ਕਾਰਜ ਨੇਪਰੇ ਚੜ੍ਹਨਾ ਸ਼ਾਇਦ ਸੰਭਵ ਨਾ ਹੁੰਦਾ। ਧੰਨਵਾਦੀ ਹਾਂ ਪਰਮ ਪੂਜਨੀਕ ਸੁਆਮੀ ਈਸ਼ਵਰਦਾਸ ਸ਼ਾਸਤਰੀ ਜੀ ਦੀ ਜਿਹਨਾਂ ਨੇ ਵਿਚਾਰ ਵਟਾਂਦਰੇ ਦੌਰਾਨ ਆਪਣੇ ਵਡਮੁੱਲੇ ਸੁਝਾਅ ਦਿੱਤੇ। (ਜੋ ਮਿਤੀ 16 ਅਗਸਤ, 2003 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ) ਸ਼ੁਕਰ ਗੁਜ਼ਾਰ ਹਾਂ ਆਪਣੇ ਰਹਿਬਰ ਪਰਮ ਪਿਤਾ ਪਰਮਾਤਮਾ ਦੀ ਜਿਸ ਨੇ ਇਸ ਕਲਮ ਨੂੰ ਬਲ ਬਖ਼ਸ਼ਿਆ।
18-2-2004
ਡਾ. ਜਗਦੀਸ਼ ਕੌਰ ਵਾਡੀਆ
318-ਏ, ਸ਼ਾਸਤਰੀ ਨਗਰ
ਜਲੰਧਰ
ਖ਼ਲੀਲ ਜਿਬਰਾਨ ਦੀ ਹੱਥ ਲਿਖਤ ਦਾ ਨਮੂਨਾ
1
ਪਸੰਦੀਦਾ ਤੇ ਹਰਮਨ ਪਿਆਰਾ ਅਲਮੁਸਤਫ਼ਾ, ਜੋ ਆਪਣੇ ਸਮੇਂ ਬੁਲੰਦੀ ਦੀਆਂ ਸਿਖ਼ਰਾਂ 'ਤੇ ਸੀ ਤਿਚਰੀਨ ਦੇ ਮਹੀਨੇ, ਜੋ ਇਕ ਯਾਦਗਾਰੀ ਮਹੀਨਾ ਹੈ, ਆਪਣੇ ਜਨਮ ਸਥਾਨ ਵਾਲੇ ਟਾਪੂ 'ਤੇ ਪਰਤਿਆ।
ਜਿਉਂ ਹੀ ਜਹਾਜ਼ ਬੰਦਰਗਾਹ ਨੇੜੇ ਪੁੱਜਿਆ, ਉਹ ਉੱਠ ਕੇ ਮੁਹਾਣੇ ਉੱਤੇ ਖਲੋ ਗਿਆ । ਮਲਾਹ ਵੀ ਉਸਦੇ ਨਾਲ ਹੀ ਉੱਠ ਖਲੋਤੇ। ਉਸਦੇ ਮਨ ਵਿਚ ਘਰ ਪਰਤਣ ਦੀ ਬੇਹੱਦ ਖ਼ੁਸ਼ੀ ਸੀ।
ਉਹ ਸਾਰਿਆਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ, "ਵੇਖੋ! ਇਹ ਟਾਪੂ ਜੋ ਮੇਰਾ ਜਨਮ ਸਥਾਨ ਹੈ। ਇਥੇ ਧਰਤੀ ਨੇ ਸਾਨੂੰ ਜੀਵਨ ਦਾਨ ਦਿੱਤਾ, ਇਕ ਗੀਤ, ਇਕ ਭੇਦ ਦੱਸਿਆ; ਗੀਤ ਅਕਾਸ਼ ਜਿੱਡਾ ਵਿਸ਼ਾਲ ਤੇ ਭੇਦ ਧਰਤੀ ਜਿੰਨਾ ਡੂੰਘਾ ਅਤੇ ਧਰਤੀ ਤੇ ਅਕਾਸ਼ ਵਿਚਕਾਰ ਜੋ ਵੀ ਹੈ, ਜਦੋਂ ਗੀਤ ਉਸ ਵਿਚ ਗੂੰਜੇਗਾ ਤੇ ਗੁੱਝਾ ਰਹੱਸ ਖੁੱਲ੍ਹੇਗਾ ਤਾਂ ਸਾਡੀ ਅਭਿਲਾਖਾ ਸ਼ਾਂਤ ਹੋ ਜਾਏਗੀ।
“ਸਮੁੰਦਰ ਨੇ ਸਾਨੂੰ ਇਕ ਵਾਰੀ ਫਿਰ ਇਹਨਾਂ ਕਿਨਾਰਿਆਂ ਦੇ ਹਵਾਲੇ ਕੀਤਾ ਹੈ। ਅਸੀਂ ਉਸ ਦੀਆਂ ਲਹਿਰਾਂ ਦੀ ਇਕ ਹੋਰ ਲਹਿਰ ਤੋਂ ਸਿਵਾਇ ਕੁਝ ਵੀ ਨਹੀਂ ਹਾਂ। ਸਮੁੰਦਰ ਨੇ ਸਾਨੂੰ ਉਭਰਦੀ ਲਹਿਰ ਦਾ ਵੇਗ ਬਣਾ ਕੇ ਅਗਾਂਹ ਕੀਤਾ ਹੈ ਤਾ ਕਿ ਉਸ ਦੇ ਸ਼ਬਦਾਂ ਨੂੰ ਪ੍ਰਵਾਜ਼ ਦੇ ਸਕੀਏ, ਪਰ ਅਸੀਂ ਅਜਿਹਾ ਕਿਵੇਂ ਕਰ ਸਕਦੇ ਹਾਂ ਜਦ ਤਕ ਅਸੀਂ ਪਥਰੀਲੇ ਤੇ ਰੇਤਲੇ ਕੰਢਿਆਂ ਉੱਤੇ ਉਸ ਨਾਲ ਇਕ ਸੁਰ ਹੋਣ ਲਈ ਕੋਈ ਰਾਹ ਨਹੀਂ ਕੱਢਦੇ।
"ਕਿਉਂਕਿ ਮਲਾਹਾਂ ਅਤੇ ਸਮੁੰਦਰ ਦਾ ਇਹੀ ਵਿਧਾਨ ਹੈ, ਜੇ ਤੁਸੀ ਆਜ਼ਾਦ ਹੋਣਾ ਤੇ ਮੁਕਤੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਧੁੰਦ
ਵਲ ਪਰਤਣਾ ਲਾਜ਼ਮੀ ਹੈ । ਨਿਰਾਕਾਰ ਸਦਾ ਆਕਾਰ ਵਿਚ ਹੋਣਾ ਲੋਚਦਾ ਹੈ। ਇਥੋਂ ਤਕ ਕਿ ਆਕਾਸ਼ ਵਿਚ ਅਣਗਿਣਤ ਚਮਕਦੇ ਤਾਰੇ ਇਕ ਦਿਨ ਅਨੇਕਾਂ ਸੂਰਜਾਂ ਤੇ ਚੰਦਰਮਾਂ ਦਾ ਰੂਪ ਧਾਰਨ ਕਰ ਲੈਣਗੇ ਅਤੇ ਅਸੀਂ ਜਿਨ੍ਹਾਂ ਨੇ ਬਹੁਤ ਕੁਝ ਤਲਾਸ਼ ਕਰ ਲਿਆ ਹੈ, ਹੁਣ ਆਪਣੇ ਜਨਮ ਸਥਾਨ ਵਾਲੇ ਉਭੜ-ਖਾਭੜ ਟਾਪੂ ਵਲ ਪਰਤੇ ਹਾਂ। ਸਾਨੂੰ ਇਕ ਵਾਰੀ ਫਿਰ ਧੁੰਦ ਵਿਚ ਵਿਲੀਨ ਹੋ ਜਾਣਾ ਤੇ ਜੀਵਨ ਦੀ ਨਵੀਂ ਸ਼ੁਰੂਆਤ ਨੂੰ ਅਨੁਭਵ ਕਰਨਾ ਚਾਹੀਦਾ ਹੈ। ਉਸ ਸਥਿਤੀ ਵਿਚ ਜੋ ਆਪਣੇ ਆਪ ਨੂੰ ਵਿਲੀਨ ਕਰ ਲਵੇਗਾ ਉਹੀ ਨਵ-ਜੀਵਨ ਪ੍ਰਾਪਤ ਕਰ ਕੇ ਉੱਚੀਆਂ ਸਿਖ਼ਰਾਂ ਤਕ ਪੁੱਜ ਸਕੇਗਾ ਅਤੇ ਬਾਕੀ ਜੋ ਕੁਝ ਬਚੇਗਾ ਉਹ ਵੇਗ ਤੇ ਆਜ਼ਾਦੀ ਦਾ ਰੂਪ ਧਾਰ ਲਵੇਗਾ?
“ਅਸੀ ਸਦਾ ਕਿਨਾਰਿਆਂ ਦੀ ਤਲਾਸ਼ ਵਿਚ ਰਹਾਂਗੇ, ਅਸੀ ਜ਼ਿੰਦਗੀ ਦੇ ਗੀਤ ਗਾਵਾਂਗੇ ਤੇ ਦੂਸਰੇ ਸਾਡੀ ਆਵਾਜ਼ ਨੂੰ ਸੁਣਨਗੇ, ਪਰ ਉਸ ਲਹਿਰ ਬਾਰੇ ਕੀ ਕਹੀਏ ਜੋ ਉੱਠਦੀ ਹੈ ਤੇ ਕਿਨਾਰੇ ਨਾਲ ਟਕਰਾ ਕੇ ਸ਼ਾਂਤ ਹੋ ਜਾਂਦੀ ਹੈ ਪਰ ਕੋਈ ਉਸ ਲਹਿਰ ਦੇ ਵੇਗ ਤੇ ਸ਼ਾਂਤ ਹੋਣ ਦੀ ਆਵਾਜ਼ ਨਹੀਂ ਸੁਣੇਗਾ ? ਸਾਡੇ ਅੰਦਰ ਅਜਿਹਾ ਹੀ ਬਹੁਤ ਕੁਝ ਹੈ ਜਿਸਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦੇਂਦੀ ਤੇ ਉਹੀ ਸਾਡੇ ਧੁਰ ਅੰਦਰ ਦੇ ਡੂੰਘੇ ਦੁੱਖਾਂ ਨੂੰ ਪਲੋਸਦਾ ਹੈ। ਹਾਂ, ਇਹ ਵੀ ਅਣਸੁਣਿਆ ਹੀ ਹੈ ਜੋ ਸਾਡੀ ਰੂਹ ਨੂੰ ਆਕਾਰ ਬਖ਼ਸ਼ਦਾ ਅਤੇ ਤਕਦੀਰ ਦਾ ਨਿਰਮਾਣ ਕਰਦਾ ਹੈ।”
ਫਿਰ ਮਲਾਹਾਂ ਵਿੱਚੋਂ ਇਕ ਮਲਾਹ ਅੱਗੇ ਵਧਿਆ ਤੇ ਕਹਿਣ ਲੱਗਾ, “ਮੇਰੇ ਮਾਲਕ, ਇਸ ਕਿਨਾਰੇ ਤਕ ਪੁੱਜਣ ਲਈ ਸਾਡੀ ਤਾਂਘ ਦੀ ਤੁਸੀ ਅਗਵਾਈ ਕੀਤੀ ਹੈ ਅਤੇ ਵੇਖੋ ਅਸੀ ਆਪਣੇ ਮਕਸਦ ਵਿਚ ਕਾਮਯਾਬ ਹੋ ਗਏ ਹਾਂ। ਪਰ ਤੁਸੀ ਹਾਲਾਂ ਵੀ ਗ਼ਮ ਦੀ ਗੱਲ ਕਰਦੇ ਹੋ, ਦਿਲਾਂ ਦੇ ਟੁੱਟਣ ਦੀ ਗੱਲ ਕਰਦੇ ਹੋ।”
ਮਲਾਹ ਦੀ ਇਸ ਗੱਲ ਦਾ ਜੁਆਬ ਦੇਂਦੇ ਹੋਏ ਉਹ ਕਹਿਣ ਲੱਗਾ, "ਕੀ ਮੈਂ ਆਜ਼ਾਦੀ ਦੀ ਗੱਲ ਨਹੀਂ ਕਰਦਾ ? ਉਸ ਧੁੰਦ ਦੀ ਗੱਲ ਨਹੀਂ ਕਰਦਾ ਜੋ ਸਾਡੀ ਅਸਲ ਆਜ਼ਾਦੀ ਹੈ ? ਪਰ ਇਹ ਮੇਰੇ ਲਈ ਤਕਲੀਫ਼ਦੇਹ ਹੈ ਕਿ ਮੈਂ ਇਸ ਟਾਪੂ ਤਕ ਦੀ ਯਾਤਰਾ ਕੀਤੀ ਹੈ, ਜੋ ਮੇਰਾ ਜਨਮ ਸਥਾਨ ਹੈ। ਇਹ ਯਾਤਰਾ ਮੈਂ ਇਸ ਤਰ੍ਹਾਂ ਕੀਤੀ ਹੈ ਜਿਵੇਂ ਇਕ ਕਤਲ ਹੋਏ (ਮਨੁੱਖ)