

8
ਤਹਿਸੀਲ ਜਦੋਂ ਮੈਂ ਜਾ ਕੇ ਤਾਂਗੇ ਵਿਚੋਂ ਉਤਰਿਆ, ਨੌਂ ਵਜ ਚੁੱਕੇ ਸਨ। ਤਾਂਗਿਆਂ ਦੇ ਅੱਡੇ ਦੇ ਨਾਲ ਹੀ ਸਤਿਨਾਮ ਨੇ ਚੁਬਾਰਾ ਲਿਆ ਹੋਇਆ ਸੀ। ਦਫ਼ਤਰ ਦਸ ਵਜੇ ਲੱਗਦਾ ਹੈ। ਮੈਂ ਖ਼ਿਆਲ ਕਰਕੇ ਇਕ ਘੰਟਾ ਸਤਿਨਾਮ ਕੋਲ ਗੁਜ਼ਾਰਨ ਲਈ ਤੁਰ ਪਿਆ। ਜਦ ਚੁਬਾਰੇ ਉਪਰ ਗਿਆ, ਸਤਿਨਾਮ ਕੇਸ ਵਾਹੁੰਦਾ ਡਿੱਠਾ। ਅੱਗੋਂ ਉਸ ਕੇਸ ਪਿਛਾਂਹ ਸੁੱਟਦਿਆਂ ਕਿਹਾ, 'ਅੱਜ ਸਰਦਾਰਨੀ ਆਈ ਹੋਈ ਹੈ, ਮੌਕੇ ਤੇ ਹੀ ਆ ਵੱਜਿਆ ਏ।'
ਉਹ ਕੁਝ ਹੈਰਾਨ ਜਿਹਾ ਹੋ ਗਿਆ। ਮੈਨੂੰ ਇਉਂ ਜਾਪਦਾ ਸੀ, ਜਿਵੇਂ ਮੈਂ ਅੰਦਰੋਂ ਕਾਫ਼ੀ ਕਮਜ਼ੋਰ ਹੋ ਚੁੱਕਾ ਹਾਂ। ਮੈਂ ਬਿਲਕੁਲ ਚੁੱਪ ਰਹਿਣਾ ਚਾਹੁੰਦਾ ਸਾਂ। ਸਤਿਨਾਮ ਦੀ ਸ਼ਕਲ ਏਦੂੰ ਭੈੜੀ ਅੱਗੇ ਕਦੇ ਨਹੀਂ ਸੀ ਡਿੱਠੀ।
'ਪੱਟੂਆ ਕਿਹੜੀ ਗੱਲੋਂ ਮਸੋਸੀਆਂ ਵੱਟੀਆਂ ਨੇ ?'
ਮੇਰੀਆਂ ਅੱਖਾਂ ਉਸ ਨੂੰ ਜਵਾਬ ਤਾਂ ਦੇ ਰਹੀਆਂ ਸਨ, ਪਰ ਅਫ਼ਸੋਸ ਉਹ ਪੜ੍ਹ ਨਹੀਂ ਸੀ ਰਿਹਾ।
'ਵੇਖਾਂਗਾ ਜਦੋਂ ਪਾਲ ਨੂੰ ਮਿਲਦਾ ਵੀ ਗੁੰਮ ਸੁੰਮ ਹੀ ਰਿਹਾ।'
ਬਦਲੇ ਦੇ ਦੋਸ਼ ਭਾਵ ਵਿਚ ਮੈਂ ਉੱਤਰ ਦਿੱਤਾ, 'ਸਤਿਨਾਮ! ਤੂੰ ਸਤਿਨਾਮ ਨਹੀਂ। ਤੂੰ ਮੇਰਾ ਦੋਸਤ ਏਂ, ਪਰ ਦੋਸਤੀ ਦੀ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ। ਆਪਣੇ ਜਾਣੇ ਤਾਂ ਹਮਦਰਦੀ ਕਰਦਾ ਏਂ, ਪਰ ਤੈਥੋਂ ਮੈਨੂੰ ਇਕ ਤਕੜੀ ਸੱਟ ਵੱਜ ਚੁੱਕੀ ਹੈ।
'ਹੂੰ ਤਦ ਇਉਂ ਕਿਉਂ ਨਹੀਂ ਕਹਿੰਦਾ ਕਿ ਪਾਲ ਨੇ ਗੱਲਾਂ ਕਰ ਕੇ ਆਪਣੀ ਨੇਕ ਚਲਨੀ ਦਾ ਵਿਸ਼ਵਾਸ ਪੱਕਾ ਕਰ ਦਿੱਤਾ ਏ। ਜਨਾਨੀ ਤਾਂ ਮਿਟੀ ਦੀ ਮਾਣ ਨਹੀਂ, ਉਹ ਤਾਂ ਮਹਾਰਾਜ ਸਾਰੇ ਪੱਤਨਾਂ ਦੀ ਤਾਰੂ ਹੈ, ਤੇਰੇ ਜਿਹੇ ਜਨੂਨੀਆਂ ਨੂੰ ਟਿਚ ਸਮਝਦੀ ਹੈ, ਟਿਚ।
ਸਤਿਨਾਮ ਨੂੰ ਆਪ ਪਤਾ ਨਹੀਂ ਸੀ, ਉਹ ਕੀ ਕਹਿ ਰਿਹਾ ਹੈ। ਗੱਲਾਂ ਦੇ ਨਾਲ- ਨਾਲ ਉਸ ਦਾ ਚਿਹਰਾ ਵੀ ਬਦਲ ਰਿਹਾ ਸੀ। ਮੈਂ ਸਮਝਦਾ ਸਾਂ, ਜੋ ਇਸ ਨੂੰ ਆਪਣੇ ਮਨ ਤੇ ਕਾਬੂ ਨਹੀਂ। ਮੈਂ ਇਕ ਟਕ ਗ਼ਮ ਵਿਚ ਘੂਰਦੀਆਂ ਅੱਖਾਂ ਨਾਲ ਵਿੰਹਦਾ ਰਿਹਾ। ਸਤਿਨਾਮ ਨੇ ਮੁਰਦਿਆਂ ਵਾਂਗ ਹਸਦਿਆਂ ਕਿਹਾ, 'ਕਿਹੜੀਆਂ ਗ਼ਮਾਂ ਨੇ ਅੱਜ ਤੈਨੂੰ ਘੇਰ ਲਿਆ ?
'ਤੂੰ ਸਭ ਕੁਝ ਜਾਣਦਾ ਅਣਜਾਣ ਬਣਦਾ ਏਂ।
ਪਤਾ ਨਹੀਂ ਕਿ ਮੈਂ ਉਹ ਨਹੀਂ ਸੀ ਰਿਹਾ ਜਾਂ ਸਤਿਨਾਮ। ਕਿਉਂਕਿ ਜਿਹੜੀ ਖੁਸ਼ੀ ਮੈਂ ਉਸ ਤੋਂ ਮਾਣਦਾ ਸਾਂ ਉਹ ਉੱਕਾ ਹੀ ਨਹੀਂ ਸੀ ਮਿਲ ਰਹੀ। ਮੇਰਾ ਜੀਅ ਓਥੇ ਠਹਿਰਨ ਨੂੰ ਨਾ ਕੀਤਾ। ਮੈਂ ਉਠ ਕੇ ਤੁਰਨ ਹੀ ਲੱਗਾ ਸੀ ਕਿ ਸਤਿਨਾਮ ਨੇ ਬਾਂਹ ਫੜਦਿਆਂ ਕਿਹਾ, 'ਆਖ਼ਰ ਗੱਲ ਵੀ ਕੋਈ ?'
'ਕੋਈ ਨਹੀਂ' ਮੈਂ ਸਿਰ ਹਿਲਾਂਦਿਆਂ ਕਿਹਾ।