

"ਸਿਰਫ਼ ਉਹ 'ਮੂਲ' ਹੀ ਤੇਰੇ ਦਿਲ ਦੇ ਭੇਤਾਂ ਨੂੰ ਤੇਰੇ ਸਨਮੁਖ ਖੋਲ੍ਹ ਸਕਦਾ ਹੈ। ਤੇ ਜੋ ਖਜ਼ਾਨਾ ਤੂੰ ਬਾਹਰ ਭਾਲ ਰਹੀ ਹੈਂ, ਉਹ ਯਕੀਨਨ ਇਥੇ ਅੰਦਰ ਹੀ ਲੁਕਿਆ ਹੋਇਆ ਹੈ, ਨਾ ਕਿ ਤੇਰੇ ਬਾਹਰ ਦੀਆਂ ਰੋਜ਼ਾਨਾ ਕਿਰਿਆਵਾਂ ਵਿਚ।
"ਯਾਦ ਰੱਖ ਸਾਰਾਹ, ਕਿ ਹਰੇਕ ਜਗਰ ਦੇ ਦਿਨ ਗਿਣੇ-ਮਿਥੇ ਹੋਏ ਹਨ, ਜਦ ਕਿ ਹਿਰਦੇ ਦੇ ਅਚੰਭੇ ਅਥਾਹ ਹਨ।"
"ਜਦੋਂ ਤੂੰ ਆਪਣੇ ਅੰਦਰਲੇ ਭੇਤਾਂ ਨੂੰ ਜਾਣ ਲਵੇਂਗੀ, ਮੈਨੂੰ ਭਰੋਸਾ ਹੈ ਕਿ ਬਹੁਤ ਸਾਰੇ ਖਜ਼ਾਨੇ ਤੇਰੇ ਰੂਬਰੂ ਹੋਣਗੇ, ਕਿਉਂ ਕਿ ਤੂੰ ਇਕ ਬੀਜ ਹੈਂ ਜਿਸ ਤੋਂ ਅੱਗੇ ਇਕ ਜੰਗਲ ਵਿਗਸੇਗਾ।
"ਆਪਣੀ ਜੁਆਨੀ ਵਿਚ, ਤੂੰ ਅਜੇ ਤੱਕ ਜੀਵਨ ਨੂੰ ਆਪਣੇ ਅੰਦਰ ਗ੍ਰਹਿਣ ਨਹੀਂ ਕੀਤਾ ਹੈ, ਜਦ ਕਿ ਉਹੀ (ਜੀਵਨ) ਬੀਜ ਵਿਚੋਂ ਵਿਗਸੇ ਬਿਰਖ ਦੀ ਤਰ੍ਹਾਂ ਤੇਰੇ ਅੰਦਰੋਂ ਖਿੜੇਗਾ।
"ਤੇ ਤੂੰ ਜਿਉਂ ਹੀ ਇਕ ਬਿਰਖ ਵਜੋਂ ਵਿਕਸਿਤ ਹੋ ਜਾਏਂਗੀ, ਤੂੰ ਆਪਣੇ ਬੀਜ ਵਾਲੇ ਆਪੇ ਨੂੰ ਭੁੱਲ ਜਾਏਂਗੀ।
"ਇਸ ਤਰ੍ਹਾਂ, ਆਪਣੀ ਸਵੈ-ਹੋਂਦ ਦੇ ਚੱਕਰ ਨੂੰ ਪੂਰਿਆਂ ਕਰਨ ਵਿਚ ਅਸਮਰੱਥ ਹੋਣ ਦੇ ਕਾਰਨ ਤੂੰ ਜੀਵਨ-ਰੂਪੀ ਸੰਪੂਰਨ ਆਕਾਸ਼-ਮੰਡਲ ਨੂੰ ਸਮਝਣ ਵਿਚ ਅਸਮਰੱਥ ਹੈ।
"ਜੀਵਨ ਦੀ ਸੰਪੂਰਨਤਾ ਨੂੰ ਆਪਣੇ ਅੰਦਰ ਗ੍ਰਹਿਣ ਕੀਤੇ ਬਿਨਾਂ ਤੂੰ ਸਿਰਫ਼ ਆਪਣੀ ਸੋਚ ਵੱਲੋਂ ਉਸਾਰੇ ਗਏ ਅਧੂਰੇ ਸੰਸਾਰ ਵਿਚ ਹੀ ਵਿਚਰਦੀ ਹੈ।
'ਤੇ ਤੇਰਾ ਜੀਵਨ-ਵਿਕਾਸ ਉਸ ਉਚਾਈ ਤੱਕ ਹੀ ਸੀਮਤ ਹੈ, ਜਿਥੋਂ ਤੱਕ ਤੂੰ ਆਪਣਾ ਵਿਕਾਸ ਮਿਥਿਆ ਹੈ, ਬਿਲਕੁਲ ਉਵੇਂ, ਜਿਵੇਂ ਕੋਈ ਬਿਰਖ ਓਨੀ ਉਚਾਈ ਨੂੰ ਹੀ ਛੂੰਹਦਾ ਹੈ, ਜਿੰਨੀਆਂ ਡੂੰਘੀਆਂ ਉਸ ਦੀਆਂ ਧਰਤੀ ਵਿਚ ਜੜ੍ਹਾਂ ਹੁੰਦੀਆਂ ਨੇ ।
"ਸਾਰਾਹ, ਤੂੰ ਸਾਰਾ ਬ੍ਰਹਿਮੰਡ ਤੱਕ ਸਕਦੀ ਹੈ ਤੇ ਫੇਰ ਵੀ ਤੂੰ ਸਾਰੀਆਂ ਵਸਤਾਂ ਵਿਚਲੀ ਏਕਤਾ ਨੂੰ ਨਹੀਂ ਸਮਝ ਸਕਦੀ, ਤੇਰਾ ਤੱਕਣਾ ਕਿਸੇ ਅਰਥ ਨਹੀਂ।
"ਆਪਣੇ ਸਰਬੋਤਮ ਉੱਦਮ ਵਿਚ ਵੀ ਤੂੰ ਸਿਰਫ਼ ਉਸੇ ਦੀ ਇਕ ਆਸ਼ਿਕ ਝਲਕ ਵੇਖ ਸਕਦੀ ਹੈ, ਜਿਸ ਨੂੰ ਤੂੰ ਵੇਖਣਾ ਚਾਹੁੰਦੀ ਹੈ; ਕਿਉਂ ਕਿ ਤੇਰੇ ਨਜ਼ਰੀਏ ਨੂੰ ਸਪੱਸ਼ਟ ਕਰਨ ਵਾਲੀ ਏਕਤਾ ਦੀ ਜੋਤ ਤੋਂ ਬਿਨਾਂ, ਤੂੰ ਸਿਰਫ਼ ਹਨੇਰਾ ਤੇ ਪਰਛਾਵੇਂ ਹੀ ਵੇਖ ਸਕੇਂਗੀ।
"ਪਰ ਚੰਗੀ ਤਰ੍ਹਾਂ ਚੇਤੇ ਰੱਖ ਕਿ ਬ੍ਰਹਿਮੰਡ ਬਾਰੇ ਤੇਰੀ ਸੂਝ ਸਭ ਤੋਂ ਪਹਿਲਾਂ ਤੇਰੀ 'ਸਵੈ' ਅੰਦਰ ਜਨਮੇਗੀ ਤੇ 'ਪਰਮ ਸਵੈ' ਦੇ ਵਿਭਿੰਨ ਸੁਭਾਵਾਂ ਨੂੰ ਆਪਣੇ ਅੰਦਰ ਸ਼ਾਮਿਲ ਕਰੇਗੀ। ਕਿਉਂ ਕਿ ਉਸ 'ਪਰਮ ਸਵੇ' ਜਾਂ ਆਪਣੇ 'ਮੂਲ' ਨੂੰ ਪਛਾਣੇ ਬਿਨਾਂ ਤੂੰ ਬ੍ਰਹਿਮੰਡ ਨੂੰ ਨਹੀਂ ਸਮਝ ਸਕੇਂਗੀ।
"ਹਾਂ ਸਾਰਾਹ, ਤੈਨੂੰ ਸਿਰਫ਼ ਵਿਗਸਣ ਤੇ ਆਪਣੇ 'ਮੂਲ' ਨੂੰ ਅਨੁਭਵ ਕਰਨ ਦੀ ਲੋੜ ਹੈ।
"ਫੇਰ ਵੀ, ਤੈਨੂੰ ਆਪਣੇ ਜੀਵਨ-ਵਿਕਾਸ ਵਿਚ ਬਿਲਕੁਲ ਉਵੇਂ ਹੀ ਰਹਿਣਾ ਚਾਹੀਦਾ ਹੈ, ਜਿਵੇਂ ਕਿ ਇਹ ਬਿਰਖ, ਜਿਸ ਦੇ ਹੇਠਾਂ ਅਸੀਂ ਬੈਠੇ ਹਾਂ। ਕਿਉਂ ਕਿ ਇਕ ਬੀਜ ਹੁੰਦਿਆਂ ਹੋਇਆਂ ਵੀ ਇਸ ਨੇ ਆਪਣੇ ਅੰਦਰ ਜੀਵਨ ਨੂੰ ਛੱਡਿਆ; ਤੇ ਤੈਨੂੰ ਵੀ ਏਦਾਂ ਹੀ ਆਪਣੇ- ਆਪ ਨੂੰ ਛੱਡਣਾ ਚਾਹੀਦਾ ਹੈ।