4
ਉਸ ਦੇ ਚੇਲਿਆਂ ਵਿੱਚੋਂ ਇਕ ਨੇ ਸੁਆਲ ਕੀਤਾ, “ਤੁਹਾਡੇ ਆਪਣੇ ਅੰਤਰਮਨ ਵਿਚ ਜੋ ਕੁਝ ਇਸ ਵੇਲੇ ਵਾਪਰ ਰਿਹਾ ਹੈ, ਜੋ ਉਤਰਾ-ਚੜ੍ਹਾਅ ਆ ਰਹੇ ਹਨ, ਸਾਨੂੰ ਉਹਨਾਂ ਬਾਰੇ ਕੁਝ ਚਾਨਣਾ ਪਾਓ।”
ਉਸ ਨੇ ਉਸ ਚੇਲੇ ਵਲ ਨਿਗਾਹ ਮਾਰੀ ਤੇ ਉੱਤਰ ਦੇਣ ਲੱਗਿਆਂ ਇੰਜ ਜਾਪਦਾ ਸੀ ਜਿਵੇਂ ਉਸ ਦੀ ਆਵਾਜ਼ ਵਿਚ ਤਾਰਿਆਂ ਦੇ ਸੰਗੀਤ ਜਿਹੀ ਧੁਨੀ ਹੋਵੇ, ਉਹ ਦੱਸਣ ਲੱਗਾ, "ਚੇਤਨ ਅਵਸਥਾ ਵਿਚ ਲਏ ਸੁਪਨੇ ਵਿਚ ਜਦੋਂ ਤੁਸੀ ਖ਼ਾਮੋਸ਼ ਹੁੰਦੇ ਅਤੇ ਆਪਣੇ ਧੁਰ ਅੰਦਰ ਦੀ ਆਵਾਜ਼ ਨੂੰ ਇਕਾਗਰ ਚਿੱਤ ਹੋ ਕੇ ਸੁਣਦੇ ਹੋ ਤਾਂ ਤੁਹਾਡੇ ਵਿਚਾਰ ਬਰਫ਼ ਦੇ ਗੋਲਿਆਂ ਵਾਂਗ ਡਿੱਗਦੇ, ਉਛਲਦੇ ਤੇ ਤੁਹਾਡੇ ਵਿਚਾਰਾਂ ਵਿਚਾਲੇ ਪਈ ਵਿੱਥ ਦੀਆਂ ਆਵਾਜ਼ਾਂ ਨੂੰ ਬਲੌਰੀ ਚੁੱਪ ਦੇ ਕੱਜਣ ਹੇਠ ਕੱਜ ਲੈਂਦੇ ਹਨ।
"ਜਾਗ੍ਰਤ ਅਵਸਥਾ ਵਿਚ ਲਏ ਸੁਪਨੇ ਹੁੰਦੇ ਹੀ ਕੀ ਹਨ ਕੇਵਲ ਬੱਦਲਾਂ ਦਾ ਰੂਪ ਜੋ ਤੁਹਾਡੇ ਦਿਲ ਦੇ ਆਕਾਸ਼ ਰੂਪੀ ਦਰਖ਼ੱਤ ਉੱਤੇ ਡੋਡੀ ਬਣਦੇ ਤੇ ਖਿੜਦੇ ਹਨ ? ਅਤੇ ਤੁਹਾਡੇ ਵਿਚਾਰ ਵੀ ਤਾਂ ਕੇਵਲ ਫੁੱਲ-ਪੱਤੀਆਂ ਹੀ ਹਨ ਜਿਹਨਾਂ ਨੂੰ ਤੁਹਾਡੀ ਦਿਲ ਰੂਪੀ ਹਵਾ ਪਹਾੜੀਆਂ ਤੇ ਖੇਤਾਂ ਉੱਤੇ ਖਿਲਾਰ ਦੇਂਦੀ ਹੈ ?
"ਇਹ ਤਾਂ ਉਹ ਗੱਲ ਹੈ ਜਿਵੇਂ ਤੁਸੀ ਉਦੋਂ ਤਕ ਸਕੂਨ ਦੀ ਉਡੀਕ ਕਰਦੇ ਹੋ ਜਦ ਤਕ ਤੁਹਾਡਾ ਆਕਾਰਹੀਣ ਅੰਤਰੀਵ ਆਕਾਰ ਦੀ ਸ਼ਕਲ ਅਖ਼ਤਿਆਰ ਨਹੀਂ ਕਰ ਲੈਂਦਾ। ਇਸੇ ਤਰ੍ਹਾਂ ਹੀ ਬੱਦਲ ਇਕੱਠੇ ਹੋ ਕੇ ਉਦੋਂ ਤਕ ਵੱਸਦੇ ਜਾਂ ਖਿੰਡਦੇ ਪੁੰਡਦੇ ਨਹੀਂ ਜਦੋਂ ਤਕ ਦੈਵੀ ਸ਼ਕਤੀ ਸੂਰਜ, ਚੰਦ ਤੇ ਤਾਰਿਆਂ ਨੂੰ ਬਲੌਰੀ ਰੂਪ ਵਿਚ ਆਪਣੀ ਇੱਛਾ ਅਨੁਸਾਰ ਆਕਾਰ ਨਹੀਂ ਦੇਂਦੀ।”