

'ਪਹਿਲੋਂ ਤੁਸੀਂ ਮੈਨੂੰ ਆਪਣਾ ਪਿੰਡ ਦਸੋ। ਫਿਰ ਮੈਂ ਤੁਹਾਨੂੰ ਸੁਨੇਹਾ ਦੇਵਾਂਗਾ। ਪਿਆਰਾ ਬੜਾ ਦੁਖੀ ਹੋ ਕੇ ਗੱਲਾਂ ਕਰ ਰਿਹਾ ਸੀ।
'ਮੇਰਾ ਪਿੰਡ ਛੀਨਾ ਹੈ।'
'ਤੁਸੀਂ ਤੇ ਬਿਲਕੁਲ ਸਾਡੇ ਲਾਗ ਦੇ ਹੋ।' ਉਸ ਹੱਥ ਮਿਲਾਂਦਿਆਂ ਕਿਹਾ, 'ਭਰਾ! ਸੁਨੇਹਾ ਕੋਈ ਨਹੀਂ ਇਕ ਪ੍ਰਾਰਥਨਾ ਹੈ। ਤੂੰ ਮੇਰੀ ਖ਼ਾਤਰ ਏਨਾ ਕੰਮ ਜ਼ਰੂਰ ਕਰੀਂ। ਤੁਹਾਡੇ ਪਿੰਡ ਤੋਂ ਤਲਵੰਡੀ ਤਿੰਨ ਮੀਲ ਹੈ। ਓਥੇ ਸੇਵਾ ਸਿੰਘ ਦੀ ਲੜਕੀ ਪ੍ਰਿਤਪਾਲ ਨੂੰ... ਉਹ ਚੁੱਪ ਹੋ ਗਿਆ।
ਮੇਰੀ ਏਨੀ ਗੱਲ ਸੁਣ ਕੇ ਹੈਰਾਨੀ ਵਿਚ ਹੋਸ਼ ਟਿਕਾਣੇ ਨਾ ਰਹੀ। ਪਰ ਆਪੇ ਤੇ ਮੁਸ਼ਕਲ ਨਾਲ ਕਾਬੂ ਪਾਉਂਦਿਆਂ ਕਿਹਾ, 'ਹਾਂ ਉਸ ਨੂੰ ਕੀ ਕਹਾਂ ?'
'ਉਸ ਨੂੰ ਬੇਨਤੀ ਕਰੀਂ ਕਿ ਪਿਆਰਾ ਸਿੰਘ ਕੋਕਰੀ ਵਾਲਾ ਈਸ਼ਵਰ ਨੂੰ ਸਾਖੀ ਜਾਣ ਕੇ ਆਪਣੇ ਗੁਨਾਹਾਂ ਦੀ ਤੇਰੇ ਪਾਸੋਂ ਮੁਆਫ਼ੀ ਮੰਗਦਾ ਹੈ। ਮੈਂ ਮੁੜ ਕੇ ਦੇਸ ਉੱਕਾ ਹੀ ਆਉਣਾ ਨਹੀਂ ਚਾਹੁੰਦਾ। ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤੇ ਹਨ, ਪਰ ਜੇ ਤੂੰ ਮੈਨੂੰ ਮੁਆਫ਼ ਨਾ ਕੀਤਾ, ਮੇਰੀ ਜਾਨ ਸੁਖਾਲੀ ਨਾ ਨਿਕਲ ਸਕੇਗੀ। ਮੈਂ ਤੇਰੇ ਮੱਥੇ ਨਹੀਂ ਲਗ ਸਕਦਾ। ਮੈਨੂੰ ਬਖਸ਼ ਦੇਵੀਂ ਇਕ ਪਾਪੀ ਨੂੰ ਜ਼ਰੂਰ ਬਖਸ਼ ਦੇਵੀਂ। ਮੈਂ ਆਪਣੀਆਂ ਕੀਤੀਆਂ ਦਾ ਫਲ ਪਾ ਚੁੱਕਾ ਹਾਂ, ਘਰ ਬਾਹਰ ਸਭ ਬਰਬਾਦ ਹੋ ਗਿਆ ਹੈ।
