

ਇਹ ਸਮਝ ਲੈ ਕਿ ਇਥੇ ਸਮੇਂ ਤੇ ਖਲਾਅ ਦੇ ਸਮੁੱਚੇ ਪਾਸਾਰੇ ਵਿਚ ਸਿਰਫ਼ ਇਕੋ 'ਮੂਲ' (ਸਵੈ) ਹੈ। ਸਾਰੀਆਂ ਜੀਵੰਤ ਵਸਤਾਂ ਦਾ ਇਕੋ ਮੂਲ ਸਰੋਤ, ਜੋ ਆਪਣੇ-ਆਪ ਵਿਚ ਜੀਵਨ ਦੀ ਪਰਮ-ਆਤਮਾ ਹੈ।
"ਅਤੇ ਇਹ ਵੀ ਸਮਝ ਲੈ ਕਿ ਇਕ ਵਾਰ ਤੂੰ ਆਪਣੇ 'ਮੂਲ' ਨਾਲ ਇਕਮਿਕ ਹੋ ਗਈ, ਸਮੇਂ ਜਾਂ ਖਲਾਅ ਵਿਚ ਅਜਿਹੀ ਕੋਈ ਸਿਰਜਨਾ ਨਹੀਂ ਹੈ, ਜਿਸ ਦੇ ਤੂੰ ਰੂਬਰੂ ਨਾ ਹੋ ਸਕੇ।
"ਅਤੇ ਇਹ ਵੀ ਸੱਚ ਹੈ ਕਿ ਭਾਵੇਂ ਤੂੰ ਧਰਤੀ 'ਤੇ ਵਿਚਰਦੀ ਹੈਂ, ਪਰ ਤੂੰ ਇਸ ਧਰਤੀ ਦਾ ਸਮੁੱਚ ਨਹੀਂ ਹੈਂ; ਤੇ ਤੈਨੂੰ ਇਸ ਸੱਚ ਦਾ ਬੋਧ ਹੋਣਾ ਤੇ ਖਲਾਅ ਦੀਆਂ ਖੁੱਲ੍ਹਾਂ ਨੂੰ ਮਾਣਨਾ ਚਾਹੀਦਾ ਹੈ।"
ਇਨ੍ਹਾਂ ਆਖ਼ਰੀ ਬੋਲਾਂ ਨਾਲ, ਅਲ ਮੁਸਤਫ਼ਾ ਦੇ ਨੇਤਰਾਂ ਵਿਚ ਧਿਆਨ-ਕੇਂਦਰਿਤ ਜੋਤ ਤਰਲ-ਸੋਨੇ ਵਾਂਗ ਬਾਹਰ ਵਹਿ ਤੁਰੀ, ਆਪਣੀਆਂ ਸੋਨ-ਕਿਰਨਾਂ ਵਿਚਾਲੇ ਸਾਡੇ ਰੂਪਾਂ 'ਤੇ ਛਾਏ ਹੋਏ ਇਕ ਦ੍ਰਿਸ਼ਟੀਗਤ ਗੋਲੇ ਦੇ ਰੂਪ ਵਿਚ ਫੈਲਦੀ ਹੋਈ।
2
ਜੋਤ ਵਿਚ ਇਕਮਿਕ ਹੋ ਕੇ, ਅਸੀਂ ਰਾਤ ਵਿਚ ਉਦੋਂ ਤੱਕ ਲੰਮੀ ਉਡਾਰੀ ਜਾਰੀ ਰੱਖੀ, ਜਦੋਂ ਤੱਕ ਕਿ ਪਹੁ-ਫੁਟਾਲੇ ਦੀਆਂ ਪਹਿਲੀਆਂ ਕਿਰਨਾਂ ਸਾਡੀ ਵਾਪਸੀ ਦੀਆਂ ਗਵਾਹ ਨਾ ਬਣੀਆਂ।
