

ਪੁਨਰ ਜੀਵਨ
ਮੇਰੀ ਪਿਆਰੀ, ਕਲ੍ਹ ਮੈਂ ਸੰਸਾਰ ਵਿਚ ਬਿਲਕੁਲ ਇੱਕਲਾ ਸਾਂ ਅਤੇ ਮੇਰੀ ਇੱਕਲ ਮੌਤ ਵਾਂਗ ਜ਼ਾਲਮ ਸੀ। ਮੈਂ ਅਜਿਹੇ ਫੁੱਲ ਵਾਂਗ ਸਾਂ ਜੋ ਵੱਡੀ ਸਾਰੀ ਚਟਾਨ ਦੀ ਛਾਂ ਹੇਠ ਉੱਗਦਾ ਹੈ ਜਿਸਦੀ ਹੋਂਦ ਤੋਂ ਜ਼ਿੰਦਗੀ ਅਤੇ ਜੋ ਜ਼ਿੰਦਗੀ ਤੋਂ ਅਣਭੋਲ ਹੈ।
ਪਰ ਅਜ ਮੇਰੀ ਰੂਹ ਸੁਚੇਤ ਹੋ ਗਈ ਅਤੇ ਮੈਂ ਵੇਖਿਆ ਤੂੰ ਮੇਰੇ ਕੋਲ ਖੜੀ ਸੀ। ਮੈਂ ਖੁਸ਼ੀ ਵਿਚ ਨੱਚ ਉਠਿਆ, ਫਿਰ ਮੈਂ ਸਤਿਕਾਰ ਨਾਲ ਝੁਕਿਆ ਅਤੇ ਤੇਰੇ ਸਾਹਵੇਂ ਪੂਜਾ ਕੀਤੀ।
ਕਲ੍ਹ ਮਹਿਕਾਂ ਭਰੀ ਹਵਾ ਦੀ ਛੂਹ ਮੈਨੂੰ ਖਰ੍ਹਵੀ ਲਗਦੀ ਸੀ, ਸੂਰਜ ਦੀਆਂ ਕਿਰਨਾ ਮੱਧਮ ਜਾਪੀਆਂ ਸਨ, ਧੁੰਦ ਨੇ ਧਰਤੀ ਦਾ ਚਿਹਰਾ ਛੁਪਾ ਲਿਆ ਹੋਇਆ ਸੀ ਅਤੇ ਸਾਗਰ ਦੀਆ ਲਹਿਰਾਂ ਤੂਫ਼ਾਨ ਵਾਂਗ ਗਰਜ ਰਹੀਆਂ ਸਨ, ਮੇਰੀ ਪਿਆਰੀ।
ਮੈਂ ਆਪਣੇ ਆਲੇ ਦੁਆਲੇ ਵੇਖਿਆ ਪਰ ਹੋਰ ਕੁਝ ਵੀ ਨਾ ਦਿਸਿਆ ਸਿਵਾਏ ਮੇਰੇ ਆਪਣੇ ਦੁੱਖਾਂ ਤੋਂ ਜੋ ਮੇਰੇ ਕੋਲ ਖੜ੍ਹੇ ਸਨ, ਜਦੋਂ ਕਿ ਹਨੇਰੇ ਦੇ ਪ੍ਰੇਤ ਉਠੇ ਅਤੇ ਮੇਰੇ ਦੁਆਲੇ ਇੰਜ ਘੁੰਮਣ ਲਗੇ ਜਿਵੇਂ ਭੁਖੀਆਂ ਗਿਰਝਾਂ।
ਪਰ ਅਜ ਕੁਦਰਤ ਰੋਸ਼ਨੀ ਵਿਚ ਨਹਾਤੀ ਹੋਈ ਹੈ ਅਤੇ ਸ਼ੋਰ ਮਚਾਉਂਦੀਆ ਲਹਿਰਾਂ ਸ਼ਾਂਤ ਹਨ, ਧੁੰਦ ਖਿੰਡ ਪੁੰਡ ਚੁਕੀ ਹੈ। ਜਿਧਰ ਕਿਧਰੇ ਵੀ ਮੈਂ ਝਾਤੀ ਮਾਰਦਾ ਹਾਂ ਮੇਰੇ ਸਾਹਮਣੇ ਜੀਵਨ ਦੇ ਭੇਦ ਖੁੱਲ੍ਹੇ ਪਏ ਜਾਪਦੇ ਹਨ।
ਕਲ੍ਹ ਤਕ ਮੈਂ ਰਾਤ ਦੇ ਸੀਨੇ ਵਿਚ ਬੇਆਵਾਜ਼ ਸ਼ਬਦ ਸਾਂ, ਅਜ ਮੈਂ ਸਮੇਂ ਦੇ ਹੋਠਾਂ ਉਤੇ ਇਕ ਗੀਤ ਹਾਂ।