'ਨਾ ਸਾਰੇ ਮਰਦ ਅਜਿਹੇ ਹੋ ਸਕਦੇ ਹਨ ਅਤੇ ਨਾ ਹੀ ਇਸਤਰੀਆਂ।' ਮੈਂ ਵਿਚੋਂ ਬੋਲ ਪਿਆ।
'ਚੁੱਪ ਰਹੋ ਵੱਡੇ ਮਰਦ ਆਏ ਨੇ।' ਪਾਲ ਦਾ ਗੁੱਸਾ ਮੇਰੇ ਉਪਰ ਵੀ ਵਰ੍ਹਿਆ, ਪਰ ਇਹ ਉਸ ਦੇ ਵਸ ਦੀ ਗੱਲ ਨਹੀਂ ਸੀ । ਹੁਣ ਵੀ ਉਸ ਦੇ ਸੋਗੀ ਅਤੇ ਗੁਸੈਲ ਚਿਹਰੇ ਵਲ ਦੇਖਿਆ ਨਹੀਂ ਸੀ ਜਾਂਦਾ। ਉਸ ਮੁੜ ਕਿਹਾ, 'ਬਲਬੀਰ ਖਿਮਾਂ ਕਰਨਾ, ਪਰ ਹੁਣ ਤੁਸਾਂ ਸਾਰੀ ਗੱਲ ਸੁਣੇ ਬਿਨਾਂ ਵਿਚੋਂ ਨਾ ਕੂਣਾ।'
'ਤੁਹਾਡਾ ਗਿਲਾ ਜਾਇਜ਼ ਹੈ ਤੁਸੀਂ ਜੀ ਸਦਕੇ ਗੁੱਸਾ ਕਰੋ। ਮੈਂ ਸਾਰੀ ਮਰਦ ਜਾਤੀ ਵਲੋਂ ਖਿਮਾਂ ਮੰਗਾਂਗਾ ਅਤੇ ਮਜ਼ਲੂਮ ਇਸਤਰੀ ਦੀ ਸੇਵਾ ਲਈ ਜਾਨ ਤਕ ਦੇਣ ਵਿਚ ਦਰੇਗ ਨਹੀਂ ਕਰਾਂਗਾ। ਤੁਸੀਂ ਅੱਗੇ ਸੁਣਾਓ।
ਹਾਂ, ਉਸ ਮੈਨੂੰ ਆਪਣੇ ਸਰੀਰ ਨਾਲ ਘੁਟ ਲਿਆ, ਉਸ ਵੇਲੇ ਮੇਰੀ ਅਵਾਜ ਟੁੱਟੇ- ਲਫ਼ਜ਼ਾਂ ਵਿਚ ਲੜਖੜਾਈ, 'ਜੇ ਮੈਂ ਠੀਕ ਬਚਨੇ ਦੀ ਹਾਂ, ਫਿਰ ਤੁਸੀਂ ਇਕ ਕਲੰਕੀ ਤੇ ਗੁਨਾਹੀ ਛਿਟ ਤੋਂ ਬਚੋ।'
'ਇਹ ਫ਼ਾਰਸੀਆਂ ਸਾਨੂੰ ਬਹੁਤ ਆਉਂਦੀਆਂ ਹਨ। ਅਸੀਂ ਚੋਪੜੀਆਂ ਮਾਰਨੀਆਂ ਜਾਣਦੇ ਹਾਂ। ਇਹੋ ਜੇਹੀਆਂ ਗੱਲਾਂ ਛੱਡ ਤੇ ਹੁਣ ਮਤਲਬ ਦੀ ਗੱਲ ਕਰ।
'ਕੀ ਅਜੇ ਕੋਈ ਚੋਭ ਬਾਕੀ ਰਹਿ ਗਈ ਹੈ । ਉਸ ਦੇ ਮੂੰਹੋਂ ਸ਼ਰਾਬ ਦੀ ਭੈੜੀ ਬੋ ਆ ਰਹੀ ਸੀ ਅਤੇ ਮੇਰਾ ਦਮ ਘੁਟਿਆ ਜਾ ਰਿਹਾ ਸੀ। 'ਮੈਂ ਚਾਹੁੰਦੀ ਹਾਂ ਤੁਸੀਂ ਆਪਣੇ ਮੰਜੇ ਤੇ ਚਲੇ ਜਾਓ।
'ਕਾਹਤੋਂ ?' ਉਸ ਨੇ ਮੈਨੂੰ ਜ਼ੋਰ ਦੀ ਜੱਫੀ ਵਿਚ ਘੁਟਦਿਆਂ ਕਿਹਾ।
'ਮੇਰਾ ਦਿਲ ਸ੍ਰਦਾਰ ਜੀ। ਤੁਸੀਂ ਜਰੂਰ ਮਿਹਰਬਾਨੀ ਕਰਕੇ..
'ਮੇਰਾ ਫਿਰ ਰੋਣ ਨਿਕਲ ਗਿਆ। ਰੱਬ ਜਾਣੇ ਉਹ ਐਤਕੀ ਕਿਉਂ ਪਸੀਜ ਗਿਆ ਅਤੇ ਕਹਿਣ ਲੱਗਾ, ਮੈਂ ਤਾਂ ਕੇਵਲ ਤੇਰਾ ਦਿਲ ਵੇਖਣ ਲਈ ਕਿਹਾ ਸੀ, ਅਸਲ ਵਿਚ ਕੋਈ ਗੱਲ ਨਹੀਂ।' ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਸ਼ਾਇਦ ਉਹ ਹੁਣ ਵੀ ਬਕ ਰਿਹਾ ਸੀ । ਰਬ ਉਸ ਰਾਤ ਤੋਂ ਪਨਾਹ ਦੇਵੇ ਭੁੱਖਾ ਜੱਟ, ਸ਼ਰਾਬ ਵਿਚ ਮਦਹੋਸ਼ ਤੇ ਇਕ ਨਿਮਾਣੀ ਜਿੰਦ ਉਸ ਦਾ ਸ਼ਿਕਾਰ।
ਮੈਨੂੰ ਸਾਰੀ ਰਾਤ ਦੀ ਨੀਂਦ ਨਾ ਆਈ, ਇਕ ਚੌਲਾਂ ਦੀ ਢਿੱਡ ਪੀੜ, ਦੂਜੇ ਦਿਲ ਵਿੰਨ੍ਹਣ ਵਾਲੀਆਂ ਬੋਲੀਆਂ, ਤੀਜੇ ਕਾਮਨਾ ਤੋਂ ਉਪਜੇ ਦਰਦ ਤੇ ਚੀਸਾਂ ਦੇ ਕਾਰਨ ਮੇਰਾ ਸਰੀਰ ਨਿਢਾਲ ਹੋ ਚੁੱਕਾ ਸੀ। ਪਾਸੇ ਪਰਤਦਿਆਂ ਹਾਉਕੇ ਭਰਦਿਆਂ ਤੇ ਪੀੜ ਨੂੰ ਘੁਟ ਘੁਟ ਸਹਿੰਦਿਆਂ ਸਵੇਰ ਦਾ ਮੂੰਹ ਵੇਖਿਆ। ਇਧਰ ਆਪ ਉਹ ਜ਼ਾਲਮ ਨਸ਼ੇ ਦੀ ਘੂਕੀ ਅਤੇ ਗੂਹੜੀ ਨੀਂਦ ਕਰਕੇ ਲੰਮੀਆਂ ਤਾਣੀ ਪਿਆ ਸੀ। ਸੂਰਜ ਚੜ੍ਹ ਆਇਆ ਅਤੇ ਮੈਂ ਉਸ ਨੂੰ ਲੱਤੋਂ ਖਿੱਚ ਕੇ ਜਗਾਇਆ। ਉਸ ਜਾਗਦੇ ਨੇ 'ਵਾਹਿਗੁਰੂ' ਕਿਹਾ। ਜਿਵੇਂ ਸਮਝਦਾ ਸੀ ਕਿ ਵਾਹਿਗੁਰੂ ਕਹਿਣ ਨਾਲ ਉਸ ਦੇ ਸਾਰਿਆਂ ਗੁਨਾਹਾਂ ਉਪਰ ਲੀਕ ਮਾਰੀ ਜਾਏਗੀ।
'ਇਹ ਬਲਬੀਰ ਜੀ।ਆਪਣੀ ਜਿੰਦਗੀ ਦੇ ਨਾਟਕ ਦਾ ਇਕ ਹਿੱਸਾ ਹੀ ਸੁਣਾਇਆ