

'ਤਾਂ ਫਿਰ ਕੀ ਹੋਇਆ ਬੇਬੇ ਜੀ। ਚੱਕ ਲਵਾਂਗੇ ਸਿਰ ਨੀਵਾਂ ਕਰ ਕੇ ਚੌ ਪੁਰਾਣੀ।'
ਪਾਲ ਲੱਸੀ ਪੀ ਰਹੀ ਸੀ। ਸਾਰਿਆਂ ਦੇ ਹਾਸੇ ਨਾਲ ਉਸ ਨੂੰ ਵੀ ਹਾਸੇ ਨਾਲ ਗਲਹੱਥੂ ਆ ਗਿਆ। ਭੈਣ ਜੀ ਦੇ ਹਸਦਿਆਂ ਅੱਖਾਂ ਵਿਚੋਂ ਪਾਣੀ ਆ ਗਿਆ।
'ਦੇਖਿਆ, ਇਹ ਤਾਂ ਸਭ ਮੋਰੀ ਨਿਕਲ ਜਾਂਦਾ ਏ' ਭੈਣ ਨੇ ਹਸਦਿਆਂ ਹਸਦਿਆਂ ਮਸਾਂ ਕਿਹਾ।
ਮੈਂ ਮੁੜ ਕੁਰਸੀ ਤੇ ਆ ਬੈਠਾ। ਮੈਨੂੰ ਇਸ ਪ੍ਰਕਾਰ ਦੀ ਸਾਰੀ ਖੱਪ ਤੋਂ ਇਕ ਤਰ੍ਹਾਂ ਨਫਰਤ ਜਿਹੀ ਸੀ। ਅਸਲ ਵਿਚ ਮੇਰੇ ਅੰਦਰ ਕਾਮਨਾਵਾਂ ਭਟਕੀਆਂ ਹੋਈਆਂ ਸਨ। ਉਹ ਸਾਂਤ ਹੁੰਦੀਆਂ ਨਹੀਂ ਸਨ ਅਤੇ ਮੈਨੂੰ ਟਿਕਾ ਆਉਂਦਾ ਨਹੀਂ ਸੀ। ਏਸੇ ਕਰਕੇ ਸਾਰੀ ਦੁਨੀਆ ਨੂੰ ਪਾਗਲਖਾਨਾ ਸਮਝਣ ਲਈ ਮਜਬੂਰ ਸਾਂ। ਕਈਆਂ ਦਿਨਾਂ ਤੋਂ ਇਸ ਸੋਚ ਵਿਚ ਬਿਲਕੁਲ ਚੂਰ ਹੋਇਆ ਪਿਆ ਸਾਂ ਕਿ ਕਿਉਂ ਨਾ ਆਪਣੀਆਂ ਜੀਵਨ ਆਸਾਂ ਪਾਲ ਦੇ ਸੱਖਣੇ ਜੀਵਨ ਪਿਆਲੇ ਵਿਚ ਉਲਟੀਆਂ ਜਾਣ। ਪਰ ਮਨ ਪੂਰਨ ਰਾਜ਼ੀ ਨਹੀਂ ਸੀ। ਗੁਰੂਦੇਵ ਗਿਆਨ ਅੱਡ ਹੀ ਨਿਰਾਲੇ ਰਾਹਾਂ ਵਿਚ ਖਿੱਚੀ ਫਿਰਦਾ ਸੀ। ਪਾਲ ਦਾ ਹੁਸਨ ਨਿੱਤ ਨਿਖਰਵੀਂ ਸਵੇਰ ਬਣ ਮੇਰੇ ਦਿਲ ਦੀ ਧਰਤੀ ਪ੍ਰਕਾਸ਼ ਰਿਹਾ ਸੀ। ਵਿਲਕਦੀਆਂ ਕਾਮਨਾਵਾਂ ਪਾਲ ਵਲ ਬਾਹਾਂ ਚੁੱਕ-ਚੁੱਕ ਭਜਦੀਆਂ ਪਰ ਮਨ ਮਜਬੂਰ ਇਰਾਦੇ ਤੇ ਅਡੋਲ ਖਲੋਤਾ, ਆਫ਼ਤਾਂ ਤੇ ਝੋਲਿਆਂ ਵਿਚ ਦੀ ਆਪਣੇ ਆਦਰਸ਼ ਨੂੰ ਪਛਾਣਦਾ ਖਾਮੋਸ਼ ਸੀ। ਕਾਮਨਾਵਾਂ ਰਬੜ ਦੇ ਫੀਤੇ ਵਾਂਗ ਵਧਦੀਆਂ ਮੁੜ ਆਪਣੇ ਖੁਸ਼ਕ ਘੁਰਨਿਆਂ ਵਿਚ ਆ ਵੜਦੀਆਂ ਸਨ। ਕਿਉਂਕਿ ਮਨ ਬਿਨਾਂ ਉਨ੍ਹਾਂ ਦੀ ਕਿਤੇ ਵੀ ਪਹੁੰਚ ਨਹੀਂ ਸੀ। ਮੈਨੂੰ ਇਉਂ ਭਾਸ ਰਿਹਾ ਸੀ ਜਿਵੇਂ ਮੇਰੇ ਗੁਰੂਦੇਵ ਮੇਰੀ ਹਰ ਨਿੱਕੀ ਮੋਟੀ ਹਰਕਤ ਨੂੰ ਮੇਰੇ ਸਿਰ ਤੇ ਖਲੋਕੇ ਦੇਖ ਰਹੇ ਹਨ ਅਤੇ ਮੇਰੇ ਹੋ ਰਹੇ ਇਮਤਿਹਾਨ ਦਾ ਅਨੰਦ ਮਿੱਠੀਆਂ ਮੁਸਕਾਣਾਂ ਵਿਚ ਮਾਣ ਰਹੇ ਹਨ।
ਚੰਗਾ ਗੋਰਖਧੰਦਾ ਮੇਰੇ ਅੱਗੇ ਸੁੱਟਿਆ ਹੈ ਗੁਰੂਦੇਵ!
ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਪਾਲ ਦੇ ਮੇਰੇ ਕੋਲ ਆ ਜਾਣ ਤੇ ਮੇਰਾ ਸਬਰ ਬਿਲਕੁਲ ਅਡੋਲ ਇਕ ਅਚਾਰਯ ਦੇ ਦਿਲ ਵਾਂਗ ਗੰਭੀਰ ਹੋ ਜਾਂਦਾ ਸੀ, ਪਰ ਉਸ ਦੇ ਚਲੇ ਜਾਣ ਤੇ ਜਾਂ ਪਰੇ ਹੋ ਜਾਣ ਤੇ ਦਿਲ ਵਿਚ ਮਚਲਾਣ ਉੱਠ ਖਲੋਂਦੀ। ਕੋਈ ਦੈਵੀ ਸ਼ਕਤੀ ਉਸ ਵੇਲੇ ਮਨ ਨੂੰ ਸਵੱਛ ਤੇ ਪਵਿਤ੍ਰ ਬਣਾ ਦੇਂਦੀ ਹੈ। ਜੇਕਰ ਕੋਈ ਉਸ ਵੇਲੇ ਮਨ ਅੰਦਰ ਨੂੰ ਦੇਖਦਾ ਤੇ ਭਗਤੀ ਭਾਵਨਾ ਦਾ ਕਾਇਲ ਹੋ ਕੇ ਖ਼ਿਆਲ ਕਰਦਾ ਕਿ ਇਸ ਵਿਚ ਸ਼ੈਤਾਨ ਰੂਹ ਆ ਕੇ ਅੱਧਾ ਪਲ ਵੀ ਜੀਉਂਦੀ ਨਹੀਂ ਰਹਿ ਸਕਦੀ। ਪਰ ਜਦੋਂ ਫਿਤਰਤ ਸਵੇਰ ਦੀ ਬਜਾਏ ਸ਼ਾਮ ਦੀ ਝਾਕੀ ਲਿਆਉਂਦੀ ਤਾਂ ਖਿਆਲ ਕਰਦਾ ਕਿ ਇਸ ਗੁਨਾਹ ਘਰ ਵਿਚ ਕਿਸੇ ਪਵਿਤ੍ਰ ਆਤਮਾ ਨੇ ਅਜ਼ਲਾਂ ਤੋਂ ਪੈਰ ਨਹੀਂ ਰਖਿਆ। ਜੀਵਨ ਦੇ ਦੋ ਪਹਿਲੂ ਨਫ਼ਰਤ ਦੇ ਪਿਆਰ, ਗੁਨਾਹ ਤੇ ਨੇਕੀ ਸਦਾ ਤੋਂ ਖਹਿੰਦੇ ਆਏ ਹਨ। ਗੁਰੂਦੇਵ ਦਾ ਉਪਦੇਸ਼ ਸੀ:
'ਪਿਆਰ ਤੇਰਾ ਮਹਿਬੂਬ ਹੈ ਤੇ ਉਸ ਨੂੰ ਮਿਲਣਾ ਨੇਕੀ। ਗੁਨਾਹ ਤੇਰਾ ਵੈਰੀ ਹੈ ਤੇ ਨਫਰਤ ਤੇਰੀ ਉਸ ਨਾਲ ਲੜਾਈ।
'ਪਰ ਮੇਰੇ ਗੁਰੂਦੇਵ ਮੈਂ ਗੁਨਾਹ ਨੂੰ ਛੋਹੇ ਬਿਨਾਂ ਪਿਆਰ ਨੂੰ ਕਿਉਂ ਕਰ ਜਾਣ ਸਕਾਂਗਾ।