

ਜੇਲ੍ਹ ਦੀਆਂ ਉੱਚੀਆਂ ਤੇ ਹਨੇਰ-ਘੁੱਪ ਚਾਰ-ਦੀਵਾਰੀਆਂ 'ਚ ਉਹ ਤੁਹਾਨੂੰ ਰੱਖਣਗੇ, ਪਰ ਸਿਰਫ਼ ਕੁਝ ਕੁ ਦਿਨਾਂ ਲਈ; ਕਿਉਂ ਕਿ ਉਹ ਤੁਹਾਡਾ ਭੈਅ ਮੰਨਦੇ ਨੇ, ਤੇ ਨਾ ਹੀ ਤਾਂ ਉਨ੍ਹਾਂ ਵਿਚ ਤੁਹਾਨੂੰ ਨੁਕਸਾਨ ਪਹੁੰਚਾਉਣ ਜੋਗਾ ਹੌਸਲਾ ਹੈ ਤੇ ਨਾ ਹੀ ਇੱਛਾ-ਸ਼ਕਤੀ।
"ਉਹ ਸਿਰਫ਼ 'ਪਵਿੱਤਰ ਦਿਹਾੜੇ' 'ਤੇ ਤੁਹਾਨੂੰ ਚੁੱਪ ਕਰਾਉਣਾ ਲੋਚਦੇ ਨੇ, ਕਿਉਂ ਕਿ ਉਨ੍ਹਾਂ ਨੂੰ ਭਲਕੇ ਤੁਹਾਡੇ ਇਥੋਂ ਚਲੇ ਜਾਣ ਸਬੰਧੀ ਉੱਕਾ ਵੀ ਭਰੋਸਾ ਨਹੀਂ ਹੈ ਤੇ ਦਰਅਸਲ ਉਹ ਇਹੀ ਸੋਚਦੇ ਨੇ ਕਿ ਤੁਸੀਂ ਭਲਕੇ ਮੰਦਰ ਵਿਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਹਿਮਾਨਾਂ ਨੂੰ ਸੰਬੋਧਿਤ ਜ਼ਰੂਰ ਕਰੋਗੇ ।
"ਤੇ ਇਸੇ ਲਈ, ਮੈਂ ਇਸ ਸ਼ਰਾਬ ਨੂੰ ਅਖੀਰ ਤੱਕ ਸੰਭਾਲ ਕੇ ਰੱਖਿਆ; ਕਿਉਂ ਕਿ ਜੋ ਕੁਝ ਤੁਸੀਂ ਮੈਨੂੰ ਅੱਜ ਇਸ ਸ਼ਾਮ ਮੌਕੇ ਕਿਹੈ, ਉਸ ਨੇ ਮੇਰੇ ਸਾਰੇ ਭੈਅ ਨੂੰ ਤੇ ਉਨ੍ਹਾਂ ਲੋਕਾਂ ਦੇ ਮੰਤਵ ਨੂੰ ਪੂਰਾ ਕਰਨ ਦੀ ਮੇਰੀ ਇੱਛਾ ਨੂੰ ਪੂਰੀ ਤਰ੍ਹਾਂ ਮਿਟਾ ਦਿੱਤੇ।
"ਮੈਨੂੰ ਮੁਆਫ਼ ਕਰ ਦਿਓ, ਮੇਰੇ ਵੱਡੇ ਵੀਰ, ਮੈਂ ਜੋ ਕੁਝ ਵੀ ਤੁਹਾਡੇ ਨਾਲ ਗਲਤ ਕੀਤਾ ਹੈ, ਉਸ ਦੇ ਲਈ। ਤੁਸੀਂ, ਸਰਬ ਸਾਂਝੇ, ਯਕੀਨਨ ਕਿਸੇ ਵੀ ਤਰ੍ਹਾਂ ਦੇ ਗਲਤ ਵਿਹਾਰ ਦੇ ਹੱਕਦਾਰ ਨਹੀਂ ਹੋ ।"
ਅਲਮੁਸਤਫ਼ਾ ਨੇ ਇਕ ਪਲ ਲਈ ਉਸ ਵੱਲ ਵੇਖਿਆ, ਤੇ ਫੇਰ ਕਿਹਾ-
"ਇਹ ਹਮੇਸ਼ਾ ਹੁੰਦਾ ਆਇਐ, ਜਾਤਜ਼! ਕਿ ਸਿਰਫ਼ ਕਿਸੇ ਤੋਂ ਭੈਅਸਤ ਹੋ ਕੇ ਹੀ ਅਸੀਂ ਉਸ ਨੂੰ ਨੁਕਸਾਨ ਦਾ ਹੱਕਦਾਰ ਸਮਝਦੇ ਹਾਂ। ਕਿਉਂ ਕਿ ਇਕੇਰਾਂ ਅੱਖਾਂ ਚਾਨਣ ਨਾਲ ਭਰਦੀਆਂ ਨੇ, ਤਾਂ ਉਹ ਚਾਨਣ ਨੂੰ ਵੇਖ ਸਕਣ ਦੇ ਸਮਰੱਥ ਹੁੰਦੀਆਂ ਨੇ, ਤੇ ਏਦਾਂ ਉਹ ਇਹ 'ਸੱਚ' ਵੇਖਦੀਆਂ ਨੇ ਕਿ ਸਮੁੱਚਾ ਜੀਵਨ ਸਿਰਫ਼ ਪਿਆਰ ਦਾ ਹੀ ਹੱਕਦਾਰ ਹੈ।
"ਸਾਨੂੰ ਆਪਣੇ ਆਪ ਨੂੰ ਇਸ ਪਵਿੱਤਰ ਬਾਗ਼ ਵਿਚ ਮਾਲੀਆਂ ਵਜੋਂ ਵੇਖਣਾ ਚਾਹੀਦਾ ਹੈ। ਸਾਨੂੰ ਪਿਆਰ ਨਾਲ ਪੌਦਿਆਂ ਦੀ ਗੋਡੀ ਕਰਨੀ ਚਾਹੀਦੀ ਹੈ ਤੇ ਪਿਆਰ ਨਾਲ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ, ਤੇ ਜਦੋਂ ਜ਼ਿੰਦਗੀ ਆਖੇ, ਸਾਨੂੰ ਪਿਆਰ ਨਾਲ ਹੀ ਵਾਧੂ ਘਾਹ-ਪੱਤੀਆਂ ਦੀ ਛੰਗਾਈ ਤੇ ਚੁਣਾਈ ਕਰਨੀ ਚਾਹੀਦੀ ਹੈ।
"ਤੇ ਅਖ਼ੀਰ, ਜਦੋਂ ਹੋਰ ਸਾਰਾ ਕੁਝ ਹੋ ਜਾਏਗਾ, ਅਸੀਂ ਫਸਲ ਦੀ ਕਟਾਈ ਕਰਾਂਗੇ ਤੇ ਪਿਆਰ ਨਾਲ ਆਪਣੇ ਫਲ ਵੰਡਾਂਗੇ। ਤੇ ਏਦਾਂ, ਅਸਲ ਵਿਚ, ਇਥੇ ਸਾਡੀ ਸਮੁੱਚੀ ਬਾਗ਼ਬਾਨੀ ਵਿਚ ਸਿਵਾਇ ਪਿਆਰ ਦੇ ਹੋਰ ਕੁਝ ਵੀ ਨਹੀਂ ਹੈ।
"ਭਰਾਵਾ, ਜੀਵਨ ਨੂੰ ਜ਼ਿੰਦਾ ਰਹਿਣ ਲਈ ਖੇਤਾਂ ਦੇ ਫਲਾਂ ਤੋਂ ਵੀ ਜ਼ਿਆਦਾ ਹੋਰ ਬਹੁਤ ਕੁਝ ਲੋੜੀਂਦਾ ਹੈ; ਜੀਵਨ ਸਿਰਫ਼ ਪਿਆਰ ਨਾਲ ਹੀ ਜੀਅ ਸਕਦਾ ਹੈ।
"ਹਾਂ ਜਾਤਜ਼, ਇਸੇ ਪਿਆਰ ਦਾ ਖਿੱਚਿਆ ਮੈਂ ਇਥੇ ਆਇਆਂ ਤੇ, ਇਸੇ ਤਰ੍ਹਾਂ, ਇਸੇ ਪਿਆਰ ਕਰਕੇ ਮੈਂ ਇਥੇ ਰਹਾਂਗਾ। ਡਰ ਨਾ, ਇਸ ਸ਼ਰਾਬ ਨੂੰ ਬਾਹਰ ਕੱਢ, ਜਿਸ ਨੇ ਆਪਣੇ ਚੁੰਬਨ 'ਚ ਨੀਂਦ ਨੂੰ ਲੁਕੋਇਆ ਹੋਇਐ। -
"ਕਿਉਂ ਕਿ ਉਹ, ਜੋ ਆਉਂਦੇ ਨੇ, ਸਿਰਫ਼ ਮੇਰੀ ਉਸ ਇਕ ਬੰਦੇ ਤੋਂ ਰੱਖਿਆ ਕਰਦੇ ਨੇ, ਜੋ ਮੇਰੀ ਮੌਜੂਦਗੀ 'ਤੇ ਉੱਚੀ-ਉੱਚੀ ਰੋਂਦਾ ਹੈ। ਤੇ ਮੈਂ ਉਸ ਬੰਦੇ ਦੀ ਸੰਗਤ ਵਿਚ ਬੈਠਣ ਲਈ ਸਭ ਤਰ੍ਹਾਂ ਦੀਆਂ ਦੁੱਖ-ਬਿਪਤਾਵਾਂ ਭੁੱਲਾਂਗਾ।"