"ਇਹ ਰਾਤ ਦੀ ਅਡੋਲਤਾ ਹੀ ਹੈ ਜੋ ਜੰਗਲ ਵਿਚ ਦਰਖ਼ਤਾਂ ਨੂੰ ਤੇ ਬਾਗ਼ ਵਿਚ ਫੁੱਲਾਂ ਨੂੰ ਦੁਲਹਨ ਜਿਹੀ ਪੁਸ਼ਾਕ ਨਾਲ ਸਜਾ ਦੇਂਦੀ ਹੈ ਅਤੇ ਫਿਰ ਖੁਲ੍ਹ-ਦਿਲੀ ਨਾਲ ਖ਼ੁਸ਼ੀਆਂ ਵੰਡਦੀ ਦੁਲਹਨ ਦੇ ਚੈਂਬਰ ਨੂੰ ਸਜਾਉਂਦੀ ਹੈ; ਉਸ ਪਵਿੱਤਰ ਚੁੱਪ ਵਿੱਚ ਸਮੇਂ ਦੀ ਕੁੱਖ ਵਿੱਚ ਆਉਣ ਵਾਲਾ ਕੱਲ੍ਹ ਜਨਮ ਲੈਂਦਾ ਹੈ।
"ਇਸ ਲਈ ਇਹ ਹਰਦਮ ਤੁਹਾਡੇ ਕੋਲ ਹੈ, ਅਤੇ ਇਸ ਦੀ ਤਲਾਸ਼ ਵਿਚ ਹੀ ਤੁਹਾਡੀ ਖ਼ੁਸ਼ੀ, ਸੰਤੁਸ਼ਟੀ ਤੇ ਪੂਰਤੀ ਹੈ। ਭਾਵੇਂ ਦਿਨ ਚੜ੍ਹਦਿਆਂ ਹੀ ਤੁਹਾਡੀ ਚੇਤੰਨਤਾ ਰਾਤ ਦੀਆਂ ਸੁਪਨਈ ਯਾਦਾਂ ਨੂੰ ਮਿਟਾ ਦੇਂਦੀ ਹੈ ਪਰ ਸੁਪਨਿਆਂ ਦਾ ਪਸਾਰਾ ਸਦਾ ਲਈ ਪਸਰਿਆ ਰਹਿੰਦਾ ਹੈ ਤੇ ਦੁਲਹਨ ਦਾ ਚੈਂਬਰ ਉਡੀਕ ਵਿਚ।”
ਉਹ ਬੋਲਦਾ ਬੋਲਦਾ ਕੁਝ ਪਲਾਂ ਲਈ ਖ਼ਾਮੋਸ਼ ਹੋ ਗਿਆ ਤੇ ਸਾਰੇ ਸਰੋਤੇ ਵੀ, ਪਰ ਉਹ ਉਸ ਦੇ ਬੋਲਾਂ ਦੀ ਉਡੀਕ ਵਿਚ ਸਨ। ਉਹ ਫਿਰ ਕਹਿਣ ਲੱਗਾ :
“ਤੁਸੀ ਆਤਮਾਵਾਂ ਹੋ ਭਾਵੇਂ ਸਰੀਰਕ ਰੂਪ ਵਿਚ ਤੁਰਦੇ ਫਿਰਦੇ ਹੋ; ਤੇਲ ਵਾਂਗ ਜੋ ਹਨੇਰੇ ਵਿਚ ਬਲਦਾ ਹੈ, ਤੁਸੀ ਲਾਟਾਂ ਹੋ ਭਾਵੇਂ ਸਰੀਰ ਰੂਪੀ ਲੈਂਪਾਂ ਵਿਚ ਬੰਦ ਹੋ।
"ਜੇ ਤੁਸੀ ਸਰੀਰਾਂ ਤੋਂ ਇਲਾਵਾ ਹੋਰ ਕੁਝ ਨਾ ਹੁੰਦੇ ਤਾਂ ਮੇਰਾ ਤੁਹਾਡੇ ਸਾਹਮਣੇ ਖਲੋਣਾ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਖ਼ਾਲੀਪਣ ਤੋਂ ਸਿਵਾਇ ਕੁਝ ਵੀ ਅਰਥ ਨਹੀਂ ਸੀ ਰੱਖਦਾ ਜਾਂ ਇਹ ਕਹਿ ਲਈਏ ਕਿ ਕੋਈ ਮੁਰਦਾ ਮੁਰਦੇ ਨੂੰ ਬੁਲਾਉਂਦਾ ਹੋਵੇ। ਪਰ ਅਜਿਹਾ ਨਹੀਂ ਹੈ। ਉਹ ਸਭ ਕੁਝ ਜੋ ਤੁਹਾਡੇ ਅੰਦਰ ਅਮਰ ਹੈ ਉਹ ਸਦਾ ਲਈ ਆਜ਼ਾਦ ਹੈ, ਉਸ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਜਕੜਿਆ ਜਾ ਸਕਦਾ ਹੈ ਕਿਉਂਕਿ ਇਹ ਹੀ ਪਰਮਾਤਮਾ ਦੀ ਇੱਛਾ ਹੈ। ਤੁਸੀ ਉਸ ਦੇ ਸੁਆਸ ਹੋ, ਜੋ ਆਜ਼ਾਦ ਹਨ ਜਿਵੇਂ ਹਵਾ ਨੂੰ ਨਾ ਤਾਂ ਫੜਿਆ ਜਾ ਸਕਦਾ ਹੈ ਨਾ ਹੀ ਪਿੰਜਰੇ ਵਿਚ ਬੰਦ ਕੀਤਾ ਜਾ ਸਕਦਾ ਹੈ। ਮੈਂ ਉਸ ਪਰਮਾਤਮਾ ਦੇ ਸੁਆਸ ਦਾ ਹੀ ਅੰਸ਼ ਹਾਂ।”