

14
ਤੇ ਇਕ ਦੁਪਹਿਰ, ਜਦੋਂ ਸੂਰਜ ਪੂਰੇ ਜੋਬਨ 'ਤੇ ਸੀ, ਉਨ੍ਹਾਂ ਨੌਂ ਮੁਰੀਦਾਂ ਵਿਚਲੇ ਉਨ੍ਹਾਂ ਤਿੰਨ ਮੁਰੀਦ, ਜੋ ਕਿ ਬਚਪਨ 'ਚ ਅਲਮੁਸਤਫ਼ਾ ਨਾਲ ਖੇਡਦੇ ਰਹੇ ਸਨ, ਵਿਚੋਂ ਇਕ ਜਣਾ ਉਸ ਕੋਲ ਆਇਆ ਤੇ ਬੋਲਿਆ- "ਮੇਰੇ ਮੁਰਸ਼ਦ, ਮੇਰੇ ਕੱਪੜੇ ਫਟ ਗਏ ਨੇ, ਤੇ ਮੇਰੇ ਕੋਲ ਕੋਈ ਹੋਰ ਕੱਪੜਿਆਂ ਦੀ ਜੋੜੀ ਵੀ ਨਹੀਂ ਹੈ। ਮੈਨੂੰ ਬਾਜ਼ਾਰ ਜਾਣ ਤੇ ਨਵੇਂ ਕੱਪੜੇ ਖ਼ਰੀਦ ਲਿਆਉਣ ਦੀ ਛੁੱਟੀ ਦਿਓ।”
ਤੇ ਅਲਮੁਸਤਫ਼ਾ ਨੇ ਉਸ ਨੌਜੁਆਨ ਵੱਲ ਵੇਖਿਆ ਤੇ ਕਿਹਾ- "ਮੈਨੂੰ ਆਪਣੇ ਕੱਪੜੇ ਦੇ।" ਤੇ ਉਸ ਮੁਰੀਦ ਨੇ ਏਦਾਂ ਹੀ ਕੀਤਾ ਤੇ ਉਹ ਸਿਖਰ-ਦੁਪਹਿਰ ਬਿਲਕੁਲ ਨੰਗਾ ਖੜਾ ਰਿਹਾ।
ਤੇ ਅਲਮੁਸਤਫ਼ਾ, ਜਿਵੇਂ ਇਕ ਜੁਆਨ ਘੋੜਾ ਇਕ ਸੜਕ 'ਤੇ ਸਰਪਟ ਦੌੜਿਆ ਜਾਂਦਾ ਹੋਵੇ, ਏਦਾਂ ਦੀ ਆਵਾਜ਼ ਵਿਚ ਬੋਲਿਆ, "ਸਿਰਫ਼ ਨੰਗੇ ਜੀਵ ਹੀ ਸੂਰਜ ਦੀ ਤਪਸ਼ 'ਚ ਜਿਊਂਦੇ ਨੇ। ਸਿਰਫ਼ ਕਲਾ-ਵਿਹੂਣੇ ਹੀ ਪੌਣਾਂ 'ਤੇ ਸਵਾਰ ਹੁੰਦੇ ਨੇ। ਤੇ ਸਿਰਫ਼ ਉਹ 'ਕੱਲਾ ਬੰਦਾ, ਜੋ ਹਜ਼ਾਰਾਂ ਵਾਰੀ ਆਪਣਾ ਰਾਹ ਭੁੱਲਦਾ ਹੈ, ਅਖੀਰ ਆਪਣੇ ਘਰ ਪਰਤਦਾ ਹੈ।
"ਫ਼ਰਿਸ਼ਤੇ ਵੀ ਚੁਸਤ-ਚਾਲਾਕ ਬੰਦਿਆਂ ਤੋਂ ਤੰਗ ਆ ਚੁੱਕੇ ਨੇ। ਤੇ ਇਹ ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਇਕ ਫ਼ਰਿਸ਼ਤੇ ਨੇ ਮੈਨੂੰ ਕਿਹਾ- 'ਅਸੀਂ ਚਮਕਦਾਰ ਚੀਜ਼ਾਂ ਵਾਸਤੇ ਨਰਕ ਸਿਰਜਿਆ ਸੀ। ਸਿਰਫ਼ ਅੱਗ ਤੋਂ ਬਿਨਾਂ ਹੋਰ ਭਲਾ ਕਿਹੜੀ ਚੀਜ਼ ਹੈ ਜੋ ਚਮਕਦਾਰ ਤਲ ਨੂੰ ਖ਼ਤਮ ਕਰ ਸਕਦੀ ਹੈ ਤੇ ਇਕ ਚੀਜ਼ ਨੂੰ ਮੂਲੋਂ ਖੋਰ ਸਕਦੀ ਹੈ ?'
"ਤੇ ਮੈਂ ਆਖਿਆ- 'ਪਰ ਨਰਕ ਸਿਰਜਦਿਆਂ ਤੁਸੀਂ ਨਰਕ 'ਤੇ ਰਾਜ ਕਰਨ ਵਾਲੇ ਸ਼ੈਤਾਨਾਂ ਨੂੰ ਵੀ ਸਿਰਜ ਦਿੱਤਾ ਹੈ ।' ਪਰ ਫਰਿਸ਼ਤੇ ਦਾ ਜੁਆਬ ਸੀ- 'ਨਹੀਂ, ਨਰਕ 'ਤੇ ਉਨ੍ਹਾਂ ਲੋਕਾਂ ਦਾ ਰਾਜ ਹੈ, ਜਿਹੜੇ ਅੱਗ ਅੱਗੇ ਵੀ ਗੋੜੇ ਨਹੀਂ ਟੇਕਦੇ।
“ਸੂਝਵਾਨ ਫ਼ਰਿਸ਼ਤਾ! ਉਹ ਪੂਰੇ ਤੇ ਅਧੂਰੇ ਮਨੁੱਖ ਦੇ ਢੰਗ-ਤਰੀਕੇ ਜਾਣਦਾ ਹੈ।ਉਹ ਉਨ੍ਹਾਂ ਫ਼ਰਿਸ਼ਤਿਆਂ 'ਚੋਂ ਇਕ ਹੈ, ਜਿਹੜੇ ਉਦੋਂ ਨਬੀ-ਪੈਗੰਬਰਾਂ ਦੀ ਮਦਦ ਕਰਦੇ ਨੇ, ਜਦੋਂ ਉਹ ਚੁਸਤ-ਚਾਲਾਕ ਬੰਦਿਆਂ ਵੱਲੋਂ ਵਰਗਲਾਏ ਜਾਂਦੇ ਨੇ। ਤੇ ਯਕੀਨਨ ਉਹ ਉਦੋਂ ਮੁਸਕੁਰਾਉਂਦਾ ਹੈ, ਜਦੋਂ ਪੈਗ਼ੰਬਰ ਮੁਸਕਰਾਉਂਦੇ ਨੇ, ਤੇ ਉਦੋਂ ਰੋਂਦਾ ਹੈ, ਜਦੋਂ ਪੈਗ਼ੰਬਰ ਰੋਂਦੇ ਨੇ।
"ਮੇਰੇ ਮਿੱਤਰੋ ਤੇ ਮਲਾਹ, ਸਿਰਫ਼ ਨੰਗੇ ਬੰਦੇ ਹੀ ਸੂਰਜ ਦੀ ਤਪਸ਼ 'ਚ ਜੀਅ ਸਕਦੇ ਨੇ । ਸਿਫਾ. ਪਤਵਾਰ-ਵਿਹੂਣੇ ਬੇੜੇ ਹੀ ਮਹਾਨਤਮ ਸਮੁੰਦਰ ਨੂੰ ਪਾਰ ਕਰ ਸਕਦੇ ਨੇ। ਸਿਰਫ਼ ਉਹ, ਜੋ ਰਾਤ ਪੈਣ 'ਤੇ ਸੌਂ ਜਾਂਦੈ, ਪਹੁ-ਫੁਟਾਲਾ ਹੋਣ 'ਤੇ ਜਾਗੇਗਾ, ਤੇ ਸਿਰਫ਼ ਉਹ, ਜੋ ਬਰਫ਼ ਹੇਠਾਂ ਜੜ੍ਹਾਂ ਨੂੰ ਨਾਲ ਲੈ ਕੇ ਸੌਂਦੇ, ਬਸੰਤ-ਬਹਾਰ ਨੂੰ ਪ੍ਰਾਪਤ ਹੋਏਗਾ।
"ਕਿਉਂ ਕਿ ਤੁਸੀਂ ਵੀ ਜੜ੍ਹਾਂ ਦੇ ਤੁੱਲ ਹੈ, ਤੇ ਜੜ੍ਹਾਂ ਵਾਂਗ ਹੀ ਤੁਸੀਂ ਸਰਲ ਹੋ, ਫੇਰ ਵੀ ਤੁਸੀਂ ਧਰਤੀ ਤੋਂ ਬਿਬੇਕ ਪ੍ਰਾਪਤ ਕੀਤਾ ਹੈ। ਤੇ ਤੁਸੀਂ ਮੌਨ ਹੋ, ਫੇਰ ਵੀ ਤੁਹਾਡੀਆਂ ਅਣਉੱਗੀਆਂ ਟਹਿਣੀਆਂ 'ਚ ਚਹੁੰ-ਦਿਸ਼ਾਵੀ ਪੌਣਾਂ ਦਾ ਸੰਗੀਤ ਘੁਲਿਆ ਹੈ।
"ਤੁਸੀਂ ਨਾਜ਼ੁਕ ਹੋ ਤੇ ਤੁਸੀਂ ਨਿਰਾਕਾਰ ਹੋ, ਫੇਰ ਵੀ ਤੁਸੀਂ ਦਿਓ-ਕੱਦ ਬਲੂਤ (ਓਕ) ਦੇ ਬਿਰਖਾਂ ਦਾ ਤੇ ਅੰਬਰ ਦੇ ਟਾਕਰੇ 'ਚ ਬੈਂਤ ਦੇ ਬਿਰਖਾਂ ਦੇ ਅਰਧ-ਰੇਖਾਂਕਿਤ ਨਮੂਨਿਆਂ ਦਾ ਮੁੱਢ ਹੈ।