੰ ਪਿਆਰੇ ਹੋਣ ਦੀ ਹੈਸੀਅਤ ਤਾਂ ਗੰਵਾ ਚੁੱਕਾ ਏਂ, ਪਰ ਤੇਰੀ ਮੁਹੱਬਤ ਮੇਰੇ ਮਨ ਵਿਚ ਅਜੇ ਵੀ ਘਟ ਨਹੀਂ ਹੋਈ। ਮੈਨੂੰ ਤੇਰੇ ਤੇ ਹੱਦੋਂ ਵਧ ਅਫਸੋਸ ਹੈ। ਤੈਨੂੰ ਵੀ ਹੋਵੇਗਾ, ਕਿਉਂਕਿ ਪਾਲ ਬਾਰੇ ਤੇਰੇ ਖ਼ਿਆਲ ਮੈਥੋਂ ਗੁਝੇ ਨਹੀਂ ਰਹੇ, ਤੂੰ ਉਨ੍ਹਾਂ ਨੂੰ ਛੁਪਾਣ ਦਾ ਭਾਵੇਂ ਲੱਖ ਯਤਨ ਕੀਤਾ।
ਦੋਸਤ ਕੀ ਹੁੰਦਾ ਹੈ ? ਇਕ ਦੁਖੀ ਮਨ ਦਾ ਆਰਾਮ ਟਿਕਾਣਾ ਜਾਂ ਮਜ਼ਲੂਮ ਲਈ ਨਿੱਘੀ ਪਨਾਹ। ਜ਼ਿੰਦਗੀ ਦੇ ਆਦਰਸ਼ ਨੂੰ ਪਾਉਣ ਲਈ ਸਾਹਸ ਤੇ ਬਲ। ਪ੍ਰਿਯ ਤੋਂ ਉਤਰ ਕੇ ਦੋਸਤ ਸਭ ਕੁਝ ਹੈ, ਦੋਸਤ ਪ੍ਰਿਯ ਵਰਗੀ ਹੀ ਇਕ ਮਿੱਠੀ ਤਸੱਲੀ ਹੈ। ਸਮਾਜਕ ਤੇ ਆਰਥਕ ਨੁਕਤਾ ਨਿਗਾਹ ਤੋਂ ਸਾਰੇ ਸੰਕਟਾਂ ਨੂੰ ਚੀਰ ਕੇ ਮਨੁੱਖੀ ਦਿਲ ਕੋਲ ਪਹੁੰਚਿਆ ਸੰਦੇਸ਼ ਹੈ।
ਪਤਨੀ ਕੀ ਹੈ? ਜੀਵਨ ਦਾ ਪੂਰਨ ਅੱਧ, ਵਫ਼ਾ ਦੇ ਸਾਥ ਵਿਚ ਨਿਰੋਲ ਮਿਠਾਸ ਅਤੇ ਆਪਣੇ ਆਪ ਵਿਚ ਪੂਰਨ ਕਾਮਯਾਬੀ। ਸ਼ਾਇਦ ਤੂੰ ਇਸ ਗੱਲ ਨੂੰ ਮਹਿਸੂਸ ਨਹੀਂ ਕਰਦਾ ਕਿ ਜਦੋਂ ਇਕ ਪਤੀ ਆਪਣੀਆਂ ਪਿਆਰ ਬਾਹਾਂ ਪਤਨੀ ਦੇ ਗਲੋਂ ਤੋੜ ਕੇ ਕਿਸੇ ਹੋਰ ਵਲ ਵਧਾਂਦਾ ਹੈ, ਓਦੋਂ ਰੱਬ ਦਾ ਦਿਲ ਦੁਖੀ ਹੋ, ਪਾਣੀ ਦੀ ਸ਼ਕਲ ਵਿਚ ਇਸਤਰੀਆਂ ਦੀਆਂ ਅੱਖਾਂ ਆ ਭਰਦਾ ਹੈ।