Back ArrowLogo
Info
Profile

6

ਫਿਰ ਅਲਮੁਸਤਫ਼ਾ ਕਰੀਮਾ ਅਤੇ ਆਪਣੇ ਨੌਂ ਚੇਲਿਆਂ ਸਮੇਤ ਬਾਹਰ ਖੁੱਲ੍ਹੀ ਥਾਂ ਆਇਆ ਜਿਥੇ ਉਸ ਨੇ ਲੋਕਾਂ, ਆਪਣੇ ਦੋਸਤਾਂ-ਮਿੱਤਰਾਂ, ਆਪਣੇ ਗੁਆਂਢੀਆਂ ਨਾਲ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ। ਉਸ ਨਾਲ ਗੱਲਬਾਤ ਕਰਕੇ ਉਸ ਦੀ ਨੇੜਤਾ ਕਾਰਨ ਉਹਨਾਂ ਸਭਨਾਂ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ।

ਉਹ ਸਭਨਾਂ ਨੂੰ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ, "ਤੁਸੀ ਨੀਂਦ ਵਿਚ ਵਧਦੇ-ਫੁਲਦੇ ਹੋ ਅਤੇ ਰਾਤ ਨੂੰ ਸੁਪਨਿਆਂ ਦੀ ਦੁਨੀਆ ਵਿਚ ਜੀਵਨ ਦੀ ਭਰਪੂਰਤਾ ਮਾਣਦੇ ਹੋ। ਕਿਉਂਕਿ ਤੁਹਾਡੇ ਦਿਨ ਤਾਂ ਉਸ ਲਈ ਸ਼ੁਕਰਾਨਾ ਕਰਨ ਵਿਚ ਬੀਤ ਜਾਂਦੇ ਹਨ, ਜੋ ਤੁਸਾਂ ਰਾਤ ਦੀ ਅਹਿਲਤਾ ਵਿਚ ਪ੍ਰਾਪਤ ਕੀਤਾ ਹੁੰਦਾ ਹੈ।

"ਅਕਸਰ ਤੁਸੀ ਇਹ ਸੋਚਦੇ ਤੇ ਕਹਿੰਦੇ ਹੋ ਕਿ ਰਾਤ ਆਰਾਮ ਕਰਨ ਲਈ ਹੈ ਪਰ ਸੱਚੀ ਗੱਲ ਤਾਂ ਇਹ ਹੈ ਕਿ ਰਾਤ ਕੁਝ ਲੱਭਣ ਲਈ, ਕੁਝ ਤਲਾਸ਼ ਕਰਨ ਲਈ ਹੁੰਦੀ ਹੈ।

"ਦਿਨ ਤੁਹਾਨੂੰ ਗਿਆਨ ਹਾਸਲ ਕਰਨ ਦੀ ਤਾਕਤ ਅਤੇ ਤੁਹਾਡੇ ਹੱਥਾਂ ਨੂੰ ਕੁਝ ਹਾਸਲ ਕਰਨ ਦੀ ਕਲਾ ਲਈ ਮੁਹਾਰਤ ਬਖ਼ਸ਼ਦਾ ਹੈ, ਇਹ ਰਾਤ ਹੀ ਹੈ ਜੋ ਤੁਹਾਨੂੰ ਜੀਵਨ ਦੇ ਅਸਲ ਖ਼ਜ਼ਾਨੇ ਦਾ ਰਾਹ ਵਿਖਾਉਂਦੀ ਹੈ।

“ਸੂਰਜ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਿਖਿਆ ਦੇਂਦਾ ਹੈ ਜੋ ਰੌਸ਼ਨੀ ਵਿਚ ਵਧਣ ਫੁੱਲਣ ਲਈ ਤਾਂਘਦੀਆਂ ਹਨ। ਪਰ ਰਾਤ ਉਹਨਾਂ ਸਾਰੀਆਂ ਚੀਜ਼ਾਂ ਨੂੰ ਤਾਰਿਆਂ ਦੀ ਦੁਨੀਆਂ ਦੇ ਦਰਸ਼ਨ ਕਰਾਉਂਦੀ ਹੈ।

37 / 76
Previous
Next