ਪਿਆਰਾ ਸਿੰਘ ਰੋ ਰਿਹਾ ਸੀ ਮੇਰੀ ਹਾਲਤ ਪਾਗਲਾਂ ਵਰਗੀ ਸੀ। ਮੈਨੂੰ ਥੋੜ੍ਹਾ ਸ਼ੱਕ ਇਸ ਤੇ ਪਾਲ ਦਾ ਪਤੀ ਹੋਣ ਦਾ ਪੈ ਰਿਹਾ ਸੀ। ਮੈਂ ਸੰਭਲਦਿਆਂ ਹੋਇਆ ਉਸ ਨੂੰ ਦਿਲਾਸਾ ਦੇਣਾ ਚਾਹਿਆ, 'ਜ਼ਰਾਂ ਤੁਸੀਂ ਰੋਵੋ ਨਾ, ਮੈਂ ਉਸ ਨੂੰ ਸਭ ਕੁਝ ਤੁਹਾਡੇ ਵਲੋਂ ਦੱਸਾਂਗਾ। ਤੁਸੀਂ ਆਪਣੀ ਸਾਰੀ ਵਿਥਿਆ ਸੁਣਾਓ।' ਮੈਂ ਅੰਦਰੋਂ ਅੰਦਰ ਕੰਬ ਰਿਹਾ ਸਾਂ।
'ਮੈਂ ਭਰਾ, ਉਸ ਬੇ-ਗੁਨਾਹ ਨੂੰ ਘਰੋਂ ਧੱਕਾ ਦਿੱਤਾ। ਘਰ ਵਾਲਿਆਂ ਦੀ ਚੁੱਕ ਵਿਚ ਆ ਕੇ ਦੂਜਾ ਵਿਆਹ ਕਰਵਾ ਲਿਆ। ਘਰ ਦੇ ਲਾਲਚ ਨੂੰ ਮਰਦੇ ਸਨ। ਦਿਲੋਂ ਮੈਂ ਵਿਆਹ ਕਰ ਕੇ ਉੱਕਾ ਹੀ ਰਾਜੀ ਨਹੀਂ ਸੀ । ਹੁਣ ਵਾਲੀ ਇਕ ਸਦੀਵ ਰੋਗ ਦੀ ਮਾਰੀ ਹੋਈ ਹੈ। ਉਸ ਦਾ ਤਾਪ ਨਹੀਂ ਹਟਦਾ। ਕੋਈ ਤਪਦਿਕ ਆਖਦਾ ਹੈ ਕੋਈ ਕੁਝ। ਮੇਰਾ ਦਿਲ ਟੁੱਟ ਗਿਆ। ਮੈਂ ਘਰ ਪਾਲ ਨੂੰ ਲਿਆਉਣ ਲਈ ਗੱਲ ਤੋਰੀ, ਬਾਪੂ ਨੇ ਲਾਲ ਪੀਲੀਆਂ ਅੱਖਾਂ ਕੱਢ ਖ਼ਾਮੋਸ਼ ਕਰ ਦਿੱਤਾ। ਮੈਂ ਚੋਰੀ ਦੋ ਵਾਰ ਪਾਲ ਨੂੰ ਮਿਲਣ ਦਾ ਯਤਨ ਕੀਤਾ, ਪਰ ਉਹ ਪਿੰਡ ਨਹੀਂ ਸੀ। ਉਸ ਵੇਲੇ ਮੈਨੂੰ ਉਸ ਦੀਆਂ ਨੇਕੀਆਂ ਯਾਦ ਆਉਣ ਲਗੀਆਂ। ਕਦੇ ਸਾਹਮਣੇ ਨਾ ਬੋਲਣਾ, ਸਦਾ ਕੰਮ ਵਿਚ ਜੁਟੇ ਰਹਿਣਾ, ਮੇਰੀ ਅਤਿ ਦੀ ਸੇਵਾ ਕਰਨੀ। ਓਹ! ਮੈਂ ਕਿੱਡਾ ਪੱਥਰ ਦਿਲ ਨਿਕਲਿਆ। ਮੈਂ ਸਰਦਾਰ ਜੀ ਬਹੁਤ ਪਾਪੀ ਹਾਂ ।
ਉਹ ਫਿਰ ਰੋ ਪਿਆ। ਮੇਰੀ ਸਮਝ ਕੋਈ ਫੈਸਲਾ ਨਾ ਕਰ ਸਕੀ ਕਿ ਮੈਂ ਹੁਣ ਕਿਸੇ ਪਾਸੇ ਨੂੰ ਨਿਕਲਾ। ਉਸ ਫਿਰ ਹਿਚਕੀਆਂ ਲੈਂਦਿਆਂ ਕਿਹਾ, 'ਬਸ ਭਰਾ। ਮੈਨੂੰ ਉਸ ਤੋਂ ਮੁਆਫ਼ੀ ਦੁਆ ਦੇਵੀਂ। ਆਖ ਦੇਵੀ ਕਿ ਉਹ ਆਪਣੇ ਗੁਨਾਹਾਂ ਤੇ ਝੂਰਦਾ ਮਰੇਗਾ। ਘਰਦਿਆਂ ਨੂੰ ਮੇਰਾ ਕੋਈ ਸੁਨੇਹਾ ਨਹੀਂ।