ਦੀ ਮੌਲਿਕਤਾ ਤੇ ਸਪੱਸ਼ਟਤਾ ਕਾਰਨ ਹੀ ਸਰਵੋਤਮ ਸਾਹਿਤਕਾਰ ਹੋਣ ਦਾ ਮਾਣ ਹਾਸਲ ਹੈ। ਉਸ ਨੂੰ ਕਲਾਕਾਰ ਦੇ ਤੌਰ 'ਤੇ ਵੀ ਬਹੁਤ ਮਾਨਤਾ ਮਿਲੀ। ਉਸਦੀਆਂ ਡਰਾਇੰਗ ਤੇ ਚਿੱਤਰ ਮੂਲ ਪੁਸਤਕਾਂ ਵਿਚ ਮਿਲਦੀਆਂ ਹਨ ਤੇ ਜਿਹਨਾਂ ਨੂੰ ਵਿਸ਼ਵ ਪੱਧਰ 'ਤੇ ਸਲਾਹਿਆ ਗਿਆ। ਜਦੋਂ ਮਹਾਨ ਕਲਾਕਾਰ ਰੋਡਿਨ ਨੇ ਜਿਬਰਾਨ ਦਾ ਪੋਰਟਰੇਟ ਤਿਆਰ ਕਰਨਾ ਚਾਹਿਆ ਤਾਂ ਉਸ ਦੀ ਤੁਲਨਾ ਕਲਾਕਾਰ ਤੇ ਸਾਹਿਤਕਾਰ ਵਿਲੀਅਮ ਬਲੇਕ ਨਾਲ ਕੀਤੀ। ਪੱਛਮ ਦੇ ਸਾਹਿਤਕ ਜਗਤ ਵਿਚ ਉਸ ਨੂੰ ਵੀਹਵੀਂ ਸਦੀ ਦਾ ਦਾਂਤੇ ਕਹਿਕੇ ਸਤਿਕਾਰਿਆ ਗਿਆ। ਇਹ ਉਸਦੀਆਂ ਲਿਖਤਾਂ ਦੀ ਮਾਨਤਾ ਹੀ ਸੀ ਕਿ ਦੇਸ਼ ਨਿਕਾਲੇ ਦਾ ਸਮਾਂ ਪੂਰਾ ਹੋਣ ਉਪਰੰਤ ਜਦੋਂ ਉਹ ਲੈਬਨਾਨ ਵਾਪਿਸ ਪਰਤਿਆ ਤਾਂ ਧਰਮ ਨੇ ਉਸ ਨੂੰ ਬਿਨਾ ਸ਼ਰਤ ਮੁੜ ਗਲੇ ਲਾ ਲਿਆ ਅਤੇ ਅਠਤਾਲੀ ਸਾਲ ਦੀ ਜੁਆਨੀ ਦੀ ਉਮਰੇ ਹੀ ਜਦੋਂ ਉਸਦਾ ਦਿਹਾਂਤ ਹੋਇਆ ਤਾਂ ਉਸਦੇ ਜਨਾਜ਼ੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪਾਦਰੀ, ਧਾਰਮਿਕ ਨੇਤਾ, ਪੂਰਬੀ ਦੇਸ਼ਾਂ ਦੇ ਸਾਰੇ ਫ਼ਿਰਕਿਆਂ ਦੇ ਪ੍ਰਤੀਨਿਧ ਸ਼ਾਮਲ ਸਨ। ਚਰਚ ਵਲੋਂ ਉਸਨੂੰ ਵਿਸ਼ੇਸ਼ ਮਾਣ ਸਤਿਕਾਰ ਇਹ ਮਿਲਿਆ ਕਿ ਉਸ ਨੂੰ ਬਚਪਨ ਦੇ ਚਰਚ ਲੈਬਨਾਨ ਬਸ਼ਰੀ ਵਿਚ ਮਾਰ ਸਾਰਕਿਸ ਦੇ ਮੱਠ ਦੇ ਬਗ਼ੀਚੇ ਵਿਚ ਦਫ਼ਨਾਇਆ ਗਿਆ। ਇਹ ਉਸਦੀ ਚਰਚ ਵਾਪਸੀ ਸੀ।
ਉਹ ਸਾਰੀ ਉਮਰ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੇ ਸੁਪਨੇ ਲੈਂਦਾ ਰਿਹਾ, ਜਿਸ ਵਿਚ ਪਿਆਰ, ਰੂਹਾਨੀ ਦਇਆ ਤੇ ਖਿੱਚ ਦਾ ਵਾਸ ਹੋਵੇ ਕਿਉਂਕਿ ਦਇਆ ਹੀ ਮਨੁੱਖ ਵਿਚ ਰੱਬ ਦਾ ਅਕਸ਼ ਹੈ। ਅਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਹੱਥਾਂ ਤਕ ਪੁੱਜਦਾ ਕਰਦੇ ਹੋਏ ਮੈਨੂੰ ਖ਼ੁਸ਼ੀ ਹੋ ਰਹੀ ਹੈ। ਲਗਭਗ ਉਸਦੀਆਂ ਸਾਰੀਆਂ ਹੀ ਰਚਨਾਵਾਂ ਦਾ ਇਸ ਕਲਮ ਤੋਂ ਅਨੁਵਾਦ ਹੋ ਕੇ ਪਾਠਕਾਂ ਤਕ ਪੁੱਜ ਚੁੱਕਾ ਹੈ। ਮੈਨੂੰ ਆਪਣੇ ਪਾਠਕਾਂ ਦਾ ਪੂਰਾ ਪੂਰਾ ਸਹਿਯੋਗ ਮਿਲਿਆ ਹੈ ਤਾਂ ਹੀ ਮੈਂ ਪੁਸਤਕ ‘ਪੈਂਗਬਰ ਦਾ ਬਗੀਚਾ’ (The Garden of the Prophet) ਦੀ ਦੂਸਰੀ ਐਡੀਸ਼ਨ ਛਾਪਣ ਦਾ ਹੌਂਸਲਾ ਕਰ ਸਕੀ ਹਾਂ। ਧੰਨਵਾਦੀ ਹਾਂ ਆਪਣੇ ਪਾਠਕਾਂ, ਦੋਸਤਾਂ, ਮਿੱਤਰਾਂ, ਆਪਣੇ ਬੱਚਿਆਂ ਤੇ ਵਿਸ਼ੇਸ਼ ਤੌਰ 'ਤੇ ਸ. ਕੁਲਬੀਰ ਸਿੰਘ ਸੂਰੀ ਦੀ ਜਿਹਨਾਂ ਦੀ ਹਰ ਸੰਭਵ ਮਦਦ ਤੋਂ ਬਿਨਾਂ ਇਹ
ਕਾਰਜ ਨੇਪਰੇ ਚੜ੍ਹਨਾ ਸ਼ਾਇਦ ਸੰਭਵ ਨਾ ਹੁੰਦਾ। ਧੰਨਵਾਦੀ ਹਾਂ ਪਰਮ ਪੂਜਨੀਕ ਸੁਆਮੀ ਈਸ਼ਵਰਦਾਸ ਸ਼ਾਸਤਰੀ ਜੀ ਦੀ ਜਿਹਨਾਂ ਨੇ ਵਿਚਾਰ ਵਟਾਂਦਰੇ ਦੌਰਾਨ ਆਪਣੇ ਵਡਮੁੱਲੇ ਸੁਝਾਅ ਦਿੱਤੇ। (ਜੋ ਮਿਤੀ 16 ਅਗਸਤ, 2003 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ) ਸ਼ੁਕਰ ਗੁਜ਼ਾਰ ਹਾਂ ਆਪਣੇ ਰਹਿਬਰ ਪਰਮ ਪਿਤਾ ਪਰਮਾਤਮਾ ਦੀ ਜਿਸ ਨੇ ਇਸ ਕਲਮ ਨੂੰ ਬਲ ਬਖ਼ਸ਼ਿਆ।
18-2-2004
ਡਾ. ਜਗਦੀਸ਼ ਕੌਰ ਵਾਡੀਆ
318-ਏ, ਸ਼ਾਸਤਰੀ ਨਗਰ
ਜਲੰਧਰ
ਖ਼ਲੀਲ ਜਿਬਰਾਨ ਦੀ ਹੱਥ ਲਿਖਤ ਦਾ ਨਮੂਨਾ
1
ਪਸੰਦੀਦਾ ਤੇ ਹਰਮਨ ਪਿਆਰਾ ਅਲਮੁਸਤਫ਼ਾ, ਜੋ ਆਪਣੇ ਸਮੇਂ ਬੁਲੰਦੀ ਦੀਆਂ ਸਿਖ਼ਰਾਂ 'ਤੇ ਸੀ ਤਿਚਰੀਨ ਦੇ ਮਹੀਨੇ, ਜੋ ਇਕ ਯਾਦਗਾਰੀ ਮਹੀਨਾ ਹੈ, ਆਪਣੇ ਜਨਮ ਸਥਾਨ ਵਾਲੇ ਟਾਪੂ 'ਤੇ ਪਰਤਿਆ।
ਜਿਉਂ ਹੀ ਜਹਾਜ਼ ਬੰਦਰਗਾਹ ਨੇੜੇ ਪੁੱਜਿਆ, ਉਹ ਉੱਠ ਕੇ ਮੁਹਾਣੇ ਉੱਤੇ ਖਲੋ ਗਿਆ । ਮਲਾਹ ਵੀ ਉਸਦੇ ਨਾਲ ਹੀ ਉੱਠ ਖਲੋਤੇ। ਉਸਦੇ ਮਨ ਵਿਚ ਘਰ ਪਰਤਣ ਦੀ ਬੇਹੱਦ ਖ਼ੁਸ਼ੀ ਸੀ।
ਉਹ ਸਾਰਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ, "ਵੇਖੋ! ਇਹ ਟਾਪੂ ਜੋ ਮੇਰਾ ਜਨਮ ਸਥਾਨ ਹੈ। ਇਥੇ ਧਰਤੀ ਨੇ ਸਾਨੂੰ ਜੀਵਨ ਦਾਨ ਦਿੱਤਾ, ਇਕ ਗੀਤ, ਇਕ ਭੇਦ ਦੱਸਿਆ; ਗੀਤ ਅਕਾਸ਼ ਜਿੱਡਾ ਵਿਸ਼ਾਲ ਤੇ ਭੇਦ ਧਰਤੀ ਜਿੰਨਾ ਡੂੰਘਾ ਅਤੇ ਧਰਤੀ ਤੇ ਅਕਾਸ਼ ਵਿਚਕਾਰ ਜੋ ਵੀ ਹੈ, ਜਦੋਂ ਗੀਤ ਉਸ ਵਿਚ ਗੂੰਜੇਗਾ ਤੇ ਗੁੱਝਾ ਰਹੱਸ ਖੁੱਲ੍ਹੇਗਾ ਤਾਂ ਸਾਡੀ ਅਭਿਲਾਖਾ ਸ਼ਾਂਤ ਹੋ ਜਾਏਗੀ।
“ਸਮੁੰਦਰ ਨੇ ਸਾਨੂੰ ਇਕ ਵਾਰੀ ਫਿਰ ਇਹਨਾਂ ਕਿਨਾਰਿਆਂ ਦੇ ਹਵਾਲੇ ਕੀਤਾ ਹੈ। ਅਸੀਂ ਉਸ ਦੀਆਂ ਲਹਿਰਾਂ ਦੀ ਇਕ ਹੋਰ ਲਹਿਰ ਤੋਂ ਸਿਵਾਇ ਕੁਝ ਵੀ ਨਹੀਂ ਹਾਂ। ਸਮੁੰਦਰ ਨੇ ਸਾਨੂੰ ਉਭਰਦੀ ਲਹਿਰ ਦਾ ਵੇਗ ਬਣਾ ਕੇ ਅਗਾਂਹ ਕੀਤਾ ਹੈ ਤਾ ਕਿ ਉਸ ਦੇ ਸ਼ਬਦਾਂ ਨੂੰ ਪ੍ਰਵਾਜ਼ ਦੇ ਸਕੀਏ, ਪਰ ਅਸੀਂ ਅਜਿਹਾ ਕਿਵੇਂ ਕਰ ਸਕਦੇ ਹਾਂ ਜਦ ਤਕ ਅਸੀਂ ਪਥਰੀਲੇ ਤੇ ਰੇਤਲੇ ਕੰਢਿਆਂ ਉੱਤੇ ਉਸ ਨਾਲ ਇਕ ਸੁਰ ਹੋਣ ਲਈ ਕੋਈ ਰਾਹ ਨਹੀਂ ਕੱਢਦੇ।
"ਕਿਉਂਕਿ ਮਲਾਹਾਂ ਅਤੇ ਸਮੁੰਦਰ ਦਾ ਇਹੀ ਵਿਧਾਨ ਹੈ, ਜੇ ਤੁਸੀ ਆਜ਼ਾਦ ਹੋਣਾ ਤੇ ਮੁਕਤੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਧੁੰਦ