

ਇਸ ਅਲਵਿਦਾ ਦੀ ਰਸਮ ਦੇ ਨਾਲ ਹੀ, ਉਹ ਆਦਮੀ ਉਸੇ ਤਰ੍ਹਾਂ ਚੁੱਪ-ਚਪੀਤੇ ਹੀ ਉਥੋਂ ਚਲੇ ਗਏ, ਜਿਸ ਤਰ੍ਹਾਂ ਚੁੱਪ-ਚਪੀਤੇ ਉਹ ਆਏ ਸਨ।
ਪਲ ਭਰ ਬਾਅਦ ਮੈਂ ਅਲ ਮੁਸਤਫ਼ਾ ਵੱਲ ਮੁੜੀ ਤੇ ਉਸ ਦੀਆਂ ਅੱਖਾਂ ਦਾ ਧਿਆਨ ਆਪਣੀਆਂ ਅੱਖਾਂ ਵੱਲ ਖਿੱਚਿਆ, ਬਿਲਕੁਲ ਉਵੇਂ, ਜਿਵੇਂ ਮੇਰੇ ਬੋਲਾਂ ਨੇ ਉਸ ਦੇ ਹਿਰਦੇ ਨੂੰ ਖਿੱਚਿਆ। ਮੈਂ ਬੋਲੀ-
"ਵੀਰ, ਕੋਝੇ-ਕਮਜ਼ੋਰ ਰੂਪਾਂ ਵਾਲਿਆਂ ਤੇ ਲੂਲੇ-ਲੰਝੜਿਆਂ ਲਈ ਤੁਸੀਂ ਕੀ ਕਰੋਗੇ ? ਕੀ ਤੁਸੀਂ ਹਰੇਕ ਦੀ ਰਹਿਨੁਮਾਈ ਸਿਰਫ਼ ਆਪਣੇ ਬੋਲਾਂ ਜ਼ਰੀਏ ਹੀ ਕਰੋਗੇ ?"
ਉਸ ਨੇ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਲਿਆ ਤੇ ਮੈਨੂੰ ਆਖਿਆ-
"ਭੈਣੇ, 'ਸੱਚ' ਨੂੰ ਉਸ ਦੇ ਸਮੁੱਚੇ ਰਹੱਸਪੂਰਨ ਸੁਹੱਪਣ ਸਹਿਤ ਹਰੇਕ ਕਿਰਿਆ ਵਿਚ ਵੇਖਣ ਲਈ, ਤੇ ਉਸ ਦੀਆਂ ਸਾਰੀਆਂ ਮਹੱਤਵਪੂਰਨ ਅਦਾਵਾਂ ਸਹਿਤ ਉਸ ਨੂੰ ਹਰੇਕ ਰੂਪ ਵਿਚ ਜਾਣਨ ਲਈ, ਕਿਸੇ ਵੀ ਸ਼ਖ਼ਸ ਨੂੰ ਯਕੀਨਨ ਉਨ੍ਹਾਂ ਕਿਰਿਆਵਾਂ ਤੇ ਰੂਪਾਂ ਦੀਆਂ ਸਤਹਾਂ ਤੋਂ ਪਾਰ ਖੋਜਣਾ ਚਾਹੀਦਾ ਹੈ।
"ਤੇ ਹੁਣ ਵੀ ਇਹ ਏਦਾਂ ਹੀ ਹੈ; ਜਿਵੇਂ ਕਿ ਮੈਂ ਤੇਰੇ ਸਾਹਮਣੇ ਆਖਿਆ, ਉਹ ਤੂੰ ਹੀ ਸੀ, ਜਿਸ ਨੇ ਅੱਜ ਸਾਮ ਦੀ ਸਾਡੇ ਬੈਠਕ ਦੇ 'ਸੱਚ' ਨੂੰ ਜਾਣਿਆ, ਤੂੰ ਯਕੀਨਨ ਸਮਝ ਗਈ ਹੋਵੇਂਗੀ ਕਿ ਉਨ੍ਹਾਂ ਵਿਚੋਂ ਹਰੇਕ ਆਦਮੀ ਦਾ ਉਸਦੀਆਂ ਲੋੜਾਂ 'ਚੋਂ ਉਪਜੇ ਇਕ ਖ਼ਾਸ ਤਰੀਕੇ ਨਾਲ ਖ਼ਿਆਲ ਰੱਖਿਆ ਗਿਆ ਸੀ।
"ਦਰਅਸਲ, ਅੱਜ ਰਾਤੀਂ ਇਥੇ ਸਾਰਿਆਂ ਨੇ ਆਪਣਾ ਮਨਚਾਹਿਆ ਰਤਨ ਪਾ ਲਿਆ ਹੈ।
'ਤੇ ਇਹ ਹੀ ਹੈ ਤੇ ਮੈਨੂੰ ਖੋਜਣ ਵਾਲਿਆਂ ਸਾਰਿਆਂ ਨਾਲ ਏਦਾਂ ਹੀ ਹੋਵੇਗਾ, ਕਿਉਂ ਕਿ ਉਨ੍ਹਾਂ ਦੀਆਂ ਬਿਪਤਾਵਾਂ ਵਿਚ ਵੀ, ਜੀਵਨ ਦੇ ਪਾਣੀ ਉਨ੍ਹਾਂ ਦੀਆਂ ਜੜ੍ਹਾਂ ਦੁਆਲੇ ਸਿਮਦੇ ਰਹਿੰਦੇ ਹਨ ਤੇ ਸਿਰਫ਼ ਸਿਖਰਾਂ ਨੂੰ ਹੀ ਛੋਹਿਆ ਜਾਂਦਾ ਹੈ।
"ਹਾਂ, ਇਹ ਉਨ੍ਹਾਂ ਦੀ ਸਮੁੱਚੀ 'ਸਵੈ' ਜਾਂ 'ਮੂਲ' ਤੋਂ' ਬਿਨਾਂ ਹੋਰ ਕੁਝ ਨਹੀਂ ਹੈ, ਜਿਸ ਨੂੰ ਪਛਾਣਨ ਵਿਚ, ਮੈਂ ਮੇਰੇ ਤੱਕ ਪੁੱਜਣ ਵਾਲੇ ਸਾਰਿਆਂ ਦੀ ਅਗਵਾਈ ਕਰਦਾ ਹਾਂ। ਸੱਚੀਂ- ਮੁੱਚੀ ਸਾਰਿਆਂ ਨੂੰ ਹੀ ਯਾਤਰਾ ਆਰੰਭ ਕਰਨੀ ਚਾਹੀਦੀ ਹੈ ਅਲਮਿਤਰਾ, ਕਿਉਂ ਕਿ ਮੈਂ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਹਮੇਸ਼ਾ ਇਥੇ ਬੈਠਿਆ ਨਹੀਂ ਰਵਾਂਗਾ।"
ਉਸ ਨੇ ਆਪਣਾ ਸਿਰ ਉਤਾਂਹ ਚੁੱਕਿਆ ਤੇ ਮੈਨੂੰ ਉਸ ਦੇ ਵੱਲ ਵੇਖਣ ਦਾ ਇਸ਼ਾਰਾ ਕੀਤਾ, ਜਿਵੇਂ ਉਸ ਨੇ ਤਾਰੇ ਵਿਖਾਉਣ ਵੇਲੇ ਕੀਤਾ ਸੀ। ਉਹ ਕੋਮਲਭਾਵ ਨਾਲ ਬੋਲਿਆ-
"ਇਹ ਕਿੰਨੀ ਦੁਖਦਾਈ ਗੱਲ ਹੈ ਕਿ 'ਜੀਵਨ' ਦਾ ਆਸ਼ਿਕ ਗਿਆਨ ਪ੍ਰਾਪਤ ਕਰਨ ਦੀ ਕਾਹਲ ਵਿਚ ਮਨੁੱਖਤਾ ਇਸ ਦੇ ਸੰਪੂਰਨ ਸੱਚ ਨੂੰ ਅਤੇ ਸਮੁੱਚੇ 'ਜੀਵਨ' ਨਾਲ ਅਪਾਰ ਸਾਂਝ ਨੂੰ ਅਣਗੌਲਿਆ ਕਰ ਰਹੀ ਹੈ।"
ਹੁਣ ਉਹ ਚੁੱਪ ਸੀ ਤੇ ਜਦੋਂ ਉਹ ਤਾਰਿਆਂ ਨੂੰ ਵੇਖ ਰਿਹਾ ਸੀ, ਉਹ ਸੁਰਗ ਤੇ ਧਰਤੀ ਵਿਚਾਲੇ ਵਿਚਰਦਾ ਜਾਪਦਾ ਸੀ । ਤੇ ਜਿਉਂ-ਜਿਉਂ ਉਸ ਨੇ ਵੇਖਿਆ ਸੀ, ਉਸ ਦੇ ਨੇਤਰਾਂ ਵਿਚ ਇਕ ਜੋਤ ਪ੍ਰਗਟ ਹੋ ਗਈ ਸੀ, ਜੋ ਕਿਸੇ ਵੀ ਪੱਖੋਂ ਇਕ ਸਭ ਤੋਂ ਜ਼ਿਆਦਾ ਚਮਕਦਾਰ ਤਾਰੇ ਦੀ ਰੌਸ਼ਨੀ ਤੋਂ ਘੱਟ ਨਹੀਂ ਸੀ।