Back ArrowLogo
Info
Profile

ਲੋੜ ਨਹੀਂ ਹੈ, ਕਿਉਂ ਕਿ ਤੁਹਾਡੇ ਦਿਲਾਂ ਵਿਚ ਵੀ ਉਹ (ਗਿਆਨ) ਨਹੀਂ ਰਹਿੰਦਾ।

"ਪਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੇ ਦਿਲਾਂ ਵਿਚ ਰਹਿਣ ਵਾਲੀਆਂ ਸੰਵੇਦਨਾਵਾਂ ਤੇ ਸ਼ਕਤੀਆਂ ਆਪਣੇ ਸਮੁੱਚੇ ਸੁਭਾਵਿਕ ਰੂਪਾਂ ਵਿਚ ਤੁਹਾਡੇ ਮਨਾਂ ਵਿਚ ਪ੍ਰਦਰਸ਼ਿਤ ਹੋਣਗੀਆਂ, ਜਿਵੇਂ ਕਿ ਮੇਰੇ ਦਿਲ ਦੀਆਂ ਸੰਵੇਦਨਾਵਾਂ ਅੱਜ ਸ਼ਾਮੀਂ ਮੇਰੇ ਬੋਲਾਂ ਵਿਚੋਂ ਪ੍ਰਗਟ ਹੋ ਚੁੱਕੀਆਂ ਹਨ।

"ਦਰਅਸਲ, ਤੁਹਾਨੂੰ ਸਿਰਫ਼ ਆਪਣੇ 'ਮੂਲ' ਦੀ ਏਕਤਾ ਦਾ ਬੋਧ ਹੋਣਾ ਚਾਹੀਦਾ ਹੈ, ਤਾਂ ਕਿ ਤੁਸੀਂ ਉਸ 'ਮੂਲ' ਦੀ ਸੁਤੰਤਰਤਾ ਨੂੰ ਸਮਝ ਸਕੋਂ।

"ਹਾਂ, ਤੁਹਾਨੂੰ ਆਪਣੀ ਭਾਲ ਜਾਰੀ ਰੱਖਣ ਦੀ ਬਜਾਇ 'ਭਾਲ ਲੈਣ' ਦੀ ਵਧੇਰੇ ਲੋੜ ਹੈ, ਕਿਉਂ ਕਿ ਉਸ 'ਭਾਲ ਲੈਣ' ਵਿਚ ਤੁਹਾਡੇ ਸਾਰੇ ਸੁਪਨੇ ਆਰਾਮ ਦੀ ਅਵਸਥਾ ਵਿਚ ਆ ਜਾਣਗੇ, ਤੇ ਤੁਸੀਂ ਅਖ਼ੀਰ ਉਸ ਸ਼ਾਂਤੀ ਨੂੰ ਪਾ ਲਓਗੇ, ਜਿਸ ਦੀ ਤੁਹਾਨੂੰ ਤਾਂਘ ਹੈ।

"ਤੇ ਫੇਰ ਵੀ ਤੁਸੀਂ ਜੀਵਨ ਦੀ ਅਰੋਕ ਪ੍ਰਵਾਹ-ਧਾਰਾ ਵਿਚ ਹਮੇਸ਼ਾ ਅੱਗੇ ਵਧਦੇ ਰਹੋਗੇ, ਤੁਸੀਂ ਸੰਘਰਸ਼ ਨਹੀਂ ਕਰੋਗੇ, ਕਿਉਂ ਕਿ ਤੁਸੀਂ ਜਾਣ ਜਾਓਗੇ ਕਿ ਇਹ ਸਭ ਉਵੇਂ ਹੀ ਹੈ, ਜਿਵੇਂ ਹੋਣਾ ਚਾਹੀਦਾ ਹੈ।

"ਤੇ ਉਸ ਸ਼ਾਂਤੀ ਦੀ ਪਨਾਹਗਾਹ ਵਿਚ, ਤੁਹਾਨੂੰ ਜੀਵਨ ਦੇ ਸਾਰੇ ਅਮੋਲਕ ਭੇਤ ਉਜਾਗਰ ਹੁੰਦੇ ਮਿਲਣਗੇ । ਤੇ ਸੋਝੀ ਦੇ ਪਾਰ ਜਾਂਦਿਆਂ ਤੁਸੀਂ ਜੀਵਨ ਦੀ ਦਿਲਕਸ਼ ਤੇ ਸੁਆਦਲੀ ਸ਼ਰਾਬ ਵਾਲਾ ਆਪਣਾ ਪਿਆਲਾ ਪੀ ਲਵੋਗੇ।

"ਤੇ ਏਦਾਂ, ਮੇਰੇ ਭਰਾਵੋ ਤੇ ਮੇਰੇ ਦੋਸਤੋ, ਮੈਂ ਤੁਹਾਡੇ ਤੱਕ ਹੋਰ ਕਿਵੇਂ ਆ ਸਕਦਾਂ ?

"ਤੁਸੀਂ ਚੰਗੀ ਤਰ੍ਹਾਂ ਤਪੇ ਹੋਏ ਤੇ ਸਿੱਜੇ ਹੋਏ ਖੇਤਾਂ ਦੇ ਤੁੱਲ ਹੋ, ਜਿਨ੍ਹਾਂ ਨੂੰ ਹੁਣ ਸਿਰਫ਼ ਘਾਹ-ਫੂਸ ਚੁਗਣ ਵਾਲੇ ਤੇ ਇਕੱਠਾ ਕਰਨ ਵਾਲੇ ਕਿਰਤੀ ਤੇ ਪਿਆਰ-ਗੜੁੱਚ ਹੱਥਾਂ ਦੀ ਹੀ ਲੋੜ ਹੈ।

"ਯਕੀਨਨ, ਆਪਣੇ ਖੇਤਾਂ ਦੀ ਸਫ਼ਾਈ-ਪਧਰਾਈ ਤੋਂ ਬਾਅਦ, ਤੁਸੀਂ ਇਨ੍ਹਾਂ ਵਿਚ ਫਸਲਾਂ ਉਗਾਉਣ ਤੇ ਵੱਢਣ ਦੀ ਸਮਰੱਥਾ ਤੇ ਸੰਕਲਪ ਕਮਾ ਲਵੇਗੇ।"

ਜਿਵੇਂ ਹੀ ਅਲ ਮੁਸਤਫ਼ਾ ਨੇ ਬੋਲਣਾ ਬੰਦ ਕੀਤਾ, ਉਸ ਦੇ ਬੋਲਾਂ ਨੇ ਉਨ੍ਹਾਂ ਆਦਮੀਆਂ 'ਤੇ ਜੋ ਜਾਦੂ ਕੀਤਾ ਸੀ, ਉਹ ਭਾਵੇਂ ਫਿੱਕਾ ਪੈ ਗਿਆ ਸੀ, ਪਰ ਫੇਰ ਵੀ ਹਰੇਕ ਆਦਮੀ ਟਿਕਟਿਕੀ ਲਾਈ ਉਸੇ ਵੱਲ ਵੇਖਦਾ ਰਿਹਾ, ਤੇ ਉਹ ਸਾਰੇ ਉਦੋਂ ਹੀ ਹਿੱਲੇ, ਜਦੋਂ ਉਹ ਉਸ ਨੂੰ ਗਲੇ ਲਗਾਉਣ ਲਈ ਇਕੱਠੇ ਹੋਏ।

ਫੇਰ, ਪਹਿਲਾਂ ਵਾਂਗ, ਇਕ ਆਦਮੀ ਉਨ੍ਹਾਂ ਸਾਰਿਆਂ ਦੀਆਂ ਭਾਵਨਾਵਾਂ ਵਿਅਕਤ ਕਰਨ ਲਈ ਅੱਗੇ ਆਇਆ ਤੇ ਬੋਲਿਆ-

"ਅਲ ਮੁਸਤਫ਼ਾ, ਤੁਹਾਡੇ ਬੋਲਾਂ ਨੇ ਸਾਡੇ ਹਿਰਦਿਆਂ ਦੇ ਉਜਾੜ-ਬੀਆਬਾਨਾਂ ਨੂੰ ਸਾਡੀਆਂ ਆਤਮਾਵਾਂ ਦੇ ਬਗੀਚਿਆਂ ਵਿਚ ਤਬਦੀਲ ਕਰ ਦਿੱਤਾ ਹੈ। ਯਕੀਨਨ, ਕੋਈ ਵੀ ਇਸ ਤੋਂ ਵੱਧ ਹੋਰ ਕੁਝ ਨਹੀਂ ਮੰਗ ਸਕਦਾ, ਤੇ ਇਸੇ ਤਰ੍ਹਾਂ, ਕੋਈ ਵੀ ਇਸ ਸਭ ਲਈ ਸਾਡੇ ਸ਼ੁਕਰਾਨੇ ਨੂੰ ਸ਼ਬਦ ਨਹੀਂ ਦੇ ਸਕਦਾ। ਇਸ ਲਈ ਅਸੀਂ ਸਿਰਫ਼ ਆਪਣੇ ਸੀਸ ਨਿਵਾ ਕੇ ਤੁਹਾਨੂੰ ਸ਼ੁਭ-ਰਾਤਰੀ ਹੀ ਕਹਿ ਸਕਦੇ ਹਾਂ।"

124 / 156
Previous
Next