

ਡੂੰਘਾਈਆਂ 'ਚ ਗੂੰਜ ਰਹੇ ਨੇ, ਤੇ ਮੈਂ ਉਨ੍ਹਾਂ 'ਤੇ ਤੁਹਾਡੇ ਵਾਂਗ ਭਰੋਸਾ ਕਰਨਾ ਚਾਹੁੰਨਾਂ।
"ਮੈਂ ਇਥੇ ਤੁਹਾਨੂੰ ਇਸ ਲਈ ਉਡੀਕਿਆ ਹੈ ਕਿ ਮੈਂ ਤੁਹਾਨੂੰ ਮੇਰੇ ਨਾਲ ਆਉਣ ਅਤੇ ਮੇਰੇ ਤਖ਼ਤਪੋਸ਼ 'ਤੇ ਬੈਠਣ ਲਈ ਆਖ ਸਕਾਂ, ਇਸ ਆਸ 'ਚ ਕਿ ਅਸੀਂ ਮੇਰੇ ਖੇਤਾਂ ਦੇ ਫਲ ਵੰਡ ਕੇ ਖਾਂਦੇ ਹੋਏ ਤੁਹਾਡੇ ਗਿਆਨ ਦੇ ਫਲ ਵੀ ਸਾਂਝੇ ਕਰ ਸਕਦੇ ਹਾਂ।
"ਤੇ ਡਰੋ ਨਾ, ਮੈਂ ਅਗਲੀ ਸਵੇਰ ਵੇਲੇ ਤੁਹਾਡੇ ਉਥੋਂ ਚਲੇ ਜਾਣ ਦੇ ਫ਼ੈਸਲੇ ਦਾ ਸਤਿਕਾਰ ਕਰਾਂਗਾ। ਮੈਂ ਸਿਰਫ਼ ਇਸ ਇਕੱਲੀ ਸ਼ਾਮ 'ਤੇ ਹੀ ਤੁਹਾਡੀ ਹਾਜ਼ਰੀ ਲੋਚਦਾਂ ।"
ਅਲਮੁਸਤਫ਼ਾ ਨੇ ਉਸ ਨੂੰ ਜੁਆਬ ਦਿੰਦਿਆਂ ਕਿਹਾ-
"ਹਾਂ ਜਾਤਜ਼, ਮੈਂ ਤੇਰੇ ਨਾਲ ਰਾਤ ਦਾ ਭੋਜਨ ਛਕਾਂਗਾ ਤੇ ਮੇਰੇ ਮਨ 'ਚ ਵਿਚਰਦੀ ਜੋਤ ਤੇ ਮੇਰੇ ਦਿਲ 'ਚੋਂ ਨਿਕਲਦੇ ਪਿਆਰ ਬਾਰੇ ਅੱਗੇ ਦੀ ਗੱਲ ਕਰਾਂਗਾ।
"ਯਕੀਨਨ ਮੈਂ ਤੈਨੂੰ ਮੇਰੇ ਬੋਲੇ ਗਏ ਸ਼ਬਦਾਂ ਦਾ ਸਪੱਸ਼ਟ ਬੋਧ ਕਰਾਉਣ ਤੋਂ ਇਨਕਾਰ ਨਹੀਂ ਕਰਾਂਗਾ । ਤੇ ਅਸਲ ਵਿਚ, ਤੇਰੀ ਆਪਣੀ ਸੋਝੀ ਸਦਕਾ, ਤੇਰੇ ਆਲੇ-ਦੁਆਲੇ ਦੇ ਲੋਕ ਵੀ ਸੋਝੀ ਪਾ ਸਕਦੇ ਨੇ ।
"ਆ ਅਰਦਾਸ ਕਰੀਏ ਕਿ ਇਹ ਏਦਾਂ ਹੀ ਹੋ ਸਕੇ, ਕਿਉਂ ਕਿ ਇਹ ਸਿਰਫ਼ ਇਸ ਸਮਝੌਤੇ ਕਰਕੇ ਹੀ ਹੈ, ਕਿ ਅਸੀਂ ਆਪਣਾ ਭਰਾਤਰੀਭਾਵ ਪ੍ਰਵਾਨ ਕਰਾਂਗੇ, ਤੇ ਏਦਾਂ ਅਸੀਂ ਆਪਣੇ ਸੋਚੇ-ਸਮਝੇ ਵੱਖੋ-ਵੱਖਰੇ ਖੂਨ ਦੇ ਰਿਸ਼ਤਿਆਂ ਦੀਆਂ ਕੰਧਾਂ ਤੋਂ ਪਾਰ ਵਿਚਰਾਂਗੇ।"
ਜਦੋਂ ਜਾਤਜ਼ ਇਸ 'ਤੇ ਸੋਚ-ਵਿਚਾਰ ਕਰਦਾ ਪਿਆ ਸੀ, ਅਲਮੁਸਤਫ਼ਾ ਮੇਰੇ ਵੱਲ ਮੁੜਿਆ ਤੇ ਬੋਲਿਆ-
“ਭੈਣੇ, ਆਪਣੀਆਂ ਚਿੰਤਾਗ੍ਰਸਤ ਸੋਚਾਂ ਨੂੰ ਤਿਆਗ ਦੇ । ਸਾਨੂੰ ਹਮੇਸ਼ਾ ਹੀ 'ਜੀਵਨ' ਦੀ ਸੁਗ਼ਾਤ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਤੇ ਹਮੇਸ਼ਾ ਹੀ ਸਾਨੂੰ ਉਸ ਸੁਗਾਤ ਦਾ ਇਹ ਸਾਰ-ਅੰਸ਼ ਯਾਦ ਰੱਖਣਾ ਚਾਹੀਦਾ ਹੈ, ਕਿ ਸਮੁੱਚੀ 'ਸ੍ਰਿਸ਼ਟੀ' ਵਿਚ 'ਜੀਵਨ' ਦਾ ਹਰੇਕ ਅੰਨ-ਦਾਣਾ ਹਮੇਸ਼ਾ ਬਦਲ ਰਿਹਾ ਹੈ, ਜੋਤ ਹਮੇਸ਼ਾ ਇਸ 'ਚ ਧੜਕ ਰਹੀ ਹੈ। ਤੇ ਏਦਾਂ 'ਜੀਵਨ' ਸਾਡੇ ਪ੍ਰਵਾਨ ਕਰਨ ਦੇ ਬਿਨਾਂ ਵੀ ਧੜਕਦਾ ਹੈ।
"ਚੇਤੇ ਰੱਖ ਅਲਮਿਤਰਾ, ਕਿ ਜੀਵਨ ਇਕ ਹੈ, ਤੇ ਇਹ ਹਮੇਸ਼ਾ 'ਇਕ' ਵਜੋਂ ਹੀ ਵਿਚਰਦਾ ਹੈ।
"ਬੇਸ਼ੱਕ ਕੋਈ ਇਕ ਪਲ ਸਾਨੂੰ ਤਕਲੀਫ਼ ਦੇਣੀ ਚਾਹੇ, ਸਾਨੂੰ ਅਜਿਹੇ ਵਰਤਾਰਿਆਂ ਨੂੰ ਮੁਆਫ਼ ਕਰਨ ਲਈ ਆਪਣੇ ਦਿਲਾਂ ਨੂੰ ਵੱਡਾ ਕਰਨਾ ਚਾਹੀਦਾ ਹੈ ਤੇ ਅਗਲੇ ਹੀ ਪਲ ਉਨ੍ਹਾਂ ਹੱਥਾਂ ਨੂੰ ਪਿਆਰ ਨਾਲ ਪ੍ਰਵਾਨ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ।
"ਕਿਉਂ ਕਿ ਜੀਵਨ ਦਾ ਸਮੁੱਚ ਸਦੀਵੀ ਤੌਰ 'ਤੇ ਵਿਕਾਸ ਕਰ ਰਿਹਾ ਹੈ, ਤੇ ਇਥੇ ਇਸ ਵਿਕਾਸ ਵਿਚ ਹਨੇਰੇ ਤੋਂ ਚਾਨਣ, ਭੈਅ ਤੋਂ ਪਿਆਰ ਵੱਲ ਵਧਣ ਤੋਂ ਸਿਵਾਇ ਹੋਰ ਕੁਝ ਨਹੀਂ ਹੈ। "
ਤੇ ਜਦੋਂ ਉਹ ਵਿਕਾਸ ਆਪਣੇ-ਆਪ ਨੂੰ ਸਾਡੇ ਸਾਹਮਣੇ ਬਿਆਨ ਕਰਦਾ ਹੈ, ਸਾਨੂੰ ਬੜੇ ਪਿਆਰ ਨਾਲ ਇਸ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ, ਜਿਵੇਂ ਕਿ ਦੂਜਿਆਂ ਨੇ ਸਾਡੇ ਵਿਕਾਸ ਦਾ ਉਸ ਅਦੁੱਤੀ ਪਿਆਰ ਨਾਲ ਪਾਲਣ-ਪੋਸ਼ਣ ਕੀਤਾ ਹੈ।