ਅਤੇ ਸ਼ਹਿਰ ਵਿਚ ਵੜਦਿਆਂ ਹੀ ਅਸੀਂ ਸਿੱਧੇ ਇਕ ਮੰਦਿਰ ਵਿਚ ਗਏ, ਜਿਥੇ ਕੋਈ ਸਾਨੂੰ ਚਿੰਤਾਗ੍ਰਸਤ ਸੋਚਾਂ ਵਿਚ ਘਿਰਿਆ ਉਡੀਕ ਰਿਹਾ ਸੀ।
ਅਸੀਂ ਚੁੱਪ-ਚਾਪ ਅੰਦਰ ਵੜੇ, ਪਰ ਆਪਣੇ ਸੰਵੇਦਨਸ਼ੀਲ ਕੰਨਾਂ ਨਾਲ ਉਸ ਨੇ ਸਾਨੂੰ ਆਉਂਦਿਆਂ ਸੁਣ ਲਿਆ, ਤੇ ਏਦਾਂ ਉਹ ਸਾਨੂੰ ਜੀ ਆਇਆਂ ਆਖਣ ਲਈ ਡਿਊਢੀ ਹਾਲ ਵਿਚ ਆ ਗਈ। ਜਦੋਂ ਉਸ ਨੇ ਮੈਨੂੰ ਗਲਵੱਕੜੀ ਪਾਈ, ਨਿੱਘਤਾ ਤੇ ਮੁਸਕੁਰਾਹਟ ਉਸ ਵੱਲੋਂ ਦਿੱਤੇ ਤੋਹਫ਼ੇ ਸਨ, ਜੋ ਉਸ ਨੇ ਅਲ ਮੁਸਤਫ਼ਾ ਵੱਲ ਜਾਂਦਿਆਂ ਉਸ ਨੂੰ ਵੀ ਦਿੱਤੇ।
ਚਾਨਣ ਵਿਚ ਆਉਂਦੀ ਹੋਈ, ਉਹ ਉਸ ਦੇ ਸਾਹਮਣੇ ਜਾ ਖੜੀ ਹੋਈ ਤੇ ਨਜ਼ਾਕਤ ਨਾਲ ਬੋਲੀ-
"ਮੈਂ ਸਾਰਾਹ ਹਾਂ।" ਅਤੇ ਪਹਿਲੀ ਵਾਰ, ਉਹ ਜ਼ਿੰਦਗੀ ਵੱਲੋਂ ਉਸ ਔਰਤ ਨੂੰ ਮਿਲੇ ਤੋਹਫ਼ੇ ਨੂੰ ਪ੍ਰਤੱਖ- ਪ੍ਰਮਾਣ ਵਜੋਂ ਵੇਖ ਸਕਿਆ।
ਪਲ-ਖਿਣ ਲਈ ਚੁੱਪ ਖੜਾ ਰਹਿਣ ਤੋਂ ਬਾਅਦ ਉਹ ਮੁਸਕੁਰਾਇਆ, ਫੇਰ ਉਹ ਉਸ ਵੱਲ ਵਧਿਆ ਤੇ ਬੜੀ ਨਫ਼ਾਸਤ ਨਾਲ ਉਸ ਨੂੰ ਗਲੇ ਮਿਲਦਿਆਂ ਬੋਲਿਆ-
"ਪ੍ਰਸੰਸਾ-ਪਾਤਰ, ਐ ਸਿਤਾਰਿਆਂ ਦੀ ਮਾਂ। ਇਹ ਮੰਦਿਰ ਦੋਬਾਰਾ ਫੇਰ ਫੁੱਲਾਂ ਨਾਲ ਖਿੜ ਉਠੇਗਾ।"
ਅਸੀਂ ਇਕ ਪਲ ਲਈ ਚੁੱਪ ਹੋ ਗਏ ਸਾਂ, ਤੇ ਫੇਰ ਮੈਂ ਬੋਲੀ-