ਹੈ ਬਾਕੀ ਦਾ ਵੀ ਸੁਣੋ ਪਰ ਪਹਿਲਾਂ ਮੈਨੂੰ ਪਾਣੀ ਪਿਲਾ ਕੇ ਕੁਝ ਤਕੜੀ ਕਰ ਲਓ।
ਪਾਲ ਦੇ ਮੱਥੇ ਤੇ ਤਰੇਲੀਆਂ ਆ ਗਈਆਂ ਸਨ । ਮੈਂ ਕੁਰਸੀ ਨਾਲ ਲਮਕ ਰਿਹਾ ਤੌਲੀਆ ਉਸ ਵਲ ਸੁਟਿਆ ਅਤੇ ਆਪ ਉਸ ਲਈ ਪਾਣੀ ਲੈਣ ਚਲਿਆ ਗਿਆ ਹੈ। ਮੇਰੇ ਆਉਂਦੇ ਨੂੰ ਉਹ ਮੇਰੀ ਕਵਿਤਾਵਾਂ ਵਾਲੀ ਕਾਪੀ ਫੋਲ ਰਹੀ ਸੀ। ਮੈਨੂੰ ਵੇਖ ਕੇ ਉਸ ਕਿਹਾ, 'ਜੇ ਕਦੇ ਮੈਂ ਵੀ ਕਵਿਤਾ ਲਿਖ ਕੇ ਆਪਣਾ ਦਿਲ ਹੌਲਾ ਕਰ ਸਕਦੀ।'
'ਕਵਿਤਾ, ਕਵਿਤਾ ਦੁਆਰਾ ਨਹੀਂ ਹਾਜ਼ਰ ਹੁੰਦੀ, ਸਗੋਂ ਕਵੀ ਦੀ ਕਲਮ ਰਾਹੀਂ ਮੁਸਕਾਂਦੀ ਹੈ। ਹੀਰਾ ਆਪਣੇ ਮੂੰਹੋਂ ਕਦੇ ਆਪਣੀ ਕੀਮਤ ਨਹੀਂ ਦਸਦਾ। ਕਲੀ ਕਿਸੇ ਭੌਰੇ ਨੂੰ ਅਵਾਜ਼ਾਂ ਨਹੀਂ ਮਾਰਦੀ। ਹੰਝੂ ਆਪਣਾ ਦਰਦ ਕਿਸੇ ਹਾਲਤ ਵਿਚ ਆਪ ਨਹੀਂ ਦਸ ਸਕਦਾ। ਮੈਂ ਗਲਾਸ ਫੜਾਂਦਿਆਂ ਕਿਹਾ।
ਉਸ ਮੁਸਕਾਂਦਿਆਂ ਗਲਾਸ ਫੜ ਲਿਆ ਤੇ ਬੋਲੀ, 'ਮੋਟੀਆਂ ਗੱਲਾਂ ਹੀ ਕਵੀਆਂ ਦੇ ਜ਼ੁਬਾਨ ਤੇ ਸਵੱਛ ਹੋ ਕੇ ਕੀਮਤੀ ਬਣ ਜਾਂਦੀਆਂ ਹਨ।'
ਉਹ ਮੂੰਹ ਧੋਣ ਲਗ ਪਈ। ਮੈਨੂੰ ਉਦੋਂ ਹੀ ਇਕ ਮੁਸਲਮਾਨ ਲਿਖਾਰੀ ਦਾ ਖਿਆਲ ਯਾਦ ਆਇਆ:
ਜਿਸ ਪਾਣੀ ਨਾਲ ਇਕ ਜਵਾਨ ਤੇ ਅਤਿ ਸੁੰਦਰ ਇਸਤਰੀ ਦੀਆਂ ਅੱਖਾਂ ਧੋਤੀਆਂ ਜਾਂਦੀਆਂ ਹਨ, ਉਸ ਦੇ ਸ਼ਰਾਬੀ ਹੋ ਜਾਣ ਵਿਚ ਕੋਈ ਸੰਦੇਹ ਬਾਕੀ ਨਹੀਂ ਰਹਿੰਦਾ।
ਮੈਂ ਹੇਠਾਂ ਹੱਥ ਰੱਖ ਦਿੱਤਾ ਅਤੇ ਪਾਲ ਦੀਆਂ ਅੱਖਾਂ ਨੂੰ ਛੋਹਿਆ ਹੋਇਆ ਪਾਣੀ ਹੱਥਾਂ ਵਿਚ ਪੈਣ ਲਗਾ। ਇਕ ਮਿੱਠੀ ਫੁਹਾਰ ਜਿਹੀ ਛੋਹ ਦਿਲ ਅੰਦਰ ਕੋਈ ਸਾਜ਼ ਜਿਹਾ ਵਜਾਉਣ ਲਗ ਪਈ। ਸ਼ਾਇਦ ਸ਼ਰਾਬ ਦਾ ਨਸ਼ਾ ਇਸ ਤਰ੍ਹਾਂ ਹੀ ਚੜ੍ਹਦਾ ਹੋਵੇ। ਮੈਂ ਖ਼ਿਆਲ ਹੀ ਕਰ ਰਿਹਾ ਸਾਂ ਕਿ ਪਾਲ ਨੇ ਹੱਥ ਮਾਰ ਕੇ ਪਾਣੀ ਡਲ੍ਹਾ ਦਿੱਤਾ।
ਇਹ ਕੀ ਕਰਦੇ ਹੋ?
'ਇਕ ਕਵੀ ਕਿੰਨਾ ਸਿਆਣਾ ਹੋ ਜਾਵੇ, ਪਰ ਉਸ ਵਿਚੋਂ ਬੱਚਿਆਂ ਵਾਲਾ ਪਾਗਲ ਸੁਭਾਅ ਨਹੀ ਜਾਂਦਾ।
'ਆਹ ਕਿੰਨੇ ਚੰਗੇ ਹਨ ਉਹ ਆਦਮੀ, ਜਿਹੜੇ ਜਵਾਨ ਤੇ ਬੁੱਢੇ ਹੋ ਕੇ ਵੀ ਮਿੱਠੇ ਬੰਦੇ ਹੀ ਰਹਿੰਦੇ ਹਨ।
'ਕੀ ਤੁਹਾਨੂੰ ਇਹ ਸੁਭਾਅ ਬਹੁਤ ਪਿਆਰਾ ਹੈ ?
'ਪਿਆਰਾ ਨਹੀਂ ਸਗੋਂ ਹਰ ਵੇਲੇ ਤਰਸੇਵਾਂ ਰਹਿੰਦਾ ਹੈ।
'ਮੇਰਾ ਝੱਲਾ ਸੁਭਾਅ ਤੁਹਾਡੀ ਮਲਕੀਅਤ ਹੋਇਆ ਅਤੇ ਉਸ ਦੇ ਬਦਲੇ...।
ਪਾਲ ਨੇ ਪਤਾ ਨਹੀਂ ਕੀ ਸੋਚਦਿਆਂ ਸਿਰ ਫੇਰਿਆ। ਉਸ ਦੇ ਅੰਦਰ ਕੋਈ ਇਰਾਦਾ ਸੋਚ ਨਾਲ ਘੋਲ ਕਰ ਰਿਹਾ ਸੀ। ਮੇਰਾ ਖਿਆਲ ਸੀ ਕਿ ਉਸ ਨੂੰ ਆਪਣੇ ਸਿਰ ਫੇਰਨ ਦਾ ਵੀ ਪਤਾ ਨਹੀਂ ਸੀ। ਉਸ ਤੌਲੀਏ ਨਾਲ ਮੂੰਹ ਸਾਫ ਕਰ ਕੇ ਪਾਣੀ ਪੀਤਾ ਤੇ 'ਸ਼ੁਕਰੀਆ' ਆਖਦਿਆਂ ਗਲਾਸ ਭੁੰਜੇ ਰਖ ਦਿੱਤਾ। ਮੈਂ ਹਸਦਿਆ ਕਿਹਾ, 'ਮੁਆਫ਼ ਕਰਨਾ ਬਸ ਚਾਹ ਬਣ ਰਹੀ ਹੈ, ਖੂਬ ਅਨੰਦ ਨਾਲ ਪੀਵਾਂਗੇ।