

ਹਾਂ, ਤੇ ਇਸ ਕਰਕੇ ਇਹ ਤਰਲ-ਪਿਆਰ ਇਥੇ ਵੀ ਹੈ, ਕਿਉਂ ਕਿ ਇਹ ਸਿਰਫ਼ ਮਹਾਂਸਾਗਰਾਂ ਦੇ ਸੁਹਿਰਦ ਪਾਣੀ ਹਨ, ਬਹੁਤ ਹੌਲੀ-ਹੌਲੀ ਨ੍ਰਿਤ ਕਰਦੇ ਹੋਏ, ਤਾਂ ਕਿ ਉਹ ਆਪਣੀ ਤਰਲਤਾ ਨੂੰ ਆਪਣੇ ਵਰਤੇ ਜਾਣ ਤੱਕ ਸੰਭਾਲ ਕੇ ਰੱਖ ਸਕਣ।
“ਫੇਰ ਵੀ ਭੈਣੇ, ਇਥੇ ਇਸ ਬਰਫ਼ਬਾਰੀ ਵਿਚ ਇਕ ਮਘਦੀ ਹੋਈ ਅੱਗ ਵੀ ਹੈ, ਜੋ ਮੈਨੂੰ ਨਿੱਘ ਦਿੰਦੀ ਰਹਿੰਦੀ ਹੈ। ਜੇ ਤੂੰ ਕਰ ਸਕਦੀ ਤਾਂ ਇਸ ਜੰਮੀ ਹੋਈ ਸਫ਼ੈਦੀ ਵਿਚ ਇਕ ਕਦਮ ਭੂਤਕਾਲ ਵੱਲ ਪੁੱਟ ਕੇ ਵੇਖਦੀ, ਤੈਨੂੰ ਯਕੀਨਨ ਉਸ ਅੱਗ ਦਾ ਨਿੱਘ ਮਹਿਸੂਸ ਹੁੰਦਾ। "
ਜਿਵੇਂ ਕਿ ਜੀਵਨ ਦਾ ਸਮੁੱਚ ਇਕਰੂਪ ਹੈ, ਇਕ ਇਕਲੌਤੇ ਹਿਰਦੇ 'ਚੋਂ ਸਿੱਜਿਆ ਹੋਇਆ, ਪਰ ਫੇਰ ਵੀ, ਕੀ ਇਥੇ ਵੀ ਸਿਰਫ਼ ਇਕੋ ਜੋਤ ਨਹੀਂ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਰੋਸ਼ਨ ਕਰਦੀ ਹੈ ?
"ਤੇ ਉਸ ਮਹਾਨਤਮ ਜੋਤ ਨਾਲ ਜੁੜਿਆ ਹੋਣ ਕਾਰਨ, ਕੀ ਮੈਂ ਜੀਵਨ ਦੇ ਸਾਰੇ ਖੇਤਰਾਂ ਵਿਚਕਾਰ ਆਪਣਾ ਰਾਹ ਨਹੀਂ ਲੱਭ ਸਕਦਾ, ਜੋ ਕਿ ਅਸਲ ਵਿਚ ਮੇਰੇ 'ਆਪੇ' ਦੇ ਵਿਭਿੰਨ ਖੇਤਰਾਂ ਤੋਂ ਬਿਨਾਂ ਹੋਰ ਕੁਝ ਨਹੀਂ ਨੇ ?
"ਤੇ ਏਦਾਂ, ਕੀ ਮੈਂ ਉਸ ਅੱਗ ਨੂੰ ਗਲਵੱਕੜੀ ਨਹੀਂ ਪਾ ਸਕਦਾ, ਜੋ ਕਿ ਹਮੇਸ਼ਾ ਸਾਡੀ ਸਾਗਰ-ਮਾਂ ਦੇ ਇਸ ਬਲੌਰੀ ਸ਼ੀਸ਼ੇਨੁਮਾ ਅੰਸ਼ ਵਿਚ ਮਘਦੀ ਹੈ, ਤੇ ਕਿਸੇ ਹੋਰ ਸੰਸਾਰ ਦੇ ਉਸ਼ਣ-ਕਟੀਬੰਧੀ ਛੋਟੇ ਟਾਪੂਆਂ ਤੱਕ ਉਥੋਂ ਦੀ ਅੱਗ ਦੇ ਲਾਡ-ਪਿਆਰ ਵਿਚ ਉੱਡਦੀ ਹੈ?
"ਹਾਂ ਅਲਮਿਤਰਾ, ਖਲਾਅ ਵੀ ਕੋਈ ਫ਼ਾਸਲਾ ਨਹੀਂ ਉਸਾਰੇਗਾ, ਕਿਉਂ ਕਿ ਅਸਲ ਵਿਚ ਸਾਰੇ ਸੰਸਾਰ 'ਇਕ ਸੰਸਾਰ' ਹੀ ਨੇ, ਇਵੇਂ ਹੀ ਜੀਵਨ ਦੀ ਸਮੁੱਚਤਾ ਵੀ ਇਕ ਹੈ।
"ਤੂੰ ਕਰ ਸਕੇਂ, ਤਾਂ ਸਿਰਫ਼ ਖ਼ੁਦ ਨੂੰ ਤੇ ਜੀਵਨ ਦੀ ਸਮੁੱਚਤਾ ਰੂਪੀ'ਇਕ ਜੀਵਨ' ਨੂੰ ਅਣਵੰਡੇ ਪਿਆਰ ਨਾਲ ਪਿਆਰ ਕਰ ਫੇਰ ਤੂੰ ਖ਼ੁਦ ਨੂੰ ਜੀਵਨ ਦੀ ਸਮੁੱਚਤਾ ਨਾਲ ਇਕ ਪਾਏਂਗੀ, ਸਦੀਵੀ ਤੌਰ 'ਤੇ ਅਣਵੰਡੀ ਤੇ ਨਾ-ਵੰਡਣਯੋਗ।
"ਹਾਂ, ਅਲਮਿਤਰਾ! ਪਿਆਰ ਜੀਵਨ ਦੇ ਦਰਵਾਜ਼ੇ ਦੀ ਕੁੰਜੀ ਹੈ; ਤੇ ਇਕੇਰਾਂ ਤੁਸੀਂ ਉਸ ਦਰਵਾਜ਼ੇ ਦੇ ਅੰਦਰ ਚਲੇ ਗਏ, 'ਜੀਵਨ' ਦਾ ਘਰ ਪਿਆਰ-ਪਰੁੱਤਿਆ ਮਿਲਦਾ ਹੈ।
"ਜੇ ਅਸੀਂ ਕਰ ਸਕੀਏ, ਤਾਂ ਸਿਰਫ਼ ਉਸ ਇਕ ਦਰਵਾਜ਼ੇ ਨੂੰ ਖੋਲ੍ਹੀਏ, ਦੂਸਰੇ ਸਾਰੇ ਦਰਵਾਜ਼ੇ ਹਮੇਸ਼ਾ ਲਈ ਸਾਡੇ ਸਨਮੁਖ ਖੁੱਲ੍ਹ ਜਾਣਗੇ।"
9
ਇਕ ਹੋਰ ਸ਼ਾਮ ਜਦੋਂ ਅਸੀਂ ਵਾਪਸ ਸ਼ਹਿਰ ਵੱਲ ਪਰਤ ਰਹੇ ਸਾਂ, ਅਸੀਂ ਰਸਤੇ ਵਿਚ ਆਰਾਮ ਕਰਨ ਤੇ ਸ਼ਾਮ ਦਾ ਭੋਜਨ ਛਕਣ ਲਈ ਰੁਕੇ।
ਮੈਂ ਖਾਣੇ ਤੋਂ ਪਹਿਲਾਂ ਚੁੱਪੀ ਧਾਰ ਕੇ ਬੈਠ ਗਈ ਤੇ ਆਪਣੇ ਬੇਆਰਾਮ ਸਰੀਰ ਨੂੰ ਆਰਾਮ ਦੇਣ ਲੱਗੀ, ਜਦ ਕਿ ਅਲਮੁਸਤਫ਼ਾ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲੱਗਾ।
ਤੇ ਜਦੋਂ ਕਾਫ਼ੀ ਲੱਕੜਾਂ ਇਕੱਠੀਆਂ ਹੋ ਗਈਆਂ, ਉਹ ਮੇਰੇ ਵੱਲ ਮੁੜਿਆ ਤੇ ਬੋਲਿਆ-
"ਭੈਣੇ, ਆਪਣੀਆਂ ਅੱਖਾਂ ਖੋਲ੍ਹ, ਕਿਉਂ ਕਿ ਮੈਂ ਤੇਰੇ ਨਾਲ ਇਸ ਨਜ਼ਾਰੇ ਦੀ ਅਦਭੁਤਤਾ ਸਾਂਝੀ ਕਰਾਂਗਾ। ਹਾਂ ਅਲਮਿਤਰਾ, ਅਦਭੂਰ ਤੇ ਪਵਿੱਤਰ ਕਿਉਂ ਕਿ ਭਾਵੇਂ ਅੱਗ ਹੁਣ ਸਾਰੇ