

ਕਾਇਆ ਤੋਂ ਕੇਵਲ ਵਿਛੜਦੀ ਰੂਹ ਹਾਉਕਾ ਭਰਦੀ ਹੈ।
ਤੇ ਮੈਂ ਤਾਂ ਪ੍ਰੇਮ ਦੀਆਂ ਕਈ ਮੰਜ਼ਲਾਂ ਨੂੰ ਛੱਡਦਾ
ਤਿਆਗ ਵਿਚ ਪ੍ਰਵੇਸ਼ਦਾ, ਕਿਉਂ ਨਾ ਸੋਗਵਾਰ ਹੁੰਦਾ।
ਭਾਵੇਂ ਇਹ ਸੋਗ, ਦੁਖ ਦੇ ਗਮ ਬਿਲਕੁਲ ਅਨਹੋਣੇ ਹਨ,
ਤੇ ਵਾਸਤਵ ਵਿਚ ਇਹ ਦ੍ਵੈਤਵਾਦ ਦੀ ਜੱਦੀ ਮਲਕੀਅਤ ਹਨ।
ਪਰ ਮੈਂ ਇਹ ਵੀ ਨਹੀਂ ਭੁਲ ਸਕਦਾ,
ਕਿ ਜਿੰਨਾ ਚਿਰ ਜ਼ਿੰਦਾ ਹਾਂ, ਇਨਸਾਨ ਹਾਂ, ਭਗਵਾਨ ਨਹੀਂ।
ਵਿਛੋੜੇ ਦਾ ਦੁਖ ਹੈ, ਅੱਖਾਂ ਵਿਚ ਹੰਝੂ ਹੈ,
ਹਾਉਕੇ ਹਨ, ਆਹਾਂ ਹਨ, ਸਭ ਕੁਝ ਹੈ।
ਤੇਰੀ ਆਰਾਧਨਾ ਮਨ ਨਾਲ ਹੋਵੇਗੀ।
ਅਤੇ ਇਹ ਹਾਉਕੇ ਤੇ ਹੰਝੂ
ਹੰਝੂ ਤੇਰੇ ਪ੍ਰੀਤ-ਹਵਨ ਵਿਚ ਸਮਗਰੀ ਦਾ ਕੰਮ ਦੇਣਗੇ।
ਤਿਆਗ ਤੇ ਪਿਆਰ ਦੇਖਣ ਵਿਚ ਓਪਰੇ ਹਨ।
ਪਰ ਅਸਲ ਵਿਚ ਇਹ ਇਕੋ ਮਾਇਆ ਮਾਂ ਦੇ ਜਾਏ ਭਰਾ ਹਨ।
ਪਿਆਰ ਹੈ ਪ੍ਰਿਯਾ ਵਿਚ ਸੰਸਾਰ ਭੁਲ ਜਾਣਾ
ਤੇ ਤਿਆਗ ਪਿਆਰ ਵਿਚ ਅਸਲੀਅਤ ਨੂੰ ਪਾ ਲੈਣਾ।
ਗੁਲਾਬ ਵਿਚੋਂ ਨਾ ਰੰਗ ਵਖ ਹੋ ਸਕਦਾ ਹੈ ਨਾ ਸੁਗੰਧੀ।
ਜੀਵਨ ਵਿਚੋਂ ਨਾ ਪਿਆਰ ਨਖੇੜਿਆ ਜਾ ਸਕਦਾ ਹੈ ਨਾ ਤਿਆਗ
ਇਕ ਦਾ ਜਨਮ ਦੂਜੇ ਲਈ ਅਸ਼ੀਰਵਾਦ ਹੈ,
ਇਕ ਦਾ ਖ਼ਾਤਮਾ ਦੂਜੇ ਲਈ ਮੌਤ ਸੁਨੇਹਾ।
ਇਨ੍ਹਾਂ ਦੀ ਰਲਵੀਂ ਸਾਂਝ ਜੀਵਨ ਸੰਗਾਰਦੀ ਹੈ,
ਪਵਿਤ੍ਰਤਾ ਤੇ ਕੁਰਬਾਨੀ ਇਕ ਦੂਜੇ ਦਾ ਮੂੰਹ ਚੁੰਮਦੀਆਂ ਹਨ।
ਅਸੀ ਭਗਵਾਨ ਤੋਂ ਵਿਛੜੀਆਂ ਦੋ ਭਟਕਦੀਆਂ ਰੂਹਾਂ ਹਾਂ,
ਕਿਸੇ ਕਤਰੇ ਤੀ ਸਿੱਧੀ ਸਾਗਰ ਨਾਲ ਅਸ਼ਨਾਈ ਨਹੀਂ ਹੋ ਸਕਦੀ।
ਦੋ ਦਿਲਾਂ ਦੇ ਪਿਆਰ ਵਿਚ ਮੁਗਧ ਹੋਣਾ ਭਗਤੀ ਹੈ।
ਤੇ ਭਗਤੀ ਤੋਂ ਉਠ ਕੇ ਤਿਆਗ ਧਾਰਨਾ,
ਉਹਨਾਂ ਦੀ ਅਲਪੱਗਤਾ ਦੇ ਕੁਲ ਬੰਧਨ ਕਟਦਾ ਹੈ।
ਜੇਹਾ ਕਿ ਪਿਆਰ ਤੇ ਤਿਆਗ ਦੀ ਖਿੱਚੋਤਾਣ ਸਹਿਜ ਦੀ ਜਨਮ ਦਾਤਾ ਹੈ,
ਜੋ ਕੁਲ ਅਸਾਧ ਰੋਗਾਂ ਲਈ ਇਕੋ ਇਕ ਸੰਜੀਵਨੀ ਹੈ।