ਜਦੋਂ ਮੈਂ ਨਿੱਤ ਸਵੇਰੇ ਰੂੜੀ ਤੇ ਕੂੜਾ ਸੁੱਟਣ ਜਾਂਦੀ ਸਾਂ, ਤਾਂ ਰਾਹ ਵਿਚ ਇਕ ਜਵਾਨ ਮੁੰਡਾ, ਸ਼ਾਇਦ ਉਸ ਦੀ ਓਥੇ ਹੱਟੀ ਸੀ, ਹਾਉਂਕੇ ਲੈ ਕੇ ਆਖਿਆ ਕਰੇ, 'ਗਿੱਦੜਾਂ ਨੂੰ ਖੰਡ ਦੀ ਬੋਰੀ ਲੱਭ ਗਈ, ਪਾੜ ਕੇ ਛੱਡਣਗੇ।
ਏਨਾ ਆਖ ਕੇ ਪਾਲ ਦਾ ਹਾਸਾ ਨਿਕਲ ਗਿਆ ਮੈਂ ਵੀ ਹਾਸਾ ਜਬਤ ਕਰੀ ਬੈਠਾ ਸਾਂ । ਹੱਸਣਾ ਕੁਦਰਤੀ ਸੀ। ਮੈਂ ਆਖਿਆ, 'ਪਾਲ। ਇਹ ਕਹਿ ਤੇ ਠੀਕ ਰਿਹਾ ਸੀ। ਇੱਕ ਨਾਜ਼ਕ ਧੌਣ ਉਤੇ ਇਕ ਵਾਰ ਹੀ ਐਨਾ ਭਾਰ ਪਾ ਦੇਣਾ ਸਰਾਸਰ ਜ਼ੁਲਮ ਹੈ।
ਉਸ ਖੰਘੂਰਦਿਆਂ ਕਿਹਾ, 'ਖੈਰ, ਤੁਸੀਂ ਅੱਗੇ ਸੁਣੋ, ਉਨ੍ਹਾਂ ਗੱਲੀਂ ਗੱਲੀਂ ਇਹ ਚੋਭਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੇਰੇ ਮਾਪਿਆ ਸਾਨੂੰ ਕੁਝ ਨਹੀਂ ਦਿੱਤਾ। ਫਲਾਣਿਆਂ ਨੇ ਕੰਞਣ ਪਾਏ, ਮੋਹਰੀ (ਘੋੜੀ) ਦਿੱਤੀ ਅਤੇ ਨਕਦ ਪੰਜ ਸੌ ਦਿੱਤਾ। ਤੁਸੀਂ ਤਾਂ ਕੰਗਾਲ ਹੋ ਕਿਸੇ ਥਾਂ ਦੇ। ਉਜੜੇ ਪਿੰਡ ਦਾ ਸਾਕ ਲਭ ਲਿਆ ਮੈਂ ਹੈਰਾਨ ਚੁੱਪ-ਚਾਪ ਸੁਣੀ ਜਾਇਆ ਕਰਾਂ?
'ਸਾਹੁਰੇ ਹੁੰਦੇ ਤਿਲਕਣ ਬਾਜ਼ੀ, ਸੰਭਲ ਸੰਭਲ ਪਬ ਧਰਨਾ।'
ਕੁੜੀਆਂ ਦੀ ਇਹ ਗੱਲ ਮੈਨੂੰ ਮੁੜ ਮੁੜ ਚੇਤੇ ਆਇਆ ਕਰੇ। ਆਖਰ ਇਕ ਦਿਨ ਅੱਕੀ ਨੇ ਆਖ ਹੀ ਦਿੱਤਾ, 'ਬੇਬੇ ਜੀ। ਤੁਸੀਂ ਫਿਰ ਆਪਣਾ ਪੁੱਤਰ ਉਥੇ ਵਿਆਉਣਾ ਸੀ, ਜਿਥੇ ਇਹ ਸਾਰੀਆਂ ਚੀਜ਼ਾ ਮਿਲ ਸਕਦੀਆਂ।' ਬਸ ਏਨੀ ਗੱਲ ਤੋਂ ਘਰ ਵਿਚ ਭਾਂਬੜ ਮਚ ਉੱਠਿਆ। ਸਹੁਰੇ ਨੂੰ ਕਿਹਾ ਗਿਆ ਕਿ ਇਹ ਤਾਂ ਮੇਰੇ ਸਾਹਮਣੇ ਬੋਲਦੀ ਹੈ। ਇਸ ਦੀ ਗਿੱਠ ਜਬਾਨ ਹੈ। ਮੈਂ ਤੇ ਇਸ ਨੂੰ ਰਖਣਾ ਨਹੀਂ। ਇਹੋ ਜਿਹੀਆਂ ਗੱਲਾਂ ਸੁਣ ਸੁਣ ਮੇਰਾ ਹਿਰਦਾ ਕੰਬਣ ਲਗ ਪਿਆ ਅਤੇ ਲੱਗੀ ਕੰਧ ਨਾਲ ਲੱਗ ਕੇ ਵਿਚਾਰ ਕਰਨ ਕਿ ਅੜਿਆ ਜੇ ਇਨ੍ਹਾਂ ਛੱਡ ਦਿੱਤੀ। ਫਿਰ ਤੇ ਮੈਂ ਕਿਸੇ ਪਾਸੇ ਜੋਗੀ ਵੀ ਨਾ ਰਹੀ। ਅੱਗੇ ਨੂੰ ਲਾ ਕੰਨਾਂ ਨੂੰ ਹੱਥ ਕਿ ਜਵਾਬ ਨਹੀਂ ਦੇਵਾਂਗੀ। ਉਸ ਦਿਨ ਸਜਾ ਸੁਣਾਈ ਗਈ ਕਿ ਨਿੱਤ ਪਕਾਣ ਜੋਗਾ ਆਟਾ ਵੀ ਪੀਠਾ ਕਰਾਂ। ਸਾਰੀਆਂ ਗੱਲਾਂ ਸਿਰ ਨੀਵਾਂ ਕਰ ਕੇ ਮੰਨੀਆਂ।
ਹੁਣ ਤੁਸੀ ਮੈਥੋਂ ਨਿੱਤ ਦਾ ਕੰਮ ਸੁਣੋ। ਤੜਕਿਓ ਉਠਣਾ ਤੇ ਪੰਦਰਾਂ ਸੇਰ ਕੱਚਾ ਆਟਾ ਬਰੀਕ ਪੀਹਣਾ, ਮਤਾਂ ਕੋਈ ਮੋਟੀ ਆਖ ਕੇ ਮੈਨੂੰ ਦੁਰਕਾਰੇ। ਪਹਿਲੋਂ ਚੱਕੀ ਪਹਿਣ ਨਾਲ ਮੇਰੇ ਹੱਡ ਜੋੜ ਦੁਖਿਆ ਕਰਨ। ਪਰ ਉਥੇ ਕਿਸੇ ਨੂੰ ਦਸਣਾ ਥੋੜ੍ਹਾ ਸੀ। ਉਸ ਤੋਂ ਪਿਛੋਂ ਦੁਧ ਰਿੜਕਣਾ, ਮੱਝਾਂ ਨੂੰ ਪੱਠੇ ਪਾਉਣੇ ਤੇ ਫਿਰ ਉਹਨਾਂ ਨੂੰ ਚੋਣਾ। ਸਹੁਰੇ ਤੇ ਸਰਦਾਰ ਨੂੰ ਚਾਹ ਕਰ ਕੇ ਦੇਣੀ। ਉਸ ਤੋਂ ਪਿਛੋਂ ਗੋਹੇ ਕੂੜੇ ਦੁਆਲੇ ਹੋਣਾ। ਝਾੜੂ ਬਹਾਰੀ ਕਰਦੀ ਨੂੰ ਮੈਨੂੰ ਦਸ ਵਜ ਜਾਂਦੇ ਸਨ। ਆ ਕੇ ਛੇਤੀ ਨਾਲ ਦਾਲ ਧਰਨੀ ਅਤੇ ਭੁੱਖੀ ਭਾਣੀ ਨੇ ਮੈਂ ਰੋਟੀ ਲੱਗਣਾ। ਸਭ ਕੁਝ ਤਿਆਰ ਕਰ ਕੇ ਸੱਸ ਰਾਣੀ ਨੂੰ ਕਹਿਣਾ, ਮਾਂ ਜੀ ਰੋਟੀ ਤਿਆਰ ਹੈ ਤੁਸੀਂ ਵਰਤਾ ਦੇਵੋ।
'ਸਾਰੇ ਰੋਟੀ ਖਾ ਹਟਣ ਪਿਛੋਂ ਸੱਸ ਦੋ ਰੋਟੀਆਂ ਮੇਰੀ ਵਲ ਵੀ ਸੁੱਟ ਦਿਆ ਕਰੇ। ਬਿਲਕੁਲ ਇਸ ਤਰ੍ਹਾਂ ਸੁੱਟੇ, ਜਿਵੇਂ ਮੈਂ ਉਸ ਘਰ ਦਾ ਕੁੱਤਾ ਸਾਂ। ਦਾਲ ਤੌੜੀ ਵਿਚ ਹੁੰਦੀ ਸੁੰਦੀ ਤੋਂ ਵੀ ਮੇਰੀ ਵਲ ਗੰਡਾ ਰੋਹੜ ਦਿਆ ਕਰੇ। ਕਈ ਵਾਰ ਰੁੱਖੀਆਂ ਹੀ ਪਾਣੀ ਲੱਸੀ