Back ArrowLogo
Info
Profile

'ਸਰਦਾਰ ਹੋਰੀਂ ਅਫੀਮ ਤਕੜੀ ਖਾਂਦੇ ਸਨ। ਚਾਹ ਦਾ ਗੱਫਾ ਦੋ ਵੇਲੇ ਤੇ ਸਿਗਰਟਾਂ ਦਾ ਝੱਸ ਵੀ ਪੈ ਚਲਿਆ ਸੀ। ਮੇਰੀ ਮਾੜੀ ਕਿਸਮਤ ਨੂੰ ਸਾਰੀਆਂ ਹੋਣੀਆਂ ਹੌਲੀ-ਹੌਲੀ ਜੁੜਦੀਆਂ ਗਈਆਂ। ਇਨ੍ਹਾਂ ਦਿਨਾਂ ਵਿਚ ਮੇਰੀ ਮਾਂ ਮੈਨੂੰ ਆ ਕੇ ਲੈ ਗਈ। ਪਿਛੋਂ ਸਰਦਾਰ ਹੋਰਾਂ ਨੂੰ ਨਸ਼ਿਆਂ ਦੀ ਗਰਮੀ ਨੇ ਚੁੱਕਿਆ ਤੇ ਬੀਮਾਰ ਹੋ ਗਏ। ਇਲਾਜ ਕੋਈ ਕਰਵਾਇਆ ਨਾ, ਸਿਹਤ ਗਿਰ ਗਈ। ਪਿਤਾ ਜੀ ਛੁੱਟੀ ਲੈ ਕੇ ਆਏ। ਉਨ੍ਹਾਂ ਆਪਣੇ ਜਵਾਈ ਨੂੰ ਘਰ ਲਿਆਂਦਾ ਅਤੇ ਚੰਗੀ ਤਰ੍ਹਾਂ ਇਲਾਜ ਕਰਵਾਇਆ। ਹਕੀਮ ਨੇ ਸ਼ਰਾਬ ਉੱਕਾ ਹੀ ਬੰਦ ਕਰ ਦਿੱਤੀ। ਪਰ ਵਿਚੋਂ ਦੋ ਵਾਰੀ ਫਿਰ ਪੀ ਗਏ। ਅਸਾਂ ਉਸ ਨੂੰ ਪੂਰਾ ਇਕ ਮਹੀਨਾ ਰੱਖ ਕੇ ਤੰਦੁਰਸਤ ਕਰ ਕੇ ਘੱਲਿਆ ਅਤੇ ਜਾਂਦੇ ਨੂੰ ਮਾਂ ਜੀ ਵੀਹ ਸੇਰ ਪੱਕੇ ਘਿਓ ਦਾ ਟੀਨ ਮੁਲ ਲੈ ਕੇ ਦਿੱਤਾ। ਮੈਨੂੰ ਦੂਜੀ ਵਾਰ ਕੋਕਰੀ ਜਾ ਕੇ ਪਤਾ ਲਗਾ ਕਿ ਸਰਦਾਰ ਘਿਓ ਦਾ ਟੀਨ ਖਾਧਾ ਨਹੀਂ ਸਗੋਂ ਵੇਚ ਦਿੱਤਾ ਸੀ। ਮੈਨੂੰ ਬੜਾ ਗੁੱਸਾ ਆਇਆ ਪਰ ਕਸੀਸ ਵੱਟ ਕੇ ਪੀ ਗਈ। ਮਾਂ ਨੇ ਪਿੰਡ ਆਈ ਤੋਂ ਪੁਛਿਆ, 'ਕੋਈ ਤਕਲੀਫ ?' ਮੈਂ ਆਖਿਆ, 'ਸਭ ਠੀਕ ਹੈ'। ਤਕਲੀਫ਼ ਪਰਗਟ ਕਰ ਕੇ ਮਾਂ ਨੂੰ ਮੈਂ ਵਧੇਰੇ ਦੁਖੀ ਕਰਨ ਚੰਗਾ ਨਾ ਜਾਣਿਆ, ਕਿਉਂਕਿ ਸਾਰੇ ਹਾਲਾਤ ਦਾ ਪਤਾ ਲੱਗਣ ਤੇ ਉਸ ਦੇ ਤੜਫ ਤੜਫ ਕੇ ਮਰ ਜਾਣ ਦਾ ਖ਼ਤਰਾ ਸੀ।

ਜਦੋਂ ਮੈਨੂੰ ਸਰਦਾਰ ਦੂਜੀ ਵਾਰ ਲੈ ਕੇ ਗਿਆ, ਓਦੋਂ ਤੇ ਓਥੇ ਕੁਝ ਗੱਲਾਂ ਹੀ ਹੋਰ ਬਣ ਗਈਆਂ। ਧੋਬੀ ਦੇ ਬੈਲ ਵਾਂਗ ਮੈਂ ਆਪਣੀ ਨਿਤ ਦੀ ਡਿਊਟੀ ਸਾਂਭ ਲਈ। ਪਰ ਇਸ ਵਾਰ ਮੇਰਾ ਹਿਰਦਾ ਬੋਲੀਆਂ ਦੀਆਂ ਸੂਲਾਂ ਨਾਲ ਬੁਰੀ ਤਰ੍ਹਾਂ ਵਿੰਨਣਾ ਸ਼ੁਰੂ ਕਰ ਦਿੱਤਾ। ਮੈਨੂੰ ਗਾਲ੍ਹਾਂ ਦੇ ਨਾਲ ਮੇਰੇ ਮਾਤਾ ਪਿਤਾ ਨੂੰ ਵੀ ਵਿਚ ਦਵੱਲ ਧਰਿਆ। ਇਸਤਰੀ ਆਪਣੀ ਹੱਤਕ ਹਰ ਤਰ੍ਹਾਂ ਸਹਾਰ ਲੈਂਦੀ ਹੈ, ਪਰ ਮਾਪਿਆਂ ਬਾਰੇ ਉਸ ਤੋਂ ਇਕ ਲਫਜ਼ ਨਹੀਂ ਸੁਣਿਆ ਜਾਂਦਾ। ਮੇਰੀਆਂ ਅੱਖਾਂ ਵਿਚ ਹੰਝੂ ਅਟਕਣੇ ਸ਼ੁਰੂ ਹੋ ਗਏ, ਰੋਂਦੀ ਵੀ ਨਹੀਂ ਸਾਂ, ਮਤੇ ਕਲੇਸ਼ ਜਿਆਦਾ ਵਧ ਜਾਵੇ। ਮਾਂ ਧੀ ਆਥਣ ਸਵੇਰ ਸਰਦਾਰ ਨੂੰ ਚੁੱਕਦੀਆਂ ਰਹਿੰਦੀਆਂ ਸਨ। ਮੋਟੀ ਅਕਲ ਤੇ ਲਾਈ-ਲਗ ਘਰ ਵਾਲੇ ਤੋਂ ਰੱਬ ਬਚਾਵੇ। ਅਖੀਰ ਉਨ੍ਹਾਂ ਦੀ ਮੁਰਾਦ ਪੂਰੀ ਹੋਈ ਤੇ ਥੋੜ੍ਹੇ ਜਿਹੇ ਕਸੂਰ ਤੇ ਡੰਡਿਆਂ ਨਾਲ ਮੇਰੀ ਮੁਰੰਮਤ ਹੋਣ ਲਗੀ।

ਇਕ ਵਾਰ ਦੀ ਗੱਲ ਕਿ ਮੈਂ ਰੋਟੀ ਪਕਾ ਰਹੀ ਸਾਂ। ਇਕ ਗੁਆਂਢਣ ਆ ਗਈ। ਮੇਰੀ ਸੱਸ ਚੁਲ੍ਹੇ ਅੱਗੇ ਹੀ ਬੈਠੀ ਸੀ। ਮੈਂ ਤਵੇ ਤੋਂ ਰੋਟੀ ਲਾਹ ਕੇ ਫੁਲਾਣ ਲਈ ਚੁਲ੍ਹੇ ਦੀ ਮੱਠੀ ਮੱਠੀ ਅੱਗ-ਅੱਗੇ ਰੱਖ ਦਿੱਤੀ। ਗੁਆਂਢਣ ਮੈਥੋਂ ਸਰ੍ਹਾਣੇ ਦੀ ਉਣਾਈ ਪੁੱਛ ਰਹੀ ਸੀ। ਮੈਂ ਉਸ ਨੂੰ ਦਸਣ ਲਗ ਪਈ। ਰੋਟੀ ਦਾ ਖਿਆਲ ਭੁਲ ਗਿਆ। ਮੈਂ ਸਮਝਦੀ ਸਾਂ ਕਿ ਚੜੇਲ ਅੱਗੇ ਬੈਠੀ ਹੈ, ਆਪੇ ਚੁੱਕ ਲਵੇਗੀ । ਪਰ ਉਸ ਨੇ ਨਾ ਚੁੱਕੀ ਰੋਟੀ ਸੜ ਗਈ, ਮੈਨੂੰ ਬੜਾ ਅਫਸੋਸ ਹੋਇਆ। ਗੁਆਂਢਣ ਜਾ ਚੁੱਕੀ ਸੀ। ਮੈਂ ਉਹੋ! ਕਹਿ ਕੇ ਸੜੀ ਰੋਟੀ ਚੁੱਕੀ। ਮੇਰੀ ਸੱਸ ਨੇ ਤਪਾਇਆ ਹੋਇਆ ਖੁਰਚਣਾ ਮੇਰੇ ਗੁਟ ਤੇ ਲਾ ਦਿੱਤਾ। ਖੁਰਚਣਾ ਪਹਿਲੋਂ ਹੀ ਅੱਗ ਵਿਚ ਰਖ ਕੇ ਗਰਮ ਕਰ ਲਿਆ ਸੀ। ਖੁਰਚਣਾ ਲਗਦੇ ਸਾਰੇ ਹੀ ਮੇਰੀ ਚੀਕ ਨਿਕਲ ਗਈ। ਉਸ ਆਪਣਾ ਜ਼ਹਿਰੀਲਾ ਮੂੰਹ ਖੋਲਿਆ ਤੇ ਆਖਣ ਲੱਗੀ, 'ਇਸ ਨੂੰ ਤੇਰਾ ਪਿਓ ਖਾਵੇਗਾ, ਤੈਨੂੰ ਖੁਆਉਣੀ ਏਂ ਮੁਰਦਾਰੇ। ਜੂਠ ਕਿਸੇ ਥਾਂ ਦੀ।

ਸਾਰੇ ਦਿਨਾਂ ਦਾ ਇਕੱਠਾ ਹੋਇਆ ਗ਼ਮ, ਹਿਰਦਾ ਪਾੜ ਅੱਖਾਂ ਰਾਹੀਂ ਵਹਿ ਤੁਰਿਆ।

55 / 159
Previous
Next