

ਪਕਾਏਗੀ: ਇਹ ਜਾਣਨਾ ਹੈ ਕਿ ਜੇਕਰ ਤੁਹਾਡੀ ਸਿਰਫ਼ ਇਕ ਬਾਰੀ ਵੀ ਚੜ੍ਹਦੇ ਵਾਲੇ ਪਾਸੇ ਖੁੱਲ੍ਹੀ ਹੈ, ਤੁਸੀਂ ਕਦੇ ਵੀ ਖ਼ਾਲੀ ਨਹੀਂ ਹੋਵੋਗੇ, ਇਹ ਜਾਣਨਾ ਹੈ ਕਿ ਸਾਰੇ ਗ਼ਲਤ ਅਨਸਰ, ਲੁਟੇਰੇ, ਧੋਖੇਬਾਜ਼ ਤੇ ਕਪਟੀ ਬੰਦੇ ਤੁਹਾਡੇ ਹੀ ਭਰਾ ਨੇ, ਜੋ ਕਿ ਲੋੜਵੰਦ ਨੇ, ਤੇ ਤੁਸੀਂ ਰੱਬੀ- ਸਬੌਬੀ ਇਸ ਸ਼ਹਿਰ ਤੋਂ ਪਰ੍ਹੇ ਉਸ 'ਅਦਿਖ ਸ਼ਹਿਰ' ਦੇ ਧੰਨਭਾਗੀ ਨਿਵਾਸੀਆਂ 'ਚ ਗਿਣੇ ਜਾਂਦੇ ਹੋ।
"ਤੇ ਹੁਣ ਤੁਹਾਨੂੰ ਸੰਬੋਧਿਤ ਹੁੰਦਾ ਹਾਂ, ਜਿਨ੍ਹਾਂ ਦੇ ਹੱਥ ਹਮੇਸ਼ਾ ਸਾਡੇ ਦਿਨ-ਰਾਤ ਦੇ ਆਰਾਮ ਦੀਆਂ ਲੋੜੀਂਦੀਆਂ ਵਸਤਾਂ ਬਣਾਉਂਦੇ ਤੇ ਲੱਭਦੇ ਨੇ-
"ਹੋਂਦਗਤ ਹੋਣਾ ਜੋਤਵਾਨ ਉਂਗਲਾਂ ਵਾਲਾ ਇਕ ਜੁਲਾਹਾ ਹੋਣਾ ਹੈ, ਰੌਸ਼ਨੀ ਤੇ ਸਥਾਨ ਦੀ ਸੋਝੀ ਰੱਖਣ ਵਾਲਾ ਇਕ ਭਵਨ-ਨਿਰਮਾਤਾ ਹੋਣਾ ਹੈ, ਇਕ ਹਾਲੀ ਹੋਣਾ ਹੈ ਤੇ ਇਹ ਮਹਿਸੂਸ ਕਰਨਾ ਕਿ ਤੁਸੀਂ ਆਪਣੇ ਵੱਲੋਂ ਬੀਜੇ ਜਾਣ ਵਾਲੇ ਹਰੇਕ ਬੀਜ ਨਾਲ ਇਕ ਖ਼ਜ਼ਾਨਾ ਦੱਬ ਰਹੇ ਹੋ; ਮੱਛੀਆਂ ਤੇ ਪਸ਼ੂਆਂ ਪ੍ਰਤੀ ਤਰਸ ਦੀ ਭਾਵਨਾ ਰੱਖਣ ਵਾਲਾ ਇਕ ਮਛੇਰਾ ਤੇ ਇਕ ਸ਼ਿਕਾਰੀ ਹੋਣਾ ਹੀ ਹੋਂਦਗਤ ਹੋਣਾ ਹੈ, ਬੇਸ਼ੱਕ ਮਨੁੱਖ ਦੀ ਭੁੱਖ ਤੇ ਲੋੜ ਥੋੜ੍ਹੀ ਵਧੇਰੇ ਤਰਸ ਦੀ ਪਾਤਰ ਹੈ।
"ਤੇ, ਸੋ ਗੱਲਾਂ ਦੀ ਇਕੋ ਗੱਲ ਮੈਂ ਇਹ ਕਹਾਂਗਾ- 'ਮੈਂ ਤੁਹਾਨੂੰ ਸਾਰਿਆਂ ਨੂੰ ਹਰੇਕ ਮਨੁੱਖ ਦੇ ਕੰਮ ਆਉਣ ਦੇ ਮੰਤਵ ਨਾਲ ਆਪਣਾ ਸਾਥੀ ਬਣਾਵਾਂਗਾ, ਕਿਉਂ ਕਿ ਸਿਰਫ਼ ਏਦਾਂ ਕਰ ਕੇ ਹੀ ਤੁਸੀਂ ਆਪਣੇ ਚੰਗੇਰੇ ਮੰਤਵ ਦੀ ਪੂਰਤੀ ਦੀ ਆਸ ਪਾਲੋਗੇ ।'
"ਮੇਰੇ ਸਾਥੀਓ ਤੇ ਮੇਰੇ ਪਿਆਰਿਓ, ਨਿਡਰ ਬਣੇ, ਡਰਪੋਕ ਨਹੀਂ; ਮੋਕਲੀ ਸੋਚ ਰੱਖੋ, ਸੌੜੀ ਨਹੀਂ; ਤੇ ਉਦੋਂ ਤੱਕ, ਜਦੋਂ ਤੱਕ ਕਿ ਮੇਰੀ ਅੰਤਿਮ ਘੜੀ ਤੇ ਤੁਹਾਡੀ ਅੰਤਿਮ ਘੜੀ ਸੋਚਮੁੱਚ ਤੁਹਾਡਾ ਪਰਮ-ਆਪਾ ਨਹੀਂ ਬਣ ਜਾਂਦੀ।"
ਤੇ ਉਹ ਚੁੱਪ ਹੋ ਗਿਆ ਤੇ ਸਾਰੇ ਦੇ ਸਾਰੇ ਨੌਂਆਂ ਮੁਰੀਦਾਂ ਦੇ ਚਿਹਰਿਆਂ 'ਤੇ ਡੂੰਘੀ ਉਦਾਸੀ ਪਸਰ ਗਈ, ਤੇ ਉਨ੍ਹਾਂ ਦਾ ਹਿਰਦਾ ਉਸ ਵੱਲੋਂ ਉਚਾਟ ਹੋ ਗਿਆ, ਕਿਉਂ ਕਿ ਉਹ ਉਸ ਦੇ ਬੋਲਾਂ ਨੂੰ ਸਮਝ ਹੀ ਨਹੀਂ ਸਕੇ।
ਤੇ ਧਿਆਨ ਦਿਓ, ਤਿੰਨ ਬੰਦੇ ਜਿਹੜੇ ਕਿ ਸਮੁੰਦਰ ਦੀ ਤਾਂਘ ਰੱਖਣ ਵਾਲੇ ਮਲਾਹ ਸਨ; ਤੇ ਉਹ, ਜਿਹੜੇ ਕਿ ਮੰਦਰ 'ਚ ਸੇਵਾਦਾਰ ਸਨ ਤੇ ਮੰਦਰ ਦੀ ਪਨਾਹਗਾਰ ਦੀ ਦਾਤ ਦੇ ਜਾਚਕ ਸਨ; ਤੇ ਉਹ, ਜਿਹੜੇ ਕਿ ਉਸ ਦੇ ਬਚਪਨ ਦੇ ਸਾਥੀ ਸਨ ਤੇ ਬਾਜ਼ਾਰ 'ਚ ਅੱਡਾ ਜਮਾਉਣ ਦੇ ਇਛੁੱਕ ਸਨ, ਉਹ ਸਾਰੇ ਲੋਕ ਉਸ ਦੇ ਬੋਲਾਂ ਪ੍ਰਤੀ ਏਨੇ ਬੋਲੇ ਸਨ ਕਿ ਉਨ੍ਹਾਂ ਤੱਕ ਜਾਂਦੀ ਆਵਾਜ਼ ਵਾਪਸ ਉਸ ਤੱਕ ਪਰਤ ਕੇ ਆ ਰਹੀ ਸੀ, ਜਿਵੇਂ ਥੱਕੇ-ਟੁੱਟੇ ਤੇ ਬੇਘਰ ਪੰਛੀ ਪਨਾਹਗਾਹ ਦੀ ਭਾਲ 'ਚ ਹੋਣ।
ਤੇ ਅਲਮੁਸਤਫ਼ਾ ਉਨ੍ਹਾਂ ਤੋਂ ਥੋੜ੍ਹੀ ਦੂਰ ਬਾਗ਼ 'ਚ ਚਲਾ ਗਿਆ, ਬਿਨਾਂ ਕੁਝ ਬੋਲਿਆਂ ਤੇ ਬਿਨਾਂ ਉਨ੍ਹਾਂ ਵੱਲ ਵੇਖਿਆਂ।
ਤੇ ਉਹ ਸਾਰੇ ਆਪਸ 'ਚ ਇਕ ਕਾਰਨ ਤੇ ਆਪਣੀ ਵਾਪਸੀ ਦੀ ਇੱਛਾ ਦੇ ਲਈ ਇਕ ਢੁਕਵਾਂ ਬਹਾਨਾ ਲੱਭਣ ਲੱਗੇ।
ਤੇ ਧਿਆਨ ਨਾਲ ਵੇਖੋ, ਉਹ ਮੁੜੇ ਤੇ ਆਪੋ-ਆਪਣੇ ਘਰੀਂ ਪਰਤ ਗਏ, ਤੇ ਅਲਮੁਸਤਫ਼ਾ, ਰੱਬ ਦਾ ਚੁਣਦਾ ਤੇ ਪਸੰਦੀਦਾ ਬੰਦਾ, ਇਕੱਲਾ ਰਹਿ ਗਿਆ ਸੀ।