

ਅਲਮਿਤਰਾ, ਮੇਰੀਏ ਜੋਤ ਭੈਣੇ! ਲੰਮੇ ਸਮੇਂ ਤੋਂ ਮੇਰੇ ਮਨ ਦੀ ਅੱਖ ਤੈਨੂੰ ਲੱਭਦੀ ਸੀ ਤੇ ਤੈਨੂੰ ਤੇਰੇ ਦਿਨਾਂ ਦੀਆਂ ਸਰਗਰਮੀਆਂ ਵਿਚ ਤੱਕਦੀ ਸੀ, ਤੇ ਲੰਮੇ ਸਮੇਂ ਤੋਂ ਮੇਰੇ ਦਿਲ ਦੇ ਖੰਡ ਤੈਨੂੰ ਲੱਭਦੇ ਸਨ ਤੇ ਤੈਨੂੰ ਤੇਰੀਆਂ ਰਾਤਾਂ ਦੇ ਸੁਪਨਿਆਂ ਵਿਚਾਲੇ ਪਾਉਂਦੇ ਸਨ।
"ਆ, ਮੇਰੇ ਲਾਗੇ ਖੜੀ ਹੋ ਜਾ, ਤਾਂ ਕਿ ਮੇਰੀਆਂ ਅੱਖਾਂ ਤੇਰੀ ਤਰਲ ਸੁੰਦਰਤਾ ਵਿਚ ਨਹਾ ਸਕਣ, ਤੇ ਆਪਣਾ ਦਿਲ ਖੋਲ੍ਹ, ਤਾਂ ਕਿ ਅਸੀਂ ਦੋਬਾਰਾ ਫੇਰ ਸਿਤਾਰਿਆਂ ਦੇ ਸੁਰਗੀ ਲਿਬਾਸਾਂ ਤੋਂ ਪਾਰ ਆਪਣੀਆਂ ਰੂਹਾਂ ਦਾ ਮੇਲ ਕਰਾ ਸਕੀਏ।"
ਮੈਂ ਅੱਗੇ ਵਧਣ ਤੋਂ ਬਿਨਾਂ ਹੋਰ ਕੁਝ ਨਾ ਕਰ ਸਕੀ। ਉਸ ਨੇ ਜੋ ਵੀ ਸ਼ਬਦ ਬੋਲੇ ਸਨ, ਉਨ੍ਹਾਂ ਵਿਚੋਂ ਸਾਗਰ ਉੱਛਲ ਰਹੇ ਸਨ, ਅਤੇ ਮੈਂ ਏਦਾਂ ਅੱਗੇ ਵਧੀ ਜਿਵੇਂ ਤਾਕਤਵਰ ਲਹਿਰਾਂ ਨੇ ਮੈਨੂੰ ਧਕੇਲਿਆ ਹੋਵੇ।
ਫੇਰ ਵੀ, ਉਸ ਦੇ ਹੱਥਾਂ ਨੇ ਮੇਰੇ ਚਿਹਰੇ ਨੂੰ ਏਦਾਂ ਕਬੂਲਿਆ ਜਿਵੇਂ ਸਾਗਰ ਬਹੁਤ ਹੀ ਨਫ਼ਾਸਤ ਨਾਲ ਬੱਦਲਾਂ ਨੂੰ ਕਬੂਲਦਾ ਹੈ। ਹਾਂ, ਇਸ ਛੋਹ ਵਿਚ ਏਨੀ ਨਜ਼ਾਕਤ ਸੀ ਕਿ ਉਸ ਦੇ ਹੱਥ ਆਪਣੇ-ਆਪ ਵਿਚ ਜੀਵਨ ਨਾਲ ਭਰਪੂਰ ਸਨ, ਉਨ੍ਹਾਂ ਹੱਥਾਂ ਨੇ ਮੇਰੇ ਚਿਹਰੇ ਨੂੰ ਏਦਾਂ ਨਜ਼ਰ-ਭਰਪੂਰ ਹੋ ਕੇ ਛੂਹਿਆ, ਜਿਵੇਂ ਕਿ ਇਕ ਨੇਤਰਹੀਣ ਵਿਅਕਤੀ ਦੇ ਹੱਥ ਛੂੰਹਦੇ ਹਨ।
ਫੇਰ ਵੀ ਮੈਂ ਕਦੇ ਇਕ ਪਲ ਲਈ ਵੀ ਉਸ ਨੂੰ ਏਦਾਂ ਨਾ ਤੱਕ ਸਕੀ। ਜਿਵੇਂ ਹੀ ਅਲ- ਮੁਸਤਫ਼ਾ ਮੇਰੇ ਸਨਮੁਖ ਖੜ੍ਹਾ ਹੋਇਆ, ਉਸ ਦੀਆਂ ਅੱਖਾਂ ਵਿਚ ਇਕ ਅਜਿਹੀ ਜੋਤ ਉਗਮੀ, ਜਿਸ ਨੇ ਮੇਰੀ ਧੁਰ ਅੰਦਰਲੀ ਸਵੈ-ਹੋਂਦ ਨੂੰ ਵਿੰਨ੍ਹ ਕੇ ਰੱਖ ਦਿੱਤਾ।
ਅਤੇ ਜਿਵੇਂ ਹੀ ਉਸ ਜੋਤ ਦੀ ਸੁਗੰਧ ਨੇ ਮੇਰੇ ਮਨ ਨੂੰ ਛੂਹਿਆ, ਪਿਛਲੇ ਨੌਂ ਵਰ੍ਹਿਆਂ ਦੀ ਸ਼ੋਭਾ-ਯਾਤਰਾ ਮੇਰੀਆਂ ਯਾਦਾਂ ਵਿਚ ਆ ਇਕੱਠੀ ਹੋਈ ਅਤੇ ਖ਼ੁਦ ਨੂੰ ਅਲ ਮੁਸਤਫ਼ਾ ਦੇ ਰੂਬਰੂ ਪੇਸ਼ ਕਰਨ ਲਈ ਤਿਆਰੀ ਕਰਨ ਲੱਗੀ।
ਮੈਂ ਬੋਲਣ ਲਈ ਉਤਾਵਲੀ ਸਾਂ, ਤਾਂ ਕਿ ਉਸ (ਸ਼ੋਭਾ-ਯਾਤਰਾ) ਦੀਆਂ ਵਿਭਿੰਨ ਲੈਆਂ ਤੇ ਰੂਪਾਂ ਨੂੰ ਜੀਵੰਤ ਕਰ ਸਕਾਂ, ਪਰ ਉਸ ਦੀਆਂ ਅੱਖਾਂ ਦੇ ਤੇਜ ਵਿਚ ਮੈਂ ਖ਼ੁਦ ਨੂੰ ਹੋਰ ਡੂੰਘੇਰਾ ਲਹਿੰਦਿਆਂ ਵੇਖਦੀ ਸਾਂ ।
ਅਤੇ ਕਿਉਂਕਿ ਮੈਂ ਮੌਨ ਖੜੀ ਸਾਂ, ਮੈਂ ਆਪਣੀ ਸਮੁੱਚੀ ਸਵੈ-ਹੋਂਦ ਨੂੰ ਉਸ ਦੀ ਸਿਆਣਪ ਨਾਲ ਭਰਿਆ ਮਹਿਸੂਸ ਕੀਤਾ, ਖ਼ਾਸ ਕਰਕੇ ਜਦੋਂ ਉਸ ਨੇ ਮੈਨੂੰ ਆਖਿਆ-
"ਤੈਨੂੰ ਚੰਗੀ ਤਰ੍ਹਾਂ ਪਤੇ ਅਲਮਿਤਰਾ, ਕਿ ਮੈਂ ਨਾ ਤਾਂ ਬੀਤੇ ਕੱਲ੍ਹ ਦੇ ਵਰਤੇ ਜਾ ਚੁੱਕੇ ਬੋਲਾਂ ਪਿੱਛੇ ਫਿਰ ਰਿਹਾ, ਤੇ ਨਾ ਹੀ ਭਲਕ ਦੀਆਂ ਅਣਡਿੱਠੀਆਂ ਤਾਂਘਾਂ ਪਿੱਛੇ।
"ਸਗੋਂ ਮੈਂ ਤਾਂ ਮੌਜੂਦਾ ਖਿਣ ਵਿਚ ਰਮ ਗਿਆ ਹਾਂ, 'ਹੁਣ ਵਿਚ': ਜੋ ਕਿ ਜੁਗਾਂ- ਜੁਗਾਂਤਰਾਂ ਦੀ ਜਨਮ-ਭੋਇ ਹੈ, ਤੇ ਇਸ ਤਰ੍ਹਾਂ ਇਸ ਮੌਜੂਦਾ ਖਿਣ, ਜਿਸ ਨੂੰ ਸਮਾਂ ਕਹਿੰਦੇ ਨੇ, ਵਿਚ ਇਸ ਦੇ ਸਮਾਂ-ਰਹਿਤਪੁਣੇ ਦੀ ਅਸੀਮਤਾ ਵੀ ਸਮਾਈ ਹੋਈ ਹੈ।
"ਹਾਂ, ਕੱਲ੍ਹ ਤੇ ਭਲਕ ਦੋਵੇਂ 'ਹੁਣ' ਦੇ ਦ੍ਰਿੜ ਤੇ ਮੌਨ ਵਿਚ ਇਕੱਠੇ ਹੁੰਦੇ ਨੇ।
"ਤੇ ਇਥੇ ਉਹ ਆਪਣੀਆਂ ਚਮਕਦਾਰ ਸ਼ਰਾਬਾਂ ਨੂੰ ਆਪਣੇ ਜੋੜੇ-ਪਾਤਰਾਂ ਵਿਚ ਪਾਉਂਦੇ ਤੇ ਮਿਲਾਉਂਦੇ ਹਨ, ਇਸ ਮੌਨ ਭਰੋਸੇ ਵਿਚ ਕਿ ਤੂੰ ਉਸ ਨੂੰ ਆਪਣੇ-ਆਪ ਅੱਧ- ਨੀਂਦਰੀ ਹਾਲਤ ਵਿਚ ਪੀਵੇਂਗੀ ਤੇ ਹਾਂ-ਵਾਚੀ ਰੂਪ ਵਿਚ ਉਨ੍ਹਾਂ ਵੱਲੋਂ ਤੈਨੂੰ ਪਾਏ ਜੂਲੇ (ਥੈਲਾਂ ਦੀ ਪੰਜਾਲੀ) ਨੂੰ ਪ੍ਰਵਾਨ ਕਰੇਂਗੀ